- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ’ਚ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਜਲੰਧਰ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ; ਮੁਕੰਮਲ ਬੰਦ ਰਹੇ ਬਾਜ਼ਾਰ

ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ : ਡਾ. ਅੰਬੇਡਕਰ ਦੀਆਂ ਸਾਰੀਆਂ ਮੂਰਤੀਆਂ ’ਤੇ ਲੱਗਣਗੇ ਸੀਸੀਟੀਵੀ ਕੈਮਰੇ, ਕੱਚ ਦੇ ਕੈਬਿਨਾਂ ਨਾਲ ਕੀਤੀ ਜਾਵੇਗੀ ਸੁਰੱਖਿਆ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਦਕਰ ਦੇ ਬੁੱਤ ਦੀ ਲੁਧਿਆਣਾ ਵਿਖੇ ਕੀਤੀ ਗਈ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਜਲੰਧਰ ਬੰਦ’ ਦੇ ਸੱਦੇ ਦਾ ਸ਼ਹਿਰ ਵਿੱਚ ਮੁਕੰਮਲ ਬਾਜ਼ਾਰ ਬੰਦ ਰਹੇ ਜਦਕਿ ਦਿਹਾਤੀ ਇਲਾਕਿਆਂ ਵਿਚ ਇਸਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਇਸ ਬੰਦ ਦੌਰਾਨ ਭਗਵਾਨ ਵਾਲਮੀਕਿ ਚੌਕ ਅਤੇ ਇਸ ਦੇ ਆਲੇ-ਦੁਆਲੇ ਦੇ ਪ੍ਰਮੁੱਖ ਬਾਜ਼ਾਰਾਂ ’ਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ, ਜਦਕਿ ਸ਼ਹਿਰ ਦੇ ਬਾਹਰੀ ਹਿੱਸਿਆਂ ’ਚ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸਕੂਲ-ਕਾਲਜ, ਸਰਕਾਰੀ ਅਦਾਰੇ, ਹਸਪਤਾਲ, ਮੈਡੀਕਲ ਸਟੋਰ ਤੇ ਹੋਰ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹੇਣ ਕਾਰਨ ਆਮ ਜਨਜੀਵਨ ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਿਆ। ਸ਼ਹਿਰ ’ਚ ਇਕਾ ਦੁਕਾ ਜਾਮ ਤੋਂ ਬਿਨਾ ਆਵਾਜਾਈ ਸਚਾਰੂ ਢੰਗ ਨਾਲ ਚੱਲਦੀ ਰਹੀ। ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਪਾਰਨ ਦੀ ਕੋਈ ਸੂਚਨਾ ਨਹੀਂ ਹੈ।
---
ਬਾਜ਼ਾਰ ਬੰਦ ਰਹਿਣ ਕਾਰਨ ਬੈਂਕਾਂ 'ਚ ਕੈਸ਼ ਲੈਣ-ਦੇਣ ਰਿਹਾ ਠੱਪ
ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਜ਼ਿਆਦਾਤਰ ਬੰਦ ਰਹੇ ਪਰ ਜਿਥੇ ਇਕਾ ਦੁੱਕਾ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ, ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਬੰਦ ਰੱਖਣ ਦੀ ਅਪੀਲ ਕੀਤੀ, ਜਿਸ ਨੂੰ ਦੁਕਾਨਦਾਰਾਂ ਨੇ ਕਬੂਲਿਆ। ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਬੈਂਕਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਵੀ ਕਰਵਾਇਆ। ਇਸ ਕਾਰਨ ਕਈ ਬੈਂਕ ਸ਼ਾਖਾਵਾਂ ਵਿੱਚ ਨਕਦੀ (ਕੈਸ਼) ਦਾ ਲੈਣ-ਦੇਣ ਪ੍ਰਭਾਵਿਤ ਹੋਇਆ।
---
ਲਾਡੋਵਾਲੀ ਰੋਡ ’ਤੇ ਪੁਲਿਸ ਦੇ ਭਰੋਸੇ ਬਾਅਦ ਖੋਲ੍ਹਿਆ ਜਾਮ
ਘਟਨਾ ਦੇ ਵਿਰੋਧ 'ਚ ਸਿਟੀ ਵਾਲਮੀਕਿ ਸਭਾ ਦੇ ਚੇਅਰਮੈਨ ਰਾਜਕੁਮਾਰ ਰਾਜੂ ਅਤੇ ਪ੍ਰਧਾਨ ਰਾਜੇਸ਼ ਭੱਟੀ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਨੇ ਸਵੇਰੇ 11 ਵਜੇ ਦੇ ਕਰੀਬ ਲਾਡੋਵਾਲੀ ਰੋਡ ’ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ। ਇਸ ਕਾਰਨ ਅਲਾਸਕਾ ਚੌਕ ਤੋਂ ਲੈ ਕੇ ਲਾਡੋਵਾਲੀ ਰੋਡ ਰੇਲਵੇ ਕਰਾਸਿੰਗ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਮੌਕੇ ’ਤੇ ਪਹੁੰਚੇ ਉੱਚ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਧਰਨਾ ਚੁੱਕ ਲਿਆ ਗਿਆ।
---
ਮੂਰਤੀਆਂ 'ਤੇ ਲੱਗਣਗੇ ਸੀਸੀਟੀਵੀ ਤੇ ਕੱਚ ਦੇ ਕੈਬਿਨ
ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਸਾਹਿਬ ਦੀਆਂ ਪ੍ਰਤਿਮਾਵਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਤੇ ਅਹਿਮ ਫ਼ੈਸਲਾ ਲਿਆ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਸਿਟੀ ਵਾਲਮੀਕਿ ਸਭਾ ਦੇ ਵਫਦ ਦੀ ਹੋਈ ਵਿਸ਼ੇਸ਼ ਬੈਠਕ ਦੌਰਾਨ ਡੀ.ਸੀ. ਨੇ ਐਲਾਨ ਕੀਤਾ ਕਿ ਜ਼ਿਲ੍ਹੇ ਭਰ ਵਿਚ ਸਥਾਪਿਤ ਡਾ. ਬੀ.ਆਰ. ਅੰਬੇਡਕਰ ਦੇ ਸਾਰੇ ਬੁੱਤਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਉਨ੍ਹਾਂ ਨੂੰ ਗਲਾਸ ਕੈਬਿਨ ਵਿੱਚ ਸੁਰੱਖਿਅਤ ਕੀਤਾ ਜਾਵੇਗਾ। ਡੀ.ਸੀ. ਨੇ ਸਭਾ ਤੋਂ ਜ਼ਿਲ੍ਹੇ ਵਿੱਚ ਸਥਿਤ ਸਾਰੇ ਬੁੱਤਾਂ ਦੀ ਸੂਚੀ ਮੰਗੀ ਹੈ।
---
ਆਗੂਆਂ ਨੇ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ
ਦੇਰ ਸ਼ਾਮ 'ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ' ਦੇ ਪੰਜਾਬ ਪ੍ਰਧਾਨ ਰਾਜੀਵ ਗੋਰਾ, ਸੁਭਾਸ਼ ਸੋਂਧੀ, ਆਨੰਦ ਬੈਂਸ, ਰਮਨ ਗਿੱਲ ਅਤੇ ਅੱਜੂ ਸਭਰਵਾਲ ਨੇ ਸ਼ਹਿਰ ਵਾਸੀਆਂ ਤੇ ਵਪਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਾਡੇ ਸੰਵਿਧਾਨ ਰਚੇਤਾ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਲਈ ਪ੍ਰੇਰਨਾ ਦੇ ਸਰੋਤ ਹਨ ਅਤੇ ਉਨ੍ਹਾਂ ਦਾ ਅਨਾਦਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਨੇ ਸ਼ਾਂਤਮਈ ਢੰਗ ਨਾਲ ਬੰਦ ਨੂੰ ਸਮਰਥਨ ਦੇ ਕੇ ਆਪਣੀ ਏਕਤਾ ਦਾ ਸਬੂਤ ਦਿੱਤਾ ਹੈ।