
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਲੰਧਰ ’ਚ ਹਾਦਸੇ ਦੀ ਆੜ ’ਚ ਲੱਖਾਂ ਰੁਪਏ ਦੀ ਚੋਰੀ ਦਾ ਸ਼ੱਕ

ਹਾਦਸੇ ਦੀ ਆੜ ’ਚ ਲੱਖਾਂ ਦੀ ਚੋਰੀ ਦਾ ਸ਼ੱਕ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਸ਼ਹਿਰ ’ਚ ਇਕ ਵਪਾਰੀ ਦੀ ਲੱਖਾਂ ਰੁਪਏ ਦੀ ਨਕਦੀ ਗਾਇਬ ਹੋ ਗਈ। ਗੈਸ ਚੁੱਲ੍ਹੇ ਦੇ ਇਕ ਥੋਕ ਡੀਲਰ ਨੇ ਦੋਸ਼ ਲਾਇਆ ਹੈ ਕਿ ਹਾਦਸੇ ਤੇ ਬਾਅਦ ’ਚ ਹੋਏ ਝਗੜੇ ਦੇ ਬਹਾਨੇ ਅਣਪਛਾਤੇ ਉਸ ਦੀ ਥਾਰ ਗੱਡੀ ’ਚ ਰੱਖੇ ਲਗਭਗ 5 ਤੋਂ 6 ਲੱਖ ਰੁਪਏ ਵਾਲੇ ਬੈਗ ਨੂੰ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪੀੜਤ ਦੀ ਪਛਾਣ ਵਿਸ਼ਾਲ ਵਾਸੀ ਬਸਤੀ ਗੁਜਾ ਵਜੋਂ ਹੋਈ ਹੈ, ਜੋ ਸ਼ਾਸਤਰੀ ਮਾਰਕੀਟ ’ਚ ਥੋਕ ਗੈਸ ਚੁੱਲ੍ਹੇ ਦਾ ਕਾਰੋਬਾਰ ਕਰਦਾ ਹੈ। ਉਸ ਨੇ ਦੱਸਿਆ ਵੀਰਵਾਰ ਰਾਤ ਨੂੰ ਦੁਕਾਨ ਬੰਦ ਕਰਨ ਤੋਂ ਨਕਦੀ ਵਾਲਾ ਬੈਗ ਕਾਰ ’ਚ ਰੱਖ ਕੇ ਘਰ ਵਾਪਸ ਆ ਰਿਹਾ ਸੀ। ਰਾਤ 11 ਵਜੇ ਦੇ ਕਰੀਬ ਜਦੋਂ ਉਹ ਗੁਰੂ ਨਾਨਕ ਮਿਸ਼ਨ ਚੌਕ ਦੇ ਸਾਹਮਣੇ ਆਕਸਫੋਰਡ ਹਸਪਤਾਲ ਨੇੜੇ ਪਹੁੰਚਿਆ ਤਾਂ ਉਸਨੇ ਘਰ ਤੋਂ ਇਕ ਫੋਨ ਕਾਲ ਦਾ ਜਵਾਬ ਦੇਣ ਲਈ ਗੱਡੀ ਹੌਲੀ ਕਰ ਦਿੱਤੀ। ਉਸੇ ਸਮੇਂ ਉਸਦੀ ਕਾਰ ਦੀ ਉਸਦੇ ਅੱਗੇ ਜਾ ਰਹੀ ਕਾਰ ਨਾਲ ਮਾਮੂਲੀ ਟੱਕਰ ਹੋ ਗਈ। ਟੱਕਰ ਤੋਂ ਤੁਰੰਤ ਬਾਅਦ ਕਾਰ ’ਚੋਂ ਤਿੰਨ ਨੌਜਵਾਨ ਬਾਹਰ ਨਿਕਲੇ ਤੇ ਮਾਮੂਲੀ ਨੁਕਸਾਨ 'ਤੇ ਬਹਿਸ ਕਰਨ ਤੇ ਗਾਲਾਂ ਕੱਢਣ ਲੱਗ ਪਏ। ਉਸਨੇ ਟੁੱਟੀ ਹੋਈ ਲਾਈਟ ਲਈ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਨੌਜਵਾਨ ਝਗੜਾ ਵਧਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਜ਼ਬਰਦਸਤੀ ਕਾਰ ਦੀਆਂ ਚਾਬੀਆਂ ਖੋਹ ਲਈਆਂ ਤੇ ਹੱਥੋਪਾਈ ਕੀਤੀ। ਹੰਗਾਮੇ ਦੌਰਾਨ ਚਾਬੀਆਂ ਸੜਕ 'ਤੇ ਡਿੱਗ ਪਈਆਂ। ਇਸ ਹਫੜਾ-ਦਫੜੀ ਦੇ ਵਿਚਕਾਰ ਤਿੰਨੋਂ ਨੌਜਵਾਨ ਮੌਕੇ ਤੋਂ ਭੱਜ ਗਏ। ਘਟਨਾ ਤੋਂ ਬਾਅਦ ਜਦੋਂ ਵਿਸ਼ਾਲ ਨੇ ਗੱਡੀ ’ਚ ਰੱਖੇ ਬੈਗ ਦੀ ਜਾਂਚ ਕੀਤੀ ਤਾਂ ਉਹ ਖੁੱਲ੍ਹਾ ਪਿਆ ਸੀ ਤੇ 5 ਤੋਂ 6 ਲੱਖ ਦੀ ਨਕਦੀ ਗਾਇਬ ਸੀ। ਸੂਚਨਾ ਮਿਲਣ 'ਤੇ ਉਸਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਨੰਬਰ 6 ਤੇ ਭਾਰਗੋ ਕੈਂਪ ਦੀਆਂ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ। ਪੁਲਿਸ ਨੇ ਪਹਿਲਾਂ ਸ਼ਾਸਤਰੀ ਮਾਰਕੀਟ ’ਚ ਵਪਾਰੀ ਦੀ ਦੁਕਾਨ ਦਾ ਦੌਰਾ ਕੀਤਾ ਤਾਂ ਜੋ ਨਕਦੀ ਦੀ ਰਕਮ ਦੀ ਪੁਸ਼ਟੀ ਕਰਨ ਲਈ ਕੈਸ਼ ਬਾਕਸ ਤੇ ਲੈਣ-ਦੇਣ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਬਾਅਦ ਆਕਸਫੋਰਡ ਹਸਪਤਾਲ ਤੇ ਆਲੇ-ਦੁਆਲੇ ਦੇ ਖੇਤਰ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ’ਚ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ ਤੇ ਉਹ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।