- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
25 ਸਤੰਬਰ ਨੂੰ ਸਜੇਗਾ ਬਾਬਾ ਸੋਢਲ ਜੀ ਦਾ ਦਰਬਾਰ, ਉਮੜੇਗਾ ਆਸਥਾ ਦਾ ਸੈਲਾਬ

---ਉਦਯੋਗਪਤੀ ਲਲਿਤ ਮਿੱਤਲ ਤੇ ਸ਼ੈਰੀ ਚੱਢਾ ਨੂੰ ਦਿੱਤਾ ਮੇਲੇ ਦਾ ਸੱਦਾ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਇਤਿਹਾਸਕ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਸਾਲਾਨਾ ਮੇਲੇ ਨੂੰ ਲੈ ਕੇ ਜਲੰਧਰ ’ਚ ਹੁਣ ਤੋਂ ਹੀ ਧਾਰਮਿਕ ਰੌਣਕ ਵਧਣ ਲੱਗੀ ਹੈ। 25 ਸਤੰਬਰ ਨੂੰ ਮੁੱਖ ਮੇਲਾ ਸਜੇਗਾ, ਜਿਸ ’ਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਬਾਬਾ ਜੀ ਦੇ ਦਰਬਾਰ ’ਚ ਨਤਮਸਤਕ ਹੋਣ ਲਈ ਪਹੁੰਚਣਗੇ। ਹਰ ਸਾਲ 25 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਸੋਢਲ ਜੀ ਦੇ ਦਰਬਾਰ ਵਿੱਚ ਪਹੁੰਚਦੇ ਹਨ। ਮੁੱਖ ਮੇਲੇ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਸੋਢਲ ਦਰਬਾਰ ਵਿੱਚ ਸੰਗਤ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਮੇਲੇ ਤੋਂ ਬਾਅਦ ਵੀ ਕਈ ਦਿਨਾਂ ਤੱਕ ਧਾਰਮਿਕ ਗਤੀਵਿਧੀਆਂ ਜਾਰੀ ਰਹਿੰਦੀਆਂ ਹਨ।
----------------------
ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਦੇਣ ਦਾ ਸਿਲਸਿਲਾ ਤੇਜ਼
ਮੇਲੇ ਦੀਆਂ ਤਿਆਰੀਆਂ ਦੇ ਨਾਲ-ਨਾਲ ਚੱਢਾ ਬਿਰਾਦਰੀ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਦੇਣ ਦਾ ਸਿਲਸਿਲਾ ਵੀ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ ਬਿਰਾਦਰੀ ਦੇ ਇੱਕ ਵਿਸ਼ੇਸ਼ ਸ਼ਿਸ਼ਟਮੰਡਲ ਨੇ ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵਕ ਲਲਿਤ ਮਿੱਤਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੇਲੇ ਵਿੱਚ ਸ਼ਿਰਕਤ ਕਰਨ ਦਾ ਰਸਮੀ ਸੱਦਾ ਦਿੱਤਾ। ਮੁਲਾਕਾਤ ਦੀ ਅਗਵਾਈ ਚੱਢਾ ਬਿਰਾਦਰੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਪਿਨ ਚੱਢਾ ਬੱਬੀ ਨੇ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ਼ਿਆਮ ਲਾਲ ਚੱਢਾ, ਜੇ.ਬੀ. ਚੱਢਾ ਅਤੇ ਅਤੁਲ ਚੱਢਾ ਸਮੇਤ ਬਿਰਾਦਰੀ ਦੀਆਂ ਹੋਰ ਪ੍ਰਮੁੱਖ ਹਸਤੀਆਂ ਮੌਜੂਦ ਸਨ।
----------------------
ਇੱਕ ਦਿਨ ਦਾ ਨਹੀਂ, ਇੱਕ ਹਫ਼ਤੇ ਦਾ ਮੇਲਾ
ਵਿਪਿਨ ਚੱਢਾ ਬੱਬੀ ਨੇ ਕਿਹਾ ਕਿ ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਲੋਕਾਂ ਦੀ ਡੂੰਘੀ ਆਸਥਾ ਨਾਲ ਜੁੜਿਆ ਹੋਇਆ ਹੈ। ਮੁੱਖ ਮੇਲਾ 25 ਸਤੰਬਰ ਨੂੰ ਹੋਵੇਗਾ ਪਰ ਇਸ ਦੀਆਂ ਰੌਣਕਾਂ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਮੁੱਖ ਮੇਲੇ ਤੋਂ ਬਾਅਦ ਵੀ ਕਈ ਦਿਨਾਂ ਤੱਕ ਮੰਦਰ ਪਰਿਸਰ ਵਿੱਚ ਸ਼ਰਧਾਲੂਆਂ ਦੀ ਭੀੜ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸ਼ਰਧਾਲੂ ਵੀ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਮਨੋਕਾਮਨਾਵਾਂ ਮੰਗਦੇ ਹਨ। ਮੰਨਤ ਪੂਰੀ ਹੋਣ ’ਤੇ ਪਰਿਵਾਰ ਢੋਲ-ਢਮੱਕਿਆਂ ਅਤੇ ਬੈਂਡ-ਬਾਜਿਆਂ ਨਾਲ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਸ਼ੁਕਰਾਨਾ ਕਰਦੇ ਹਨ।
----------------------
ਰੋਟ ਦੇ ਪ੍ਰਸਾਦ ਨਾਲ ਨਿਭਾਈ ਜਾਂਦੀ ਹੈ ਧਾਰਮਿਕ ਪਰੰਪਰਾ
ਮੇਲੇ ਦੌਰਾਨ ਚੱਢਾ ਬਿਰਾਦਰੀ, ਆਨੰਦ ਬਿਰਾਦਰੀ ਸਮੇਤ ਵੱਖ-ਵੱਖ ਪਰਿਵਾਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਰੋਟ ਦਾ ਪ੍ਰਸਾਦ ਤਿਆਰ ਕਰਕੇ ਬਾਬਾ ਜੀ ਨੂੰ ਭੋਗ ਲਗਾਇਆ ਜਾਂਦਾ ਹੈ। ਇਸ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਸਾਲਾਂ ਤੋਂ ਚੱਲੀ ਆ ਰਹੀ ਇਹ ਪਰੰਪਰਾ ਬਾਬਾ ਸੋਢਲ ਮੇਲੇ ਦੀ ਧਾਰਮਿਕ ਪਛਾਣ ਦਾ ਅਹਿਮ ਹਿੱਸਾ ਹੈ।
----------------------
ਲਲਿਤ ਮਿੱਤਲ ਨੇ ਕੀਤੀ ਬਿਰਾਦਰੀ ਦੇ ਉਪਰਾਲੇ ਦੀ ਸ਼ਲਾਘਾ
ਸੱਦਾ-ਪੱਤਰ ਪ੍ਰਾਪਤ ਕਰਨ ਉਪਰੰਤ ਉਦਯੋਗਪਤੀ ਅਤੇ ਸਮਾਜ ਸੇਵਕ ਲਲਿਤ ਮਿੱਤਲ ਨੇ ਚੱਢਾ ਬਿਰਾਦਰੀ ਵੱਲੋਂ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਪ੍ਰਚਾਰ-ਪ੍ਰਸਾਰ ਅਤੇ ਧਾਰਮਿਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼ਿਸ਼ਟਮੰਡਲ ਦਾ ਧੰਨਵਾਦ ਕਰਦਿਆਂ ਆਪਣੇ ਸਾਥੀਆਂ ਸਮੇਤ ਮੇਲੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਭਰੋਸਾ ਦਿੱਤਾ।
-------------------------
ਕੌਂਸਲਰ ਸ਼ੈਰੀ ਚੱਢਾ ਨੂੰ ਮੇਲੇ ਦਾ ਸੱਦਾ
ਚੱਢਾ ਬਿਰਾਦਰੀ ਦੇ ਪ੍ਰਧਾਨ ਵਿਪਨ ਚੱਢਾ (ਬੱਬੀ), ਜਨਰਲ ਸਕੱਤਰ ਸੰਜੇ ਚੱਢਾ, ਉਪ ਪ੍ਰਧਾਨ ਜੇ.ਬੀ. ਚੱਢਾ ਅਤੇ ਬਿਪਿਨ ਚੱਢਾ ਨੇ ਵਾਰਡ ਨੰਬਰ 28 ਦੇ ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਨੂੰ 25 ਸਤੰਬਰ ਨੂੰ ਹੋਣ ਵਾਲੇ ਬਾਬਾ ਸੋਢਲ ਮੇਲੇ ਅਤੇ 20 ਸਤੰਬਰ ਦੀ ਝੰਡੇ ਦੀ ਰਸਮ ਦਾ ਸੱਦਾ-ਪੱਤਰ ਦਿੱਤਾ। ਕੌਂਸਲਰ ਸ਼ੈਰੀ ਚੱਢਾ ਨੇ ਸੱਦਾ ਸਵੀਕਾਰ ਕਰਦਿਆਂ ਸ਼ਰਧਾਲੂਆਂ ਨੂੰ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।