- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਖਾਲਸਾ ਗਰਲਜ਼ ਹਾਈ ਸਕੂਲ ਸੁਰਾਜਗੰਜ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : “ਵਿਸ਼ਵ ਨਿਮੋਨੀਆ ਦਿਵਸ” ਮੌਕੇ ਜਨ ਜਾਗਰੂਕਤਾ ਤਹਿਤ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਲਾਇਲਪੁਰ ਖਾਲਸਾ ਗਰਲਜ਼ ਸਕੂਲ ਸੁਰਾਜਗੰਜ (ਜਲੰਧਰ) ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਕਿਰਨ ਨੇ ਦੱਸਿਆ ਕਿ ਹਰ ਸਾਲ 12 ਨਵੰਬਰ ਨੂੰ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਪ੍ਰਤੀ ਸੁਚੇਤ ਕਰਨ ਲਈ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਨਿਮੋਨੀਆ ਨੂੰ ਜੜ੍ਹੋਂ ਖਤਮ ਕਰਨ ਲਈ 12 ਨਵੰਬਰ 2026 ਤੋਂ 28 ਫਰਵਰੀ 2027 ਤੱਕ ਵਿਸ਼ੇਸ਼ ‘ਸਾਂਸ’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਉਹ ਜਲਦੀ ਇਸ ਲਾਗ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਲੱਛਣ ਦਿਖਾਈ ਦੇਣ 'ਤੇ ਘਰੇਲੂ ਨੁਸਖਿਆਂ ਦੀ ਬਜਾਏ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ’ਚ ਜਾ ਕੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸੈਮੀਨਾਰ ਦੌਰਾਨ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਵੀ ਇਸ ਜਾਗਰੂਕਤਾ ਮੁਹਿੰਮ ’ਚ ਭਰਵਾਂ ਸਹਿਯੋਗ ਦਿੱਤਾ ਗਿਆ ਤੇ ਬਿਮਾਰੀ ਤੋਂ ਬਚਾਅ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਅਖੀਰ ’ਚ ਡਾ. ਕਿਰਨ ਨੇ ਸਕੂਲ ਮੁਖੀਅਲਕਾ ਤਹਿਰਾਨ ਤੇ ਸਕੂਲ ਦੇ ਸਟਾਫ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਦੀ ਵੀ ਸ਼ਲਾਗਾ ਕੀਤੀ।
--------------------
ਨਿਮੋਨੀਆ ਨੂੰ ਮਾਤ ਦੇਣ ਲਈ ਸਮੇਂ ਸਿਰ ਸਹੀ ਇਲਾਜ ਜ਼ਰੂਰੀ : ਸਿਵਲ ਸਰਜਨ
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਨਿਮੋਨੀਆ ਇਕ ਇਲਾਜਯੋਗ ਬਿਮਾਰੀ ਹੈ, ਬਸ਼ਰਤੇ ਇਸ ਦੀ ਪਛਾਣ ਸਹੀ ਸਮੇਂ 'ਤੇ ਹੋ ਜਾਵੇ। ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ 'ਸਾਂਸ 2026-27' ਮੁਹਿੰਮ ਦਾ ਮੁੱਖ ਮੰਤਵ ਸਮਾਜਿਕ ਜਾਗਰੂਕਤਾ ਰਾਹੀਂ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣਾ ਹੈ। ਉਨ੍ਹਾਂ ਸਮੂਹ ਮਾਪਿਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਸੰਪੂਰਨ ਤੇ ਨਿਯਮਿਤ ਟੀਕਾਕਰਨ (ਖਾਸ ਕਰਕੇ ਪੀਸੀਵੀ ਵੈਕਸੀਨ) ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ’ਚ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਢ ਤੇ ਧੂੰਏਂ (ਪ੍ਰਦੂਸ਼ਣ) ਤੋਂ ਬਚਾ ਕੇ ਰੱਖੋ, ਸੰਤੁਲਿਤ ਤੇ ਪੌਸ਼ਟਿਕ ਆਹਾਰ ਦਿਓ ਤੇ ਹੱਥਾਂ ਦੀ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖੋ। ਜੇ ਕਿਸੇ ਵੀ ਬੱਚੇ ਜਾਂ ਬਜ਼ੁਰਗ ਨੂੰ ਸਾਹ ਲੈਣ ’ਚ ਦਿੱਕਤ ਜਾਂ ਤੇਜ਼ ਬੁਖਾਰ ਹੋਵੇ ਤਾਂ ਬਿਨਾਂ ਕਿਸੇ ਦੇਰੀ ਦੇ ਨੇੜਲੇ ਸਰਕਾਰੀ ਹਸਪਤਾਲ ’ਚ ਜਾਂਚ ਤੇ ਇਲਾਜ ਲਈ ਸੰਪਰਕ ਕਰੋ।