ਗ਼ਦਰੀ ਬਾਬਿਆਂ ਦੇ ਮੇਲੇ ’ਤੇ ਗੀਤਾਂ ਭਰੀ ਰਾਤ ਨੇ ਜਗਾਏ ਚੇਤਨਾ ਦੇ ਚਿਰਾਗ ਗ਼ਦਰੀ ਬਾਬਿਆਂ ਦੇ ਮੇਲੇ ਤੇ ਚੇਤਨਾ ਦੇ ਚਿਰਾਗ਼ ਬਾਲ਼ ਗਈ
Publish Date: Mon, 02 Nov 2026 08:06 PM (IST)
Updated Date: Mon, 02 Nov 2026 08:08 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗ਼ਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਤੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਨੂੰ ਹਨੇਰੀ ਰਾਤ ’ਚ ਚਾਨਣ ਮੁਨਾਰਾ ਬਣੀ ਨਾਟਕਾਂ ਤੇ ਗੀਤਾਂ ਭਰੀ ਰਾਤ ਨੇ ਜਗਾਏ ਚੇਤਨਾ ਦੇ ਚਿਰਾਗ਼। ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਬੇਹੱਦ ਪੇਚੀਦਾ ਤੇ ਤਿੱਖੜੀਆਂ ਚੁਣੌਤੀਆਂ ਨੂੰ ਵਿਗਿਆਨਕ ਤੇ ਲੋਕ-ਦੋਖੀ ਦ੍ਰਿਸ਼ਟੀ ਤੋਂ ਮੁਖ਼ਾਤਬ ਹੋਈਆਂ ਮੇਲੇ ਚ ਪੇਸ਼ ਕਲਾ ਕਿਰਤਾਂ। ਇਸ ਰਾਤ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਦੇ ਸੰਬੋਧਨ ਨਾਲ ਹੋਇਆ। ਉਨਾਂ ਨੇ ਕਲਮ, ਕਲਾ, ਇਤਿਹਾਸ ਤੇ ਸਮਾਜ ਦੀ ਸਾਂਝੀ ਗਲਵੱਕੜੀ ’ਤੇ ਜ਼ੋਰ ਦਿੱਤਾ। ਇਸ ਰਾਤ ਗੁਰਸ਼ਰਨ ਸਿੰਘ ਦੀ ਰਚਨਾ ਅਸੀਂ ਯੁੱਗ ਸਿਰਜਾਂਗੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਪੇਸ਼ ਹੋਈ। ਇਹ ਨਾਟਕ ਜ਼ਮੀਨ ਵਿਹੂਣੇ ਤੇ ਮਿਹਨਤਕਸ਼ ਕਿਸਾਨੀ ਦੇ ਆਪਸੀ ਸਮਾਜਕ ਰਿਸ਼ਤਿਆਂ ਵਿਚਲੇ ਵਿਰੋਧਾ ਭਾਸ ਤੇ ਸਾਂਝ ਦੇ ਰਿਸ਼ਤਿਆਂ ਉਪਰ ਸਫ਼ਲਤਾ ਨਾਲ ਆਪਣੀ ਗੱਲ ਕਰਦਿਆਂ ਚੜ੍ਹਦੀ ਜੁਆਨੀ ਨੂੰ ਨਵੇਂ ਮਾਰਗ ਸਿਰਜਣ ਦਾ ਸੁਨੇਹਾ ਦੇ ਗਿਆ। ਡਾ. ਸਵਰਾਜਬੀਰ ਦਾ ਲਿਖਿਆ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਚ ਮੰਚ ਰੰਗ ਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਨਾਟਕ, ‘ਤੂੰ ਬੁੱਲ੍ਹੇ ਵਾਂਗੂੰ ਬੋਲ’। ਟਿਕੀ ਰਾਤ ਖਚਾ ਖਚ ਭਰਿਆ ਪੰਡਾਲ ਖੜ੍ਹਾ ਹੋ ਕੇ ਕਿੰਨੀ ਦੇਰ ਤਾੜੀਆਂ ਦੀ ਗੂੰਜ ਪਾਉਂਦਾ ਰਿਹਾ। ਜਜ਼ਬਾਤੀ ਪਲਾਂ ਦੇ ਬਾਵਜੂਦ ਸੰਭਲਦੇ ਹੋਏ ਡਾ. ਸਵਰਾਜਬੀਰ ਤੇ ਕੇਵਲ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਰੰਗ ਮੰਚ ਨੂੰ ਮਿਲਦੀ ਮੁਹੱਬਤ ਸਾਨੂੰ ਲੋਕਾਂ ਸੰਗ ਇੱਕ ਮਿੱਕ ਹੋ ਕੇ ਕੰਮ ਕਰਨ ਦੀ ਨਵੀਂ ਨਰੋਈ ਪ੍ਰੇਰਨਾ ਦਿੰਦੀ ਹੈ। ਨਾਟਕ, ਫ਼ਿਰਕੂ ਫਾਸ਼ੀ ਹੱਲੇ ਤੇ ਰਾਜਸੀ ਦਾਬੇ ਖ਼ਿਲਾਫ਼ ਜੱਦੋ ਜਹਿਦ ਜਾਰੀ ਰੱਖਣ ਦਾ ਪੈਗ਼ਾਮ ਦੇ ਗਿਆ। ਸ਼ਬਦੀਸ਼ ਦੀ ਸਿਰਜਣਾ, ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਚ ਸੁਚੇਤਕ ਰੰਗ ਮੰਚ ਮੁਹਾਲੀ ਦੇ ਕਲਾਕਾਰਾਂ ਨੇ ‘ਖਿੜਦੇ ਰਹਿਣ ਗੁਲਾਬ’ ਨਾਟਕ ਰਾਹੀ ਗ਼ਦਰੀ ਗੁਲਾਬ ਕੌਰ ਦਾ ਸੁਨੇਹਾ ਦਿੱਤਾ। ਗੁਰਸ਼ਰਨ ਸਿੰਘ ਦਾ ਲਿਖਿਆ ਕਰਾਂਤੀਪਾਲ ਬਿਆਸ ਵੱਲੋਂ ਨਿਰਦੇਸ਼ਤ ਨਾਟਕ ‘ਸੀਸ ਤਲੀ ਤੇ’ ਜਿੱਥੇ ਸੌ ਵਰ੍ਹੇ ਪਹਿਲਾਂ ਦਾ ਇਤਿਹਾਸ ਦਰਸ਼ਕਾਂ ਦੇ ਰੂਬਰੂ ਕਰ ਗਿਆ, ਉੱਥੇ ਇਹ ਵੀ ਦਰਸਾ ਗਿਆ ਕਿ ਉਨ੍ਹਾਂ ਦੀ ਘਾਲਣਾ ਦੀ ਮਸ਼ਾਲ ਅੱਜ ਵੀ ਜਗ ਰਹੀ ਹੈ ਤੇ ਜੂਝਦੇ ਲੋਕ ਇਸਨੂੰ ਜਗਦੀ ਰੱਖਣਗੇ। ਇਸ ਰਾਤ ਦੇ ਸਿਖ਼ਰ ਤੇ ਅਮੋਲਕ ਸਿੰਘ ਦਾ ਲਿਖਿਆ ਹਰਕੇਸ਼ ਚੌਧਰੀ ਵੱਲੋਂ ਨਿਰਦੇਸ਼ਤ ਸੰਗੀਤ ਨਾਟ ਓਪੇਰਾ ‘ਬਦਲ ਦਿਓ ਸਮਾਜ’ ਸੌ ਤੋਂ ਵੱਧ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ, ਲੋਕ ਸੰਗੀਤ ਮੰਡਲੀ ਭਦੌੜ, ਕੁਸ਼ਾਗਰ ਕਾਲੀਆ ਅੰਮ੍ਰਿਤਸਰ, ਸਾਰ੍ਹਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਅੰਮ੍ਰਿਤਪਾਲ ਬੰਗਾ, ਅਜਮੇਰ ਅਕਲੀਆ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ, ਸ਼ਬਦੀਸ਼, ਗੁਰਮੁੱਖ ਲੋਕ ਪ੍ਰੇਮੀ ਫਗਵਾੜਾ, ਗੁਰਮੀਤ ਕੋਟ ਗੁਰੂ, ਮੌਸਮ, ਖ਼ੁਸ਼ਬੂ, ਦਿਸ਼ਾ, ਕੋਮਲ, ਇਪਟਾ ਦੇ ਕਲਾਕਾਰ ਭੰਡ ਅਵਤਾਰ ਚੜਿੱਕ ਤੇ ਸਾਥੀਆਂ ਨੇ ਲੋਕ ਦੋਖੀ ਪ੍ਰਬੰਧ ਤੇ ਤਿੱਖੇ ਵਿਅੰਗ ਕਸੇ। 2 ਨਵੰਬਰ ਸਰਘੀ ਵੇਲੇ ਲੋਕਾਂ ਦੇ ਜੱਥੇ ਤੇ ਪਰਿਵਾਰ ਵੱਡੀ ਗਿਣਤੀ ’ਚ ਕਿਤਾਬਾਂ ਲੈ ਕੇ ਗਏ। ਨਾਟਕਾਂ ਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।