ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼, ਦੋ ਮਾੜੇ ਅਨਸਰ ਕਾਬੂ ਏਟੀਐੱਮ ਮਸ਼ੀਨ ’ਚੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼, ਦੋ ਨੌਜਵਾਨ ਕਾਬੂ
Publish Date: Fri, 25 Sep 2026 08:15 PM (IST)
Updated Date: Fri, 25 Sep 2026 08:18 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਬਸਤੀ ਅੱਡਾ ਚੌਕ ਸਥਿਤ ਐੱਚਡੀਐੱਫਸੀ ਬੈਂਕ ਦੇ ਏਟੀਐੱਮ ਤੋਂ 40,000 ਕਢਵਾਉਣ ਵਾਲੇ ਇਕ ਵਿਅਕਤੀ ਤੋਂ ਨਕਦੀ ਖੋਹਣ ਦੀ ਕੋਸ਼ਿਸ਼ ਕਰਦੇ ਦੋ ਨੌਜਵਾਨਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਫੜੇ ਗਏ ਨੌਜਵਾਨਾਂ ਦੀ ਪਛਾਣ ਖੁਸ਼ਵੰਤ ਤੇ ਪੰਕਜ ਉਰਫ਼ ਦੀਪਕ ਵਜੋਂ ਹੋਈ ਹੈ। ਦੋਵਾਂ ਕੋਲੋਂ ਵੱਖ-ਵੱਖ ਬੈਂਕਾਂ ਦੇ ਲਗਭਗ 14 ਤੋਂ 15 ਏਟੀਐੱਮ ਕਾਰਡ ਬਰਾਮਦ ਕੀਤੇ ਗਏ ਹਨ। ਪੁਲਿਸ ਇਨ੍ਹਾਂ ਕਾਰਡਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਤੇ ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਬਸਤੀ ਅੱਡਾ ਚੌਕ ਸਥਿਤ ਐੱਚਡੀਐੱਫਸੀ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਆਏ ਸਨ। ਉਸੇ ਸਮੇਂ ਉੱਥੇ ਦੋ ਨੌਜਵਾਨ ਪਹੁੰਚੇ। ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਪੈਸੇ ਕਢਵਾਉਣ ’ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਦਾ ਵਿਹਾਰ ਸ਼ੱਕੀ ਲੱਗਿਆ। ਉਨ੍ਹਾਂ ਨੇ ਬਾਹਰ ਚਲੇ ਜਾਣ ਲਈ ਕਿਹਾ। ਇਸ ਤੋਂ ਬਾਅਦ ਗੁਰਦੇਵ ਸਿੰਘ ਨੇ ਲਗਭਗ 40 ਹਜ਼ਾਰ ਰੁਪਏ ਕਢਵਾਏ ਤੇ ਆਪਣੇ ਸਕੂਟਰ ਵੱਲ ਜਾਣ ਲੱਗੇ। ਦੋਵਾਂ ਪਿੱਛਾ ਕੀਤਾ ਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਨੂੰ ਫੜਨ ’ਚ ਕਾਮਯਾਬ ਹੋਏ ਤੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਨੇੜਲੇ ਦੁਕਾਨਦਾਰ ਤੇ ਰਾਹਗੀਰ ਮੌਕੇ ਤੇ ਪਹੁੰਚ ਗਏ। ਭੀੜ ਨੇ ਦੂਜੇ ਨੌਜਵਾਨ ਨੂੰ ਵੀ ਘੇਰ ਕੇ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੇ ਥਾਣਾ ਡਿਵੀਜ਼ਨ ਨੰਬਰ 2 ਦੇ ਏਐੱਸਆਈ ਹਰਮਨਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ। ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਹੁਣ ਕਾਰਡ ਧਾਰਕਾਂ ਦੇ ਨਾਵਾਂ ਦਾ ਪਤਾ ਲਗਾਉਣ ਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨੌਜਵਾਨ ਇਨ੍ਹਾਂ ਕਾਰਡਾਂ ਤੱਕ ਕਿਵੇਂ ਪਹੁੰਚੇ। ਏਐੱਸਆਈ ਹਰਮਨਜੀਤ ਸਿੰਘ ਅਨੁਸਾਰ ਦੋਵਾਂ ਨੌਜਵਾਨਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਬਰਾਮਦ ਕੀਤੇ ਗਏ ਏਟੀਐੱਮ ਕਾਰਡਾਂ ਸਬੰਧੀ ਕੋਈ ਸ਼ਿਕਾਇਤ ਦਰਜ ਹੈ। ਇਹ ਮਾਮਲਾ ਫਿਲਹਾਲ ਜਾਂਚ ਅਧੀਨ ਹੈ।