- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਜੀਤ ਬੱਲ ਦੀ ਪਲੇਠੀ ਕਾਵਿ ਪੁਸਤਕ ‘ਖਿੱਲਰੇ ਵਰਕੇ’ ਲੋਕ ਅਰਪਣ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਵਿੱਤਰੀ ਬਲਜੀਤ ਬੱਲ ਦੀ ਪਲੇਠੀ ਕਾਵਿ ਪੁਸਤਕ ‘ਖਿੱਲਰੇ ਵਰਕੇ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਤੇ ਜੁਝਾਰੂ ਕਵੀ ਕਾਮਰੇਡ ਦਰਸ਼ਨ ਖਟਕੜ ਨੇ ਕੀਤੀ। ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ‘ਖਿੱਲਰੇ ਵਰਕੇ’ ਦੀਆਂ ਕਵਿਤਾਵਾਂ ਅਪਣੱਤ, ਸਮਾਜਿਕ ਸਾਂਝ ਤੇ ਮਨੁੱਖੀ ਸੰਵੇਦਨਾਵਾਂ ਦੀ ਗੱਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਵਿੱਤਰੀ ਨੇ ਖਲਾਅ ਨੂੰ ਸ਼ਬਦਾਂ ਰਾਹੀਂ ਭਰਨ ਦੀ ਕੋਸ਼ਿਸ਼ ਕਰਦਿਆਂ ਔਰਤ ਦੀ ਵੇਦਨਾ ਤੇ ਉਸ ਦੇ ਅੰਦਰੂਨੀ ਸੰਸਾਰ ਨੂੰ ਨਵੇਂ ਨਜ਼ਰੀਏ ਨਾਲ ਪੇਸ਼ ਕੀਤਾ ਹੈ। ਕਾਮਰੇਡ ਦਰਸ਼ਨ ਖਟਕੜ ਨੇ ਕਿਹਾ ਕਿ ਬਲਜੀਤ ਬੱਲ ਦੀਆਂ ਕਵਿਤਾਵਾਂ ਸਮਾਜਿਕ ਸੀਮਾਵਾਂ, ਹਾਂ-ਪੱਖੀ ਤੇ ਨਾਂਹ-ਪੱਖੀ ਸਥਿਤੀਆਂ ਤੇ ਸਥਾਪਤ ਕਦਰਾਂ-ਕੀਮਤਾਂ ਨਾਲ ਸੰਵਾਦ ਕਰਦੀਆਂ ਹਨ। ਉਨ੍ਹਾਂ ਕਵਿੱਤਰੀ ਤੋਂ ਭਵਿੱਖ ’ਚ ਵੀ ਸਕਾਰਾਤਮਕ ਸੋਚ ਤੇ ਉਸਾਰੂ ਰਚਨਾਵਾਂ ਦੀ ਆਸ ਪ੍ਰਗਟਾਈ। ਡਾ. ਜੌਹਲ ਨੇ ਕਿਹਾ ਕਿ ਸੌ ਤੋਂ ਵੱਧ ਸਫ਼ਿਆਂ ’ਚ ਪ੍ਰਕਾਸ਼ਿਤ ਇਸ ਕਾਵਿ-ਸੰਗ੍ਰਹਿ ਦੀਆਂ ਵੱਖ-ਵੱਖ ਆਕਾਰ ਦੀਆਂ ਕਵਿਤਾਵਾਂ ’ਚ ਅਪਣੱਤ, ਮੁਹੱਬਤ ਤੇ ਮੋਹ ਦੀ ਭਾਵਨਾ ਪ੍ਰਮੁੱਖ ਰੂਪ ’ਚ ਉਭਰਦੀ ਹੈ। ਉਨ੍ਹਾਂ ਕਿਹਾ ਕਿ ਕਵਿੱਤਰੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਨੁੱਖੀ ਰਿਸ਼ਤਿਆਂ ਤੇ ਸੰਵੇਦਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਹੈ। ਨਵਾਂਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਦਵਿੰਦਰ ਕੁਮਾਰ ਨੇ ਕਵਿਤਾ ਦੇ ਬੌਧਿਕ ਤੇ ਸਮਾਜਿਕ ਸੰਦਰਭ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਵਿੱਤਰੀ ਬਲਜੀਤ ਬੱਲ ਨੇ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਆਪਣੇ ਜੁਝਾਰੂ ਕਵੀ ਪਿਤਾ ਫਤਿਹਜੀਤ ਸਿੰਘ ਦੀ ਸਿਰਜੀ ਸਾਹਿਤਕ ਦੁਨੀਆ ਤੋਂ ਮਿਲੇ ਪ੍ਰਭਾਵ ਦਾ ਵੀ ਜ਼ਿਕਰ ਕੀਤਾ। ਸਮਾਗਮ ਦੌਰਾਨ ਕਹਾਣੀਕਾਰ ਮੱਖਣ ਮਾਨ ਵੱਲੋਂ ਲਿਖਿਆ ਪਰਚਾ ਵੀ ਪੜ੍ਹਿਆ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਕਾਮਰੇਡ ਗੁਰਮੀਤ, ਕਾਮਰੇਡ ਚਰੰਜੀ ਲਾਲ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਡਾ. ਸੇਲੈਸ਼ ਤੋਂ ਇਲਾਵਾ ਨਾਟਕਕਾਰ ਜਗੀਰ ਜੋਸ਼ਨ, ਜਸਬੀਰ ਦੀਪ, ਡਾ. ਸ਼ਿਵਰਾਜ, ਇੰਦਰਜੀਤ ਸਿੰਘ ਆਰਟਿਸਟ (ਜਲੰਧਰ), ਭਗਵੰਤ ਰਸੂਲਪੁਰੀ ਅਤੇ ਕਮਲਜੀਤ ਸਮੇਤ ਸਾਹਿਤਕ ਤੇ ਸਮਾਜਿਕ ਖੇਤਰ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਹਾਜ਼ਰ ਸਨ।