ਸਮਾਗਮ ਦੀ ਤਿਆਰੀ ਕਰਦੇ ਆਗੂਆਂ 'ਤੇ ਹਮਲਾ ਪਾਸ਼ ਸਮਾਗਮ ਦੀ ਤਿਆਰੀ ਕਰਦੇ ਆਗੂਆਂ 'ਤੇ ਹਮਲਾ
Publish Date: Mon, 07 Sep 2026 08:12 PM (IST)
Updated Date: Mon, 07 Sep 2026 08:13 PM (IST)
-ਸਮਾਗਮ ਨੂੰ ਨਾਕਾਮ ਕਰਨ ਦੀ ਕੀਤੀ ਪੁਰਜ਼ੋਰ ਨਿੰਦਾ -9 ਸਤੰਬਰ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਹੋ ਰਹੇ ਯਾਦਗਾਰੀ ਸੂਬਾਈ ਸਮਾਗਮ ’ਚ ਜਮਹੂਰੀ ਤੇ ਜਨਤਕ ਜੱਥੇਬੰਦੀਆਂ ਜਿਵੇਂ ਵੱਡੀ ਪੱਧਰ ਤੇ ਕਾਫ਼ਲੇ ਬੰਨ੍ਹ ਕੇ ਪੁੱਜ ਰਹੀਆਂ ਹਨ। ਜ਼ਿਕਰਯੋਗ ਹੈ ਕਿ 9 ਸਤੰਬਰ ਦੇ ਸਮਾਗਮ ਦੇ ਪੰਡਾਲ ਦੀਆਂ ਤਿਆਰੀਆਂ ਲਈ ਤਲਵੰਡੀ ਸਲੇਮ ਪੁੱਜੇ ਵਲੰਟੀਅਰਾਂ ਤੇ ਹਾਕਮ ਪਾਰਟੀ ਦੇ ਸਰਪੰਚ ਨੇ ਅੱਜ ਆਪਣੇ ਨਾਲ ਲੱਠ ਮਾਰ ਲੈ ਕੇ ਹਮਲਾ ਕਰਨ, ਗਾਲਾਂ ਕੱਢਣ ਤੇ ਮੋਬਾਈਲ ਖੋਹਣ ਵਰਗਾ ਭੜਕਾਹਟ ਭਰਿਆ ਹੱਲਾ ਬੋਲ ਕੇ ਸਮਾਗਮ ਨੂੰ ਨਾਕਾਮ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੇ• ਭਗਤ ਯਾਦਗਾਰ ਕਮੇਟੀ ਨੇ ਜਮਹੂਰੀ ਹੱਕਾਂ ਤੇ ਹਮਲਾ ਕਰਾਰ ਦਿੱਤਾ ਹੈ। ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਜੁੜੇ ਕਮੇਟੀ ਦੇ ਹਾਜ਼ਰ ਆਗੂਆਂ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ 38 ਵਰ੍ਹਿਆਂ ਤੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ’ਚ ਪਾਸ਼ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਕਿਸੇ ਨਾ ਕਿਸੇ ਰੂਪ ’ਚ ਮਨਾਇਆ ਜਾ ਰਿਹਾ ਹੈ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਇਤਿਹਾਸਕ ਵਿਰਾਸਤੀ ਦਿੱਖ ਤੇ ਇਸ ’ਚ ਹੋਣ ਵਾਲੇ ਸਮਾਗਮਾਂ, ਸਰਗਰਮੀਆਂ ਤੇ ਵਰਤੋਂ ਦਾ ਮੁਹਾਂਦਰਾ ਬਦਲਣ ਤੇ ਪਿੰਡ ਦਾ ਮਾਹੌਲ ਵਿਗਾੜਨ ਲਈ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 9 ਸਤੰਬਰ ਸਮਾਗਮ ਮੌਕੇ ਡਾ. ਸਵਰਾਜਬੀਰ ਦਾ ਲਿਖਿਆ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ਅਸੀਂ ਲੜਾਂਗੇ ਸਾਥੀ ਵਿਰਸਾ ਵਿਹਾਰ ਅੰਮ੍ਰਿਤਸਰ ’ਚ ਮੰਚ ਰੰਗ ਮੰਚ ਵੱਲੋਂ ਲੱਗੀ ਵਰਕਸ਼ਾਪ ਚ ਅੰਤਿਮ ਛੋਹਾਂ ਤੇ ਹੈ।