- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੋਰਟਸ ਕਾਲਜ ਜਲੰਧਰ ਵਿਖੇ ਅੰਤਰ-ਕਾਲਜ ਐਥਲੈਟਿਕਸ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼

ਸੀਨੀਅਰ ਸਟਾਫ ਰਿਪੋਰਟਰ ਪੰਜਾਬੀ ਜਾਗਰਣ ਜਲੰਧਰ
ਦਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ,ਪਟਿਆਲਾ ਦੇ ਕਾਂਸਟੀਚੂਐਂਟ ਕਾਲਜ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ 27-28 ਨਵੰਬਰ ਨੂੰ ਦੋ ਰੋਜ਼ਾ ਅੰਤਰ-ਕਾਲਜ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਗਾਜ਼ ਹੋਇਆ। ਇਸ ਮੌਕੇ ਉੱਘੇ ਉਲੰਪੀਅਨ ਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਵੱਲੋਂ ਆਏ ਮੁੱਖ ਮਹਿਮਾਨ ਦਾ ਬੂਟਾ ਦੇ ਕੇ ਰਸਮੀ ਸਵਾਗਤ ਕੀਤਾ। ਇਸ ਉਪਰੰਤ ਉਨ੍ਹਾਂ ਨੇ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਨਾਲ ਹੀ ਉਨ੍ਹਾਂ ਕਾਲਜ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ’ਤੇ ਵੀ ਚਾਨਣਾ ਪਾਇਆ। ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡ ’ਚ ਵਚਨਬੱਧਤਾ ਤੇ ਅਨੁਸ਼ਾਸਨ ਬਹੁਤ ਲਾਜ਼ਮੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਖੇਡ ਪ੍ਰਤੀ ਇਕਾਗਰਤਾ ਤੇ ਲਗਨ ਪੈਦਾ ਕਰਨ ਲਈ ਪ੍ਰੇਰਿਤ ਕੀਤਾ।
ਚੈਂਪੀਅਨਸ਼ਿਪ ’ਚ 5000 ਮੀਟਰ, 100 ਮੀਟਰ, 800 ਮੀਟਰ, ਜੈਵਲਿਨ, ਹਰਡਲ, ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ, ਸ਼ਾਟ ਪੁੱਟ, 400 ਮੀਟਰ ਰਿਲੇ ਆਦਿ ਮੁਕਾਬਲੇ ਕਰਵਾਏ ਗਏ। 5000 ਮੀਟਰ ਵਿੱਚ ਪਹਿਲਾ ਸਥਾਨ ਸਪੋਰਟਸ ਕਾਲਜ ਜਲੰਧਰ ਦੇ ਵਿਦਿਆਰਥੀ ਦਵਿੰਦਰ ਸਿੰਘ ਨੇ ਪਹਿਲਾ, ਦੂਜਾ ਜਗਰੂਪ ਸਿੰਘ ਖ਼ਾਲਸਾ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਤੇ ਤੀਜਾ ਸਥਾਨ ਲਵਜੋਤ ਸਿੰਘ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਪਟਿਆਲਾ ਨੇ ਹਾਸਲ ਕੀਤਾ। 100 ਮੀਟਰ ਲੜਕਿਆਂ ’ਚ ਸਪੋਰਟਸ ਕਾਲਜ ਦੇ ਨਵਰੂਪ ਸਿੰਘ ਨੇ ਪਹਿਲਾ, ਮਨਿੰਦਰ ਸਿੰਘ ਨੇ ਦੂਜਾ ਅਤੇ ਜ਼ਸ਼ਨਪ੍ਰੀਤ ਸਿੰਘ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਮੁਕਾਬਲੇ ’ਚ ਲੜਕੀਆਂ ਵਿਚੋਂ ਭਾਰਤੀ ਕੁਮਾਰੀ ਭਾਗੋ ਮਾਜਰਾ ਕਾਲਜ ਨੇ ਪਹਿਲਾ ਪੂਜਾ ਦੇਵੀ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਪਟਿਆਲਾ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
4x100 ਰਿਲੇ ਵਿੱਚ ਲੜਕਿਆਂ ਦੀ ਟੀਮ ਵਿੱਚ ਸਪੋਰਟਸ ਕਾਲਜ ਜਲੰਧਰ ਪਹਿਲੇ, ਖ਼ਾਲਸਾ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਦੂਜੇ ਸਥਾਨ ਤੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਪਟਿਆਲਾ ਦੀ ਟੀਮ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਲੜਕੀਆਂ ’ਚ ਪਹਿਲੇ ਸਥਾਨ ’ਤੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਪਟਿਆਲਾ ਦੀ ਟੀਮ, ਦੂਜੇ ਉੱਤੇ ਸਪੋਰਟਸ ਕਾਲਜ ਜਲੰਧਰ ਤੇ ਤੀਜੇ ਉੱਪਰ ਖ਼ਾਲਸਾ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਦੀ ਟੀਮ ਰਹੀ। ਅੰਤ ਉਪਰ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਸਪੋਰਟਸ ਯੂਨੀਵਰਸਿਟੀ ਤੋਂ ਡਾ. ਕੋਮਲ ਜੈਨ, ਡੀਨ ਰਿਸਰਚ ਉਚੇਚੇ ਤੌਰ ਉੱਤੇ ਪਹੁੰਚੇ। ਜੇਤੂ ਖਿਡਾਰੀਆਂ ਨੂੰ ਮੁਖ ਮਹਿਮਾਨ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।