- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸੰਪੰਨ, ਪਹਿਲੇ ਦਿਨ 32 ਲੱਖ ਤੋਂ ਵੱਧ ਚੜ੍ਹਾਵੇ ਦੀ ਗਿਣਤੀ

ਮੰਦਰ ਦੇ ਬਾਹਰ ਲਗਾਏ ਬੈਰੀਕੇਡ ਹਟਾਏ
ਮੰਦਰ ਮਾਰਗ ’ਤੇ ਆਵਾਜਾਈ ਹੋਈ ਆਮ ਵਾਂਗ
ਬਾਜ਼ਾਰ ਤੇ ਝੂਲੇ ਅਜੇ ਵੀ ਰਹਿਣਗੇ ਸਜੇ
ਜਾਸ, ਜਲੰਧਰ : ਪਿਛਲੇ ਕਰੀਬ ਚਾਰ ਦਿਨਾਂ ਤੋਂ ਜਾਰੀ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਐਤਵਾਰ ਨੂੰ ਸੰਪੰਨ ਹੋ ਗਿਆ। ਸ਼ਰਧਾਲੂਆਂ ਦੀ ਆਮਦ ਘਟਣ ਤੋਂ ਬਾਅਦ ਪੁਲਿਸ ਵੱਲੋਂ ਮੰਦਰ ਦੇ ਬਾਹਰ ਲਗਾਏ ਗਏ ਬੈਰੀਕੇਡ ਹਟਾ ਦਿੱਤੇ ਗਏ ਹਨ। ਇਸ ਤੋਂ ਬਾਅਦ ਮੰਦਰ ਨੂੰ ਜਾਂਦੇ ਸਾਰੇ ਮਾਰਗਾਂ ’ਤੇ ਆਵਾਜਾਈ ਆਮ ਵਾਂਗ ਹੋ ਗਈ ਹੈ। ਹਾਲਾਂਕਿ ਮੰਦਰ ਨੂੰ ਜਾਂਦੇ ਰਸਤਿਆਂ ’ਤੇ ਅਜੇ ਵੀ ਦੁਕਾਨਾਂ ਤੇ ਝੂਲੇ ਸਜੇ ਹੋਏ ਹਨ, ਜਿੱਥੇ ਲੋਕ ਖ਼ਰੀਦਦਾਰੀ ਕਰਨ ਦੇ ਨਾਲ-ਨਾਲ ਝੂਲਿਆਂ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਐਤਵਾਰ ਨੂੰ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਟਰੱਸਟ ਵੱਲੋਂ ਮੇਲੇ ਦੌਰਾਨ ਸ਼ਰਧਾਲੂਆਂ ਵੱਲੋਂ ਅਰਪਿਤ ਕੀਤੇ ਗਏ ਚੜ੍ਹਾਵੇ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ। ਪਹਿਲੇ ਦਿਨ 32 ਲੱਖ ਰੁਪਏ ਤੋਂ ਵੱਧ ਦੇ ਚੜ੍ਹਾਵੇ ਦੀ ਗਿਣਤੀ ਕੀਤੀ ਗਈ। ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਭਾਵੇਂ ਅਨੰਤ ਚੌਦਸ ਵਾਲੇ ਦਿਨ ਹੁੰਦਾ ਹੈ ਪਰ ਇਸ ਤੋਂ ਕਈ ਦਿਨ ਪਹਿਲਾਂ ਤੇ ਕਈ ਦਿਨ ਬਾਅਦ ਵੀ ਸ਼ਰਧਾਲੂਆਂ ਦੀ ਆਮਦ ਕਾਰਨ ਮੇਲੇ ਦੀ ਰੌਣਕ ਬਰਕਰਾਰ ਰਹਿੰਦੀ ਹੈ। ਇਹੀ ਕਾਰਨ ਹੈ ਕਿ 25 ਸਤੰਬਰ ਨੂੰ ਅਨੰਤ ਚੌਦਸ ਦੇ ਦੋ ਦਿਨ ਬਾਅਦ ਵੀ ਸ਼ਰਧਾਲੂਆਂ ਦੀ ਆਮਦ ਜਾਰੀ ਰਹੀ। ਹਾਲਾਂਕਿ ਸ਼ਰਧਾਲੂਆਂ ਦੀ ਭੀੜ ਪਹਿਲਾਂ ਦੇ ਮੁਕਾਬਲੇ ਘੱਟ ਹੋ ਗਈ ਹੈ ਪਰ ਬਾਬਾ ਜੀ ਪ੍ਰਤੀ ਆਸਥਾ ਰੱਖਣ ਵਾਲੇ ਸ਼ਰਧਾਲੂ ਅਜੇ ਵੀ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।
--------------------------
ਬਾਕਸ-
ਕੁੱਲ 36 ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਵਾਇਆ
ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਇਸ ਵਾਰ ਕੁੱਲ 36 ਬੱਚੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਵਿਛੜ ਗਏ ਸਨ। ਇਨ੍ਹਾਂ ਬੱਚਿਆਂ ਨੂੰ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਟਰੱਸਟ ਤੇ ਪੁਲਿਸ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾ ਦਿੱਤਾ ਗਿਆ। ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਵੱਲੋਂ ਲਗਾਏ ਗਏ ਮੰਚ ’ਤੇ ਅਨਾਊਂਸਮੈਂਟ ਕਰਨ ਵਾਲੇ ਸੇਵਾਦਾਰ ਸੌਰਭ ਸ਼ਰਮਾ ਨੇ ਦੱਸਿਆ ਕਿ ਛੋਟੀਆਂ-ਛੋਟੀਆਂ ਲਾਪਰਵਾਹੀਆਂ ਕਾਰਨ ਹੀ ਬੱਚੇ ਆਪਣੇ ਪਰਿਵਾਰਾਂ ਤੋਂ ਵਿਛੜੇ ਸਨ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਵਾਉਣ ਤੋਂ ਬਾਅਦ ਪੁਲਿਸ ਵੱਲੋਂ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ।
------------------------------
ਬਾਕਸ-
ਚੜ੍ਹਾਵਾ ਟਰੱਸਟ ਦੇ ਖਾਤੇ ’ਚ ਹੋਵੇਗਾ ਜਮ੍ਹਾਂ
ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਟਰੱਸਟ ਦੇ ਦਫ਼ਤਰ ’ਚ ਐਤਵਾਰ ਨੂੰ ਚੜ੍ਹਾਵੇ ਦੀ ਗਿਣਤੀ ਸ਼ੁਰੂ ਕੀਤੀ ਗਈ। ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਟਰੱਸਟ ਦੇ ਜਨਰਲ ਸਕੱਤਰ ਤਰਸੇਮ ਕਪੂਰ ਤੇ ਖ਼ਜ਼ਾਨਚੀ ਸੁਰੇਸ਼ ਚੱਢਾ ਵੱਲੋਂ ਮੈਂਬਰਾਂ ਦੇ ਸਹਿਯੋਗ ਨਾਲ ਚੜ੍ਹਾਵੇ ਦੀ ਗਿਣਤੀ ਕੀਤੀ ਗਈ। ਐਤਵਾਰ ਨੂੰ ਕੁੱਲ 32,75,200 ਰੁਪਏ ਦੇ ਚੜ੍ਹਾਵੇ ਦੀ ਗਿਣਤੀ ਕੀਤੀ ਗਈ। ਤਰਸੇਮ ਕਪੂਰ ਤੇ ਸੁਰੇਸ਼ ਚੱਢਾ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਚੜ੍ਹਾਵੇ ਦੀ ਗਿਣਤੀ ਜਾਰੀ ਰਹੇਗੀ। ਇਸ ਤੋਂ ਬਾਅਦ ਇਹ ਰਕਮ ਟਰੱਸਟ ਦੇ ਬੈਂਕ ਖਾਤੇ ’ਚ ਜਮ੍ਹਾਂ ਕਰਵਾਈ ਜਾਵੇਗੀ।