ਧਾਰਮਿਕ ਸਮਾਗਮਾਂ ਦੀ ਲੜੀ 23 ਨੂੰ ਮੁੱਖ ਸਮਾਗਮ ਉਪਰੰਤ ਹੋਵੇਗੀ ਸੰਪੰਨ ਭਨਿਆਰਾ ਵਾਲੀ ਸ਼੍ਰੀ ਇਤਿਹਾਸਗੜ੍ਹ ਸਾਹਿਬ ਵਿਖੇ ਚੱਲ ਰਹੀ ਧਾਰਮਿਕ ਸਮਾਗਮਾਂ ਦੀ ਲੜੀ 23 ਨੂੰ ਮੁੱਖ ਸਮਾਗਮ ਉਪਰੰਤ ਹੋਵੇਗੀ ਸੰਪੰਨ
Publish Date: Thu, 13 Aug 2026 08:04 PM (IST)
Updated Date: Fri, 14 Aug 2026 04:06 AM (IST)
* ਭਨਿਆਰਾ ਵਾਲੀ ਸ਼੍ਰੀ ਇਤਿਹਾਸਗੜ੍ਹ ਸਾਹਿਬ ਵਿਖੇ ਬਾਬਾ ਪਿਆਰਾ ਸਿੰਘ ਦਾ 70ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹੈ * ਸਮਾਗਮ ਨੂੰ ਲੈ ਕੇ ਦੇਸ਼ਾਂ-ਵਿਦੇਸ਼ਾਂ ’ਚ ਵੱਸਦੀ ਸੰਗਤ ’ਚ ਪਾਇਆ ਜਾ ਰਿਹਾ ਉਤਸ਼ਾਹ ਦਵਿੰਦਰ ਕੁਮਾਰ, ਪੰਜਾਬੀ ਜਾਗਰਣ ਜਲੰਧਰ : ਸਰਬ ਧਰਮ ਤੀਰਥ ਧਰਮਕਲਾ ਅਸਥਾਨ ਭਨਿਆਰਾ ਵਾਲੀ ਸ਼੍ਰੀ ਇਤਿਹਾਸਗੜ੍ਹ ਸਾਹਿਬ ਵਿਖੇ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਿਆਂ ਦਾ 70ਵਾਂ ਜਨਮ ਦਿਹਾੜਾ ਹਰ ਸਾਲ ਵਾਂਗ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮਾਂ ਦੀ ਲੜੀ 12 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ, ਜੋ 23 ਅਗਸਤ ਨੂੰ ਹੋਣ ਵਾਲੇ ਮੁੱਖ ਸਮਾਗਮ ਉਪਰੰਤ ਸੰਪੰਨ ਹੋਵੇਗੀ। 23 ਅਗਸਤ ਨੂੰ ਹੋਣ ਵਾਲੇ ਮੁੱਖ ਜਨਮ ਦਿਹਾੜਾ ਸਮਾਗਮ ਨੂੰ ਲੈ ਕੇ ਸ਼੍ਰੀ ਇਤਿਹਾਸਗੜ੍ਹ ਸਾਹਿਬ ਵਿਖੇ ਤਿਆਰੀਆਂ ਚੱਲ ਰਹੀਆਂ ਹਨ। ਇਨ੍ਹਾਂ ਸਮਾਗਮਾਂ ਦੌਰਾਨ ਧਾਰਮਿਕ ਪਵਿੱਤਰ ਗ੍ਰੰਥਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸਮਾਗਮਾਂ ਦਾ ਉਦੇਸ਼ ਸੰਗਤ ਨੂੰ ਧਾਰਮਿਕ ਤੇ ਰੂਹਾਨੀ ਮਾਹੌਲ ਨਾਲ ਜੋੜਨਾ ਤੇ ਸ਼ਰਧਾ ਭਾਵਨਾ ਨਾਲ ਜਨਮ ਦਿਹਾੜਾ ਮਨਾਉਣਾ ਹੈ। ਇਨ੍ਹਾਂ ਸਮਾਗਮਾਂ ਤਹਿਤ 22 ਅਗਸਤ ਨੂੰ ਦੀਪ ਮਾਲਾ ਦਾ ਵਿਸ਼ੇਸ਼ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਅਸਥਾਨ ਨੂੰ ਦੀਵਿਆਂ ਤੇ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ ਅਤੇ ਸੰਗਤ ਵੱਲੋਂ ਸ਼ਰਧਾ ਨਾਲ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ ਜਾਵੇਗੀ। 23 ਅਗਸਤ ਨੂੰ ਬਾਬਾ ਪਿਆਰਾ ਸਿੰਘ ਦੇ 70ਵੇਂ ਜਨਮ ਦਿਹਾੜੇ ਦਾ ਮੁੱਖ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਬਾਬਾ ਸਤਿਨਾਮ ਸਿੰਘ ਵੱਲੋਂ ਖੁੱਲ੍ਹੇ ਪੰਡਾਲ ’ਚ ਰੂਹਾਨੀ ਸਤਿਸੰਗ ਕੀਤਾ ਜਾਵੇਗਾ। ਇਸ ਸਤਿਸੰਗ ’ਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਪੁੱਜਣ ਵਾਲੀ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜਨਮ ਦਿਹਾੜੇ ਦੇ ਸਮਾਗਮ ਨੂੰ ਲੈ ਕੇ ਦੇਸ਼ਾਂ-ਵਿਦੇਸ਼ਾਂ ’ਚ ਵੱਸਦੀ ਸੰਗਤ ’ਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਤ ਨੂੰ ਰਹਿਣ, ਖਾਣ-ਪੀਣ ਜਾਂ ਹੋਰ ਕਿਸੇ ਕਿਸਮ ਦੀ ਤੰਗੀ ਨਾ ਆਵੇ, ਇਸ ਲਈ ਪ੍ਰਬੰਧਕਾਂ ਵੱਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ।