ਸ਼ੋਭਾ ਯਾਤਰਾ ਦੀ ਆਰੰਭਤਾ ਨੂੰ ਲੈ ਕੇ ਡੇਰਾ ਬੱਲਾਂ ’ਚ ਭਖਿਆ ਮਾਹੌਲ ਸ਼ੋਭਾ ਯਾਤਰਾ ਦੀ ਆਰੰਭਤਾ ਨੂੰ ਲੈ ਕੇ ਡੇਰਾ ਬੱਲਾਂ ਵਿਖੇ ਮਾਹੌਲ ਭਖਿਆ
Publish Date: Fri, 16 Oct 2026 09:18 PM (IST)
Updated Date: Fri, 16 Oct 2026 09:21 PM (IST)
---ਸ਼ੋਭਾ ਯਾਤਰਾ ਦੀ ਆਰੰਭਤਾ ਦੀ ਅਗਲੀ ਤਰੀਕ ਤੈਅ ਕੀਤੀ ਜਾਵੇਗੀ : ਪੁਲਿਸ ਪ੍ਰਸ਼ਾਸਨ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਤੇ ਸਮੁੱਚੀ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਬ੍ਰਹਮਲੀਨ ਸੰਤ ਸਰਵਣ ਦਾਸ ਡੇਰਾ ਸੱਚਖੰਡ ਬੱਲਾਂ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਤੱਕ ਸ਼ੁਕਰਵਾਰ ਨੂੰ ਕੱਢੀ ਜਾਣੀ ਸੀ। ਜੱਸੀ ਤੱਲਣ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸੰਗਤਾਂ ਆਪੋ-ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਤੇ ਡੇਰਾ ਸੱਚਖੰਡ ਬੱਲਾਂ ’ਚ ਪੁੱਜੇ ਪਰ ਭਾਰੀ ਮਾਤਰਾ ’ਚ ਤਾਦਾਦ ਪੁਲਿਸ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਡੇਰਾ ਸੱਚਖੰਡ ਬੱਲਾਂ ਤੋਂ ਕੁਝ ਮੀਟਰ ਦੀ ਦੂਰੀ ’ਤੇ ਹੀ ਨਹਿਰ ਉੱਪਰ ਭਾਰੀ ਪੁਲਿਸ ਫੋਰਸ ਵੱਲੋਂ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ, ਜਿਸ ਕਾਰਨ ਸ਼ੋਭਾ ਯਾਤਰਾ ਦੀ ਆਰੰਭਤਾ ਨਹੀਂ ਹੋ ਸਕੀ। ਡੇਰਾ ਪ੍ਰਬੰਧਕ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਸ਼ੋਭਾ ਯਾਤਰਾ ਕੱਢਣ ਦੀ ਇਜਾਜ਼ਤ ਡੇਰੇ ਵੱਲੋਂ ਨਹੀਂ ਲਈ ਗਈ ਸੀ, ਜਦਕਿ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਨੇ ਸ਼ੋਭਾ ਯਾਤਰਾ ਡੇਰਾ ਸੱਚਖੰਡ ਬੱਲਾਂ ਤੋਂ ਕੱਢਣ ਦੀ ਸਾਰੀ ਜਾਣਕਾਰੀ ਡੇਰਾ ਬੱਲਾਂ ਦੇ ਟਰੱਸਟੀਆਂ ਨੂੰ ਦਿੱਤੀ ਹੋਈ ਸੀ। ਜਦਕਿ ਫੋਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਡੇਰਾ ਬੱਲਾਂ ਵਿਖੇ ਅੰਦਰ ਜਾਣ ਲਈ ਪੂਰੀ ਜੱਦੋ-ਜਹਿਦ ਕੀਤੀ ਪਰੰਤੂ ਭਾਰੀ ਪੁਲਿਸ ਫੋਰਸ ਵੱਲੋਂ ਨਹਿਰ ’ਤੇ ਡੇਰੇ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਨਹਿਰ ਪੁਲ ਉੱਪਰ ਬੈਰੀਕੇਡ ਲਗਾ ਕੇ ਰੋਕੀ ਰੱਖਿਆ। ਬਾਅਦ ’ਚ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਫੋਰਸ ਦੇ ਸੀਨੀਅਰ ਲੀਡਰਸ਼ਿਪ ਲੀਡਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ’ਚ ਸੰਗਤਾਂ ਨੂੰ ਡੇਰੇ ਅੰਦਰ ਮੱਥਾ ਟੇਕਣ ਲਈ ਜਾਣ ਦਿੱਤਾ ਗਿਆ। ਇਸ ਦੌਰਾਨ ਸੰਗਤਾਂ ਨੂੰ ਪੁਲਿਸ ਫੋਰਸ ਵੱਲੋਂ ਬੀਬੀਆਂ ਦਾ ਗਰੁੱਪ ਬਣਾ ਕੇ ਡੇਰੇ ਅੰਦਰ ਜਾਣ ਲਈ ਮੱਥਾ ਟੇਕਣ ਜਾਣ ਲਈ ਭੇਜਿਆ ਗਿਆ। ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਡੇਰਾ ਪ੍ਰਬੰਧਕਾਂ ਵਿਚਕਾਰ ਗੱਲਬਾਤ ਦੌਰਾਨ ਇਕ ਹਫਤੇ ’ਚ ਤਰੀਕ ਨੂੰ ਤੈਅ ਕੀਤਾ ਜਾਵੇਗਾ ਕਿ ਕਿਸ ਦਿਨ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਫੋਰਸ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਪ੍ਰਧਾਨ ਜੱਸੀ ਤੱਲ੍ਹਣ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲੈ ਕੇ ਬਿਆਨ ਜਾਰੀ ਕੀਤਾ। ਇਸ ’ਚ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੇ ਡੇਰਾ ਪ੍ਰਬੰਧਕਾਂ ਵੱਲੋਂ ਲਏ ਗਏ ਫੈਸਲੇ ਨਾਲ ਸਹਿਮਤ ਹੁੰਦੇ ਹੋਏ ਕਿਹਾ ਇਕ ਹਫਤੇ ਬਾਅਦ ਸਾਨੂੰ ਜੋ ਵੀ ਤਰੀਕ ਦਿੱਤੀ ਜਾਵੇਗੀ ਅਸੀਂ ਉਸ ਦਿਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧੀ ਸ਼ੋਭਾ ਯਾਤਰਾ ਡੇਰਾ ਸੱਚਖੰਡ ਬੱਲਾਂ ਤੋਂ ਸ਼ੁਰੂ ਕਰਕੇ ਡੇਰਾ ਫੂਲ ਨਾਥ ਚਹੇੜੂ ਤੇ ਡੇਰਾ ਚੱਕ ਹਕੀਮ ਹੁੰਦੇ ਹੋਏ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੰਨ ਕਰਾਂਗੇ ਜੋ ਪੂਰੇ ਪੰਜਾਬ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਕੱਢੀ ਜਾਵੇਗੀ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ’ਚ ਐੱਸਪੀ ਰਮਨਦੀਪ ਸਿੰਘ ਟਰੈਫਿਕ ਮੋਹਾਲੀ, ਐੱਸਪੀ ਹੈੱਡ ਕੁਆਰਟਰ ਤੇਜਵੀਰ ਸਿੰਘ ਹੁੰਦਲ, ਐੱਸਪੀ ਜਗਦੀਸ਼ ਲਾਲ ਪਠਾਨਕੋਟ, ਡੀਐੱਸਪੀ ਰਾਜੀਵ ਕੁਮਾਰ, ਡੀਐੱਸਪੀ ਨਰਿੰਦਰ ਸਿੰਘ ਔਜਲਾ ਕਰਤਾਰਪੁਰ, ਐੱਸਐੱਚਓ ਰਮਨਦੀਪ ਸਿੰਘ ਥਾਣਾ ਕਰਤਾਰਪੁਰ, ਐੱਸਐੱਚਓ ਗੁਰਪ੍ਰੀਤ ਸਿੰਘ, ਐੱਸਐੱਚਓ ਬਲਵੀਰ ਸਿੰਘ, ਏਐੱਸਆਈ ਹਰਦੀਪ ਸਿੰਘ ਕਿਸ਼ਨਗੜ ਆਦਿ ਸਮੇਤ ਭਾਰੀ ਤਾਦਾਦ ’ਚ ਪੁਲਿਸ ਫੋਰਸ ਮੌਜੂਦ ਸੀ।