- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਥਨ’ ਪ੍ਰਕਲਪ ਦੇ ਸਹਿਯੋਗ ਲਈ ਸੱਤ ਰੋਜ਼ਾ ਵਿਸ਼ਾਲ ‘ਸ਼੍ਰੀ ਰਾਮ ਕਥਾ ਅੰਮ੍ਰਿਤ’ ਦਾ ਸ਼ੁਭ ਆਰੰਭ

-ਸਾਧਵੀ ਸ਼੍ਰੇਆ ਭਾਰਤੀ ਨੇ ਪਹਿਲੇ ਦਿਨ ‘ਰਾਮ ਕਥਾ ਮਹਾਤਮ’ ਬਾਰੇ ਪਾਇਆ ਚਾਨਣਾ
ਕਿਹਾ-ਨੌਜਵਾਨ ਪੀੜ੍ਹੀ ਤਣਾਅ, ਭਟਕਾਅ ਤੇ ਆਪਣੀ ਪਛਾਣ ਦੇ ਸੰਕਟ ਨਾਲ ਜੂਝ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਚਲਾਏ ਜਾ ਰਹੇ ਸਮਾਜਿਕ ਪ੍ਰਕਲਪ ‘ਮੰਥਨ’ ਦੇ ਸਹਿਯੋਗ ਲਈ ਸੱਤ ਰੋਜ਼ਾ ਵਿਸ਼ਾਲ ‘ਸ਼੍ਰੀ ਰਾਮ ਕਥਾ ਅੰਮ੍ਰਿਤ’ ਦਾ ਸ਼ੁਭ ਆਰੰਭ ਸਾਈਂ ਦਾਸ ਸਕੂਲ ਗਰਾਊਂਡ ਹੋਇਆ। 22 ਤੋਂ 28 ਨਵੰਬਰ ਤੱਕ ਰੋਜ਼ਾਨਾ ਸ਼ਾਮ 6 ਤੋਂ ਰਾਤ 9 ਵਜੇ ਤੱਕ ਚੱਲਣ ਵਾਲੀ ਇਸ ਕਥਾ ਦਾ ਵਿਆਖਿਆਨ ਕਰਨ ਲਈ ਸੰਸਥਾਨ ਦੇ ਦੀ ਵਿਸ਼ਵ ਪ੍ਰਸਿੱਧ ਕਥਾ ਵਿਆਸ ਸਾਧਵੀ ਸ਼੍ਰੇਆ ਭਾਰਤੀ ਆਪਣੀ ਸੰਤ ਮੰਡਲੀ ਸਮੇਤ ਕਥਾ ਸ਼ੁਰੂ ਕੀਤੀ। ਕਥਾ ਦੇ ਪਹਿਲੇ ਦਿਨ ਉਨ੍ਹਾਂ ਨੇ ‘ਰਾਮ ਕਥਾ ਮਹਾਤਮ’, ‘ਰਾਮ ਕੌਣ ਹਨ ਤੇ ਉਨ੍ਹਾਂ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ’ ਤੇ ‘ਅੱਜ ਦੀ ਨੌਜਵਾਨ ਪੀੜ੍ਹੀ ਲਈ ਸ਼੍ਰੀ ਰਾਮ ਕਥਾ ਕਿਉਂ ਜ਼ਰੂਰੀ ਹੈ’ ਵਰਗੇ ਗੰਭੀਰ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਕਥਾ ਦੌਰਾਨ ਸਾਧਵੀ ਨੇ ਕਿਹਾ ਕਿ ‘ਰਾਮ’ ਸਿਰਫ਼ ਦਸ਼ਰਥ ਨੰਦਨ ਜਾਂ ਕੋਈ ਇਤਿਹਾਸਕ ਪਾਤਰ ਹੀ ਨਹੀਂ ਹਨ, ਸਗੋਂ ਉਹ ਹਰ ਜੀਵ ਦੇ ਅੰਦਰ ਵੱਸਣ ਵਾਲੀ ਸਦੀਵੀ ਚੇਤਨਾ ਹਨ। ਉਨ੍ਹਾਂ ਨੂੰ ਸਿਰਫ਼ ਬਾਹਰੀ ਕਰਮਕਾਂਡਾਂ ਰਾਹੀਂ ਨਹੀਂ, ਬਲਕਿ ‘ਬ੍ਰਹਮ ਗਿਆਨ’ (ਆਤਮ-ਸਾਕਸ਼ਾਤਕਾਰ) ਰਾਹੀਂ ਅੰਦਰ ਹੀ ਜਾਣਿਆ ਤੇ ਅਨੁਭਵ ਕੀਤਾ ਜਾ ਸਕਦਾ ਹੈ। ਅੱਜ ਦੇ ਡਿਜੀਟਲ ਤੇ ਤੇਜ਼ ਰਫ਼ਤਾਰ ਵਾਲੇ ਯੁੱਗ ’ਚ ਨੌਜਵਾਨ ਪੀੜ੍ਹੀ ਤਣਾਅ, ਭਟਕਾਅ ਤੇ ਆਪਣੀ ਪਛਾਣ ਦੇ ਸੰਕਟ ਨਾਲ ਜੂਝ ਰਹੀ ਹੈ।
ਸਾਧਵੀ ਨੇ ਦੱਸਿਆ ਕਿ ਪ੍ਰਭੂ ਸ਼੍ਰੀ ਰਾਮ ਦਾ ਜੀਵਨ ਪ੍ਰਬੰਧਨ, ਸੰਜਮ, ਮਰਿਆਦਾ ਤੇ ਮੁਸ਼ਕਲ ਹਾਲਾਤ ’ਚ ਵੀ ਅਡੋਲ ਰਹਿਣ ਦੀ ਕਲਾ ਨੌਜਵਾਨਾਂ ਲਈ ਇਕ ‘ਜੀਵਨ ਮਾਰਗਦਰਸ਼ਿਕਾ’ ਵਾਂਗ ਹੈ, ਜੋ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਹ ਕਥਾ ਸਮਾਜ ਦੇ ਵਾਂਝੇ ਵਰਗ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਇਕ ਪਵਿੱਤਰ ਮਾਧਿਅਮ ਹੈ। ਕਥਾ ਦੌਰਾਨ ਸਾਧਵੀ ਭੈਣਾਂ ਵੱਲੋਂ ਪੇਸ਼ ਕੀਤੇ ਗਏ ਮਧੁਰ ਭਜਨਾਂ ਤੇ ਭਾਵਪੂਰਨ ਚੌਪਈਆਂ ਨੇ ਸਮੁੱਚੇ ਪੰਡਾਲ ਨੂੰ ਭਗਤੀ ਰਸ ਨਾਲ ਸਰਾਬੋਰ ਕਰ ਦਿੱਤਾ। ਭਜਨਾਂ ਦੀ ਮਧੁਰ ਧੁਨ ’ਤੇ ਸ਼ਰਧਾਲੂ ਮੰਤਰਮੁਗਧ ਹੋ ਕੇ ਝੂਮ ਉੱਠੇ। ਕਥਾ ਦਾ ਸ਼ੁਭ ਆਰੰਭ ਵਿਧੀਵਤ ਪੂਜਨ ਤੇ ਆਰਤੀ ਨਾਲ ਹੋਇਆ। ਇਸ ਮੌਕੇ ਮੁੱਖ ਯਜਮਾਨ ਵਜੋਂ ਗੌਤਮ ਕੁਕਰੇਜਾ, ਗੌਰਵ ਕੁਕਰੇਜਾ, ਸੋਨੂੰ ਕੁਕਰੇਜਾ ਤੇ ਪ੍ਰੀਤੀ ਕੁਕਰੇਜਾ ਨੇ ਪਰਿਵਾਰ ਸਮੇਤ ਪੂਜਨ ਕਰਵਾਇਆ। ਰੋਜ਼ਾਨਾ ਯਜਮਾਨ ਵਜੋਂ ਡਾ. ਅਜੈ ਗੁਪਤਾ, ਡਾ. ਕੇਸ਼ਵ ਗੁਪਤਾ (ਈਐੱਨਟੀ ਮਾਹਿਰ), ਸੁਨੀਲ ਭਾਰਦਵਾਜ ਤੇ ਵਰੁਣ ਮਲਹੋਤਰਾ ਨੇ ਆਪਣੇ ਪਰਿਵਾਰਾਂ ਸਮੇਤ ਪਵਿੱਤਰ ਜੋਤ ਪ੍ਰਜਵਲਿਤ ਕਰਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪਾਵਨ ਮੌਕੇ ’ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਰਾਜ ਸਭਾ ਮੈਂਬਰ ਤੇ ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਉਦਯੋਗਪਤੀ ਚਰਨਜੀਤ ਸਿੰਘ ਮਹਿੰਗੀ, ਰੂਪ ਮਹਿਤਾ ਸਮੇਤ ਵੱਡੀ ਗਿਣਤੀ ’ਚ ਪ੍ਰਭੂ ਭਗਤ ਹਾਜ਼ਰ ਰਹੇ।
ਇਸ ਮੌਕੇ ਸਵਾਮੀ ਸੱਜਣਾਨੰਦ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਪਹੁੰਚ ਕੇ ਇਸ ਗਿਆਨ ਯੱਗ ਦਾ ਲਾਭ ਉਠਾਉਣ ਤੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸਵਾਮੀ ਗਿਰਧਾਰਾਨੰਦ, ਸਾਧਵੀ ਪੱਲਵੀ ਭਾਰਤੀ. ਸਾਧਵੀ ਸ਼ਸ਼ੀ ਪ੍ਰਭਾ ਭਾਰਤੀ ਸਮੇਤ ਹੋਰ ਪ੍ਰਚਾਰਕ ਵੀ ਮੌਜੂਦ ਰਹੇ। ਅਗਲੇ ਦਿਨ ਦੇ ਪ੍ਰਸੰਗ ’ਚ ‘ਸ਼੍ਰੀ ਰਾਮ ਵਿਆਹ’ ਤੇ ‘ਸੀਤਾ ਸਵਯੰਵਰ’ ਪ੍ਰਸੰਗ ਦੇ ਡੂੰਘੇ ਅਧਿਆਤਮਿਕ ਰਹੱਸਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾਵੇਗਾ।