- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਸਤਕ ‘ਸਾਵਰਕਰ (ਕਾਲਾ ਪਾਣੀ ਤੇ ਉਸ ਤੋਂ ਬਾਅਦ)’ ਲੋਕ ਅਰਪਣ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਪੰਜਾਬ ਪ੍ਰੈੱਸ ਕਲਬ ਵਿਖੇ ਪੰਜਾਬੀ ਸਾਹਿਤ ਤੇ ਇਤਿਹਾਸ ਦੇ ਖੇਤਰ ’ਚ ਇਕ ਅਹਿਮ ਕਦਮ ਵਧਾਉਂਦਿਆਂ ਲੇਖਕ ਅਸ਼ੋਕ ਕੁਮਾਰ ਪਾਂਡੇ ਦੀ ਪੁਸਤਕ ‘ਸਾਵਰਕਰ (ਕਾਲਾ ਪਾਣੀ ਤੇ ਉਸ ਤੋਂ ਬਾਅਦ)’ ਦੇ ਪੰਜਾਬੀ ਅਨੁਵਾਦ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰਦੀਪ ਦੌਧਰੀਆ ਵੱਲੋਂ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ ਨੇ ਸ਼ਿਰਕਤ ਕੀਤੀ। ਉਨ੍ਹਾਂ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਹਰ ਪੰਜਾਬੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜਿਨਾਂ ਨੇ ਅਣਖਾਂ ਦੀ ਖਾਤਰ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਪਰ ਮਾਫੀਨਾਮਾ ਨਹੀਂ ਮੰਗਿਆ। ਇਹ ਪੁਸਤਕ ਸਮਾਜ ਦੇ ਅਜੋਕੇ ਹਾਲਾਤਾਂ ਬਾਰੇ ਵੀ ਚਾਨਣਾ ਪਾਉਂਦੀ ਹੈ। ਪੁਸਤਕ ’ਚ ਇਤਿਹਾਸਕ ਪੱਖਾਂ ਤੇ ‘ਕਾਲਾ ਪਾਣੀ’ ਦੇ ਦੌਰ ਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਨੂੰ ਲੈ ਕੇ ਚਰਚਾ ਵੀ ਕੀਤੀ ਗਈ ਹੈ।
ਪ੍ਰਦੀਪ ਦੌਧਰੀਆ ਵੱਲੋਂ ਕੀਤੇ ਗਏ ਅਨੁਵਾਦ ਦੀ ਸ਼ਲਾਘਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਸਰਲ ਸ਼ਬਦਾਵਲੀ ਵਰਤੀ ਗਈ ਹੈ। ਪੁਸਤਕ ਦੇ ਮੂਲ ਲੇਖਕ ਅਸ਼ੋਕ ਕੁਮਾਰ ਪਾਂਡੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਪੁਸਤਕ ਇਸ ਲਈ ਹਰ ਭਾਰਤ ਵਾਸੀ ਖਾਸ ਕਰ ਪੰਜਾਬੀਆਂ ਨੂੰ ਪੜ੍ਹਨਾ ਜ਼ਰੂਰੀ ਹੈ ਜੋ ਅੱਜ ਅੰਗਰੇਜ਼ਾਂ ਵੱਲੋਂ ਚਲਾਈ ਗਈ ਪਾੜੋ ’ਤੇ ਰਾਜ ਕਰੋ ਦੀ ਨੀਤੀ ਦਾ ਜ਼ਹਿਰ ਸਮਾਜ ’ਚ ਫੈਲਾਇਆ ਗਿਆ ਸੀ ਉਸ ਦਾ ਬੀਜ ਕਿੱਥੋਂ ਪੈਦਾ ਹੋਇਆ ਤੇ ਕਿਸ ਤਰ੍ਹਾਂ ਵੱਧ ਕੇ ਅੱਜ ਦਰਖਤ ਦਾ ਰੂਪ ਧਾਰਨ ਕਰਕੇ ਸਾਰੇ ਪਾਸੇ ਨਫਰਤ ਦੀ ਰਾਜਨੀਤੀ ਫੈਲਾ ਰਿਹਾ ਹੈ ਬਾਰੇ ਚਾਨਣਾ ਪਾਉਂਦੀ ਹੈ। ਇਸ ਮੌਕੇ ਦੂਰਦਰਸ਼ਨ ਕੇਂਦਰ ਦੇ ਸਾਬਕਾ ਪ੍ਰੋਗਰਾਮ ਮੁੱਖੀ ਪੁਨੀਤ ਸਹਿਗਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ’ਚ ਪੁੱਜੇ। ਉਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸਿਕ ਪੱਖ ਤੋਂ ਮਜਬੂਤ ਅਜਿਹੀਆਂ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਪੁਸਤਕ ਦੇ ਪੰਜਾਬੀ ਅਨੁਵਾਦਕ ਪ੍ਰਦੀਪ ਦੌਧਰੀਆ ਸਮਾਗਮ ’ਚ ਆਏ ਮਹਿਮਾਨਾਂ ਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ।
ਉਨਾਂ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਉਹ ਅੰਡੇਮਾਨ ਗਏ ਤੇ ਉਥੇ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਤੋਂ ਬਾਅਦ ਵੀਰ ਸਵਾਰਕਰ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਗਟ ਹੋਈ ਤੇ ਇਸ ਕਿਤਾਬ ਦਾ ਅਨੁਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ਸਾਹਿਤ ਦੀ ਝੋਲੀ ਇਕ ਹੋਰ ਅਨੁਵਾਦਕ ਕਿਤਾਬ ਵੀਹਵੀਂ ਸਦੀ ਦੇ ਤਾਨਾਸ਼ਾਹ ਪਾਉਣ ਜਾ ਰਹੇ ਹਨ। ਇਸ ਮੌਕੇ ਡਾ. ਰਾਜੀਵ ਦਿਓਲ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਉਪ ਪ੍ਰਧਾਨ ਤੇਜਿੰਦਰ ਕੌਰ ਥਿੰਦ, ਸਾਬਕਾ ਪ੍ਰੋਗਰਾਮ ਮੁਖੀ ਦੂਰਦਰਸ਼ਨ ਕੇਵਲ ਕ੍ਰਿਸ਼ਨ, ਬਲਵਿੰਦਰ ਬਾਲੂ, ਸੇਵਾ ਮੁਕਤ ਐਂਕਰ ਆਕਾਸ਼ਵਾਣੀ ਸੁਖਜੀਤ ਕੌਰ, ਸੇਵਾ ਮੁਕਤ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।