- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਦੀਆਂ ਵਿਧਾਨ ਸਭਾ ਚੋਣਾਂ: ਕੀ ਦੋਆਬਾ ਇੱਕ ਵਾਰ ਫ਼ਿਰ ਬਣੇਗਾ ਕਾਂਗਰਸ ਦੀ ਸੱਤਾ ਦੀ 'ਚਾਬੀ'?

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਦੀ ਸਿਆਸਤ ’ਚ ਕਿਸੇ ਵੇਲੇ ਇਕ ਕਹਾਵਤ ਬਹੁਤ ਮਸ਼ਹੂਰ ਹੈ "ਜਿਸਦਾ ਦੋਆਬਾ, ਉਸ ਦੀ ਚੰਡੀਗੜ੍ਹ ਦੀ ਗੱਦੀ।" ਵਿਧਾਨ ਸਭਾ ਚੋਣਾਂ 2027 ਦੇ ਨੇੜੇ ਆਉਂਦਿਆਂ ਹੀ ਦੋਆਬਾ ਖੇਤਰ (ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਐੱਸ.ਬੀ.ਐੱਸ. ਨਗਰ) ’ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸੂਬਾਈ ਸਿਆਸਤ ਵਿਚ 'ਕਿੰਗਮੇਕਰ' ਮੰਨੇ ਜਾਂਦੇ ਇਸ ਖੇਤਰ ’ਚ ਕਾਂਗਰਸ ਪਾਰਟੀ ਲਈ ਅੰਦਰੂਨੀ ਸਮੀਕਰਨ ਕਾਫ਼ੀ ਦਿਲਚਸਪ ਤੇ ਚੁਣੌਤੀਪੂਰਨ ਮੋੜ 'ਤੇ ਪੁੱਜ ਚੁੱਕੇ ਹਨ। ਪੰਜਾਬ ਦੀ ਸਿਆਸਤ ’ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਲੰਧਰ ਤੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਕਾਂਗਰਸ ਪਾਰਟੀ ਦੀ ਅੰਦਰੂਨੀ ਸਥਿਤੀ ਕਾਫ਼ੀ ਗੁੰਝਲਦਾਰ ਤੇ ਦਿਲਚਸਪ ਮੋੜ 'ਤੇ ਪੁੱਜ ਚੁੱਕੀ ਹੈ। ਹਾਕੀ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਣ ਤੋਂ ਬਾਅਦ, ਦੋਆਬੇ ’ਚ ਪਾਰਟੀ ਦੀ ਤਾਕਤ ਨੂੰ ਮੁੜ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਪਰ ਵੱਖ-ਵੱਖ ਹਲਕਿਆਂ ਵਿੱਚ ਟਿਕਟਾਂ ਦੇ ਚਾਹਵਾਨਾਂ ਤੇ ਧੜੇਬੰਦੀ ਨੇ ਚੁਣੌਤੀਆਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ।
---
ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ’ਚ ਕਾਂਗਰਸ ਦਾ ਅੰਦਰੂਨੀ ਸਮੀਕਰਨ
ਨਕੋਦਰ ਹਲਕਾ : ਇੱਥੇ ਡਾ. ਨਵਜੋਤ ਦਹੀਆ, ਰਵਿੰਦਰ ਸਿੰਘ ਟੁਰਨਾ ਤੇ ਰਾਣਾ ਰੰਧਾਵਾ ਵਰਗੇ ਮਜ਼ਬੂਤ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਸ ਨਾਲ ਪਾਰਟੀ ਨੂੰ ਇਹ ਤੈਅ ਕਰਨ ’ਚ ਸਖ਼ਤ ਮਿਹਨਤ ਕਰਨੀ ਪਵੇਗੀ ਕਿ ਸਭ ਤੋਂ ਮਜ਼ਬੂਤ ਚਿਹਰਾ ਕਿਹੜਾ ਹੈ। ਆਮ ਆਦਮੀ ਪਾਰਟੀ ਨੇ ਬੀਤੇ ਦਿਨ ਵਿਧਾਇਕ ਇੰਦਰਜੀਤ ਕੌਰ ਮਾਨ ਤੇ ਭਰੋਸਾ ਜਿਤਾਉਂਦਿਆਂ ਉਸ ਨੂੰ ਮੁੜ ਤੋਂ ਨਕੋਦਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ•। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਆਪਣਾ ਕਿਹੜਾ ਮਜਬੂਤ ਚਿਹਰਾ ਇਸ ਸੀਟ ’ਤੇ ਖੜ੍ਹਾ ਕਰਦੀ ਹੈ, ਜਿਸ ਨਾਲ ਕਿ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਵੋਟਰਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਰਵਿੰਦਰ ਸਿੰਘ ਟੁਰਨਾ ਇਕ ਮਜਬੂਤ ਉਮੀਦਵਾਰ ਵਜੋਂ ਉਭਰ ਰਹੇ ਹਨ।
---
ਸ਼ਾਹਕੋਟ ਹਲਕਾ : ਇਸ ਹਲਕੇ ’ਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਪ੍ਰਭਾਵ ਮਜ਼ਬੂਤ ਬਣਿਆ ਹੋਇਆ ਹੈ, ਜੋ ਪਾਰਟੀ ਲਈ ਰਾਹ ਕੁਝ ਹੱਦ ਤੱਕ ਸੌਖਾ ਕਰਦਾ ਹੈ। ਵਿਰੋਧੀ ਧਿਰ ਦੇ ਵਿਧਾਇਕ ਹੁੰਦੇ ਹੋਏ ਵੀ ਲਾਡੀ ਸ਼ੇਰੋਵਾਲੀਆ ਨੇ ਹਲਕੇ ਦੇ ਵਿਕਾਸ ਲਈ ਅਣਥਕ ਮਿਹਨਤ ਕੀਤੀ ਹੈ।
---
ਜਲੰਧਰ ਕੈਂਟ: ਸੂਬੇ ਦੇ ਮੁਖੀ ਪਰਗਟ ਸਿੰਘ ਦਾ ਆਪਣਾ ਗੜ੍ਹ ਹੋਣ ਕਾਰਨ ਇੱਥੇ ਕਾਂਗਰਸ ਦੀ ਸਥਿਤੀ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ। ਭਾਵੇਂ ਕਿ ਮੌਜੂਦਾ ਸਰਕਾਰ ਭਾਵ ਆਮ ਆਦਮੀ ਪਾਰਟੀ ਨੇ ਇੱਥੋਂ ਲਗਾਤਾਰ ਸਾਡੇ ਚਾਰ ਸਾਲ ਤੋਂ ਬਤੌਰ ਹਲਕਾ ਇੰਚਾਰਜ ਕੰਮ ਕਰ ਰਹੀ ਰਜਿੰਦਰ ਕੌਰ ਥਿਆੜਾ ਨੂੰ ਬਦਲ ਕੇ ਦੀਪਕ ਬਾਲੀ ਨੂੰ ਹਲਕਾ ਇੰਚਾਰਜ ਲਗਾਇਆ ਹੈ ਤਾਂ ਜੋ ਕਾਂਗਰਸ ’ਚ ਸੰਨ੍ਹਮਾਰੀ ਕੀਤੀ ਜਾ ਸਕੇ ਪਰ ਹਾਲ ਦੀ ਘੜੀ ਇਹ ਮੁਸ਼ਕਲ ਜਾਪਦਾ ਹੈ ਕਿਉਂਕਿ ਵਿਰੋਧੀ ਧਿਰ ਹੁੰਦਿਆਂ ਵੀ ਪਰਗਟ ਸਿੰਘ ਨੇ ਹਲਕੇ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ ਹੈ ਤੇ ਉਹ ਕੈਂਟ ਵਾਸੀਆਂ ਦਾ ਹਰਮਨ ਪਿਆਰਾ ਚਿਹਰਾ ਹਨ।
---
ਆਦਮਪੁਰ ਹਲਕਾ : ਸੁਖਵਿੰਦਰ ਕੋਟਲੀ ਤੇ ਕੁਲਵਿੰਦਰ ਬਾਘਾ ਵਰਗੇ ਆਗੂਆਂ ਦੀ ਦਾਅਵੇਦਾਰੀ ਕਾਰਨ ਇੱਥੇ ਅੰਦਰੂਨੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸੁਖਵਿੰਦਰ ਸਿੰਘ ਕੋਟਲੀ ਮੌਜੂਦਾ ਐੱਮਐੱਲਏ ਹਨ ਤੇ ਹਲਕੇ ’ਚ ਉਨ੍ਹਾਂ ਦਾ ਕੱਦ ਕਾਫੀ ਉੱਚਾ ਹੈ।
---
ਕਰਤਾਰਪੁਰ ਹਲਕਾ : ਸਾਬਕਾ ਪੁਲਿਸ ਅਫਸਰ ਰਜਿੰਦਰ ਸਿੰਘ ਤੇ ਚੌਧਰੀ ਸੁਰਿੰਦਰ ਸਿੰਘ ਵਿਚਕਾਰ ਟਿਕਟ ਤੇ ਸਿਆਸੀ ਭਵਿੱਖ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਜਿੱਥੇ ਸਾਬਕਾ ਪੁਲਿਸ ਅਫਸਰ ਰਜਿੰਦਰ ਸਿੰਘ ਹਲਕੇ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੇ ਹਨ, ਉੱਥੇ ਚੌਧਰੀ ਸੁਰਿੰਦਰ ਸਿੰਘ ਦਾ ਪਰਿਵਾਰ ਕਈ ਦਹਾਕਿਆਂ ਤੋਂ ਇਸ ਹਲਕੇ ਵਿਚ ਸੇਵਾਵਾਂ ਨਿਭਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਕਿਸ ’ਤੇ ਭਰੋਸਾ ਕਰਦੀ ਹੈ ਤੇ ਕਿਹੜਾ ਵੋਟਾਂ ਦੀ ਪਹਿਲੀ ਪਸੰਦ ਬਣਦਾ ਹੈ।
---
ਫਿਲੌਰ ਹਲਕਾ : ਵਿਕਰਮਜੀਤ ਚੌਧਰੀ ਤੇ ਸੰਧੂ ਪਰਿਵਾਰ ਦੇ ਪ੍ਰਭਾਵ ਵਾਲੇ ਇਸ ਖੇਤਰ ਵਿੱਚ ਸਮੀਕਰਨ ਲਗਾਤਾਰ ਬਦਲ ਰਹੇ ਹਨ। ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਪਰਿਵਾਰ ਨੇ ਭਾਵੇਂ ਕਿ ਹਲਕੇ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ ਪਰ ਆਪਣੇ ਪਿਤਾ ਚੌਧਰੀ ਸੰਤੋਖ ਸਿੰਘ ਵਾਂਗ ਵਿਕਰਮਜੀਤ ਸਿੰਘ ਉਹ ਹਰਮਨ ਪਿਆਰਤਾ ਹਾਸਲ ਨਹੀਂ ਕਰ ਸਕੇ, ਜਿਸ ਕਾਰਨ ਹੋ ਸਕਦਾ ਹੈ ਕਿ ਪਾਰਟੀ ਕੋਈ ਨਵਾਂ ਚਿਹਰਾ ਇਸ ਸੀਟ ਤੋਂ ਚੋਣ ਮੈਦਾਨ ’ਚ ਉਤਾਰੇ।
---
ਜਲੰਧਰ ਸੈਂਟਰਲ : ਰਜਿੰਦਰ ਬੇਰੀ, ਡਾ. ਜਸਲੀਨ ਸੇਠੀ ਤੇ ਰਵੀਸ਼ ਰਾਜ ਸ਼ਰਮਾ ਵਰਗੇ ਕਈ ਚਿਹਰੇ ਮੈਦਾਨ ’ਚ ਹੋਣ ਕਾਰਨ ਟਿਕਟ ਲਈ ਘਮਾਸਾਨ ਮਚਿਆ ਹੋਇਆ ਹੈ। ਸਾਬਕਾ ਐੱਮਐੱਲਏ ਰਜਿੰਦਰ ਬੇਰੀ ਜਿੱਥੇ ਇਸ ਹਲਕੇ ਦੇ ਪੁਰਾਣੇ ਆਗੂ ਹਨ ਤੇ ਹਲਕੇ ਦੇ ਵਿਕਾਸ ਲਈ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ ਉਥੇ ਡਾ. ਜਸਲੀਨ ਸੇਠੀ ਵੀ ਹਲਕੇ ਦੇ ਵਿਕਾਸ ਲਈ ਲਗਾਤਾਰ ਅਣਥੱਕ ਮਿਹਨਤ ਕਰ ਰਹੀ ਹੈ ਤੇ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨ ਆਗੂ ਰਵੀਸ਼ ਰਾਜ ਸ਼ਰਮਾ ਵੀ ਲਗਾਤਾਰ ਹਲਕੇ ’ਚ ਸਰਗਰਮ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਇਨ੍ਹਾਂ ਤਿੰਨਾਂ ਵਿੱਚੋਂ ਕਿਸ ਤੇ ਦਾਅ ਖੇਡਦੀ ਹੈ ਜਾਂ ਫਿਰ ਕਿਸੇ ਹੋਰ ਚਿਹਰੇ ਨੂੰ ਮੈਦਾਨ ’ਚ ਉਤਾਰਦੀ ਹੈ
---
ਜਲੰਧਰ ਵੈਸਟ : ਸੁਰਿੰਦਰ ਕੌਰ ਤੇ ਪਵਨ ਕੁਮਾਰ ਵੱਲੋਂ ਹਲਕੇ ’ਚ ਪਕੜ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਹ ਦੋਵੇਂ ਦਾਅਵੇਦਾਰ ਲਗਾਤਾਰ ਆਪਣੇ ਹਲਕੇ ’ਚ ਸਰਗਰਮ ਹਨ।
---
ਜਲੰਧਰ ਨਾਰਥ: ਹੈਨਰੀ ਪਰਿਵਾਰ ਦਾ ਇਸ ਸੀਟ ਤੇ ਹਮੇਸ਼ਾ ਹੀ ਦਬਦਬਾ ਰਿਹਾ ਹੈ ਅਵਤਾਰ ਹੈਨਰੀ ਤੋਂ ਬਾਅਦ ਬਾਵਾ ਹੈਨਰੀ ਨੇ ਇਹ ਸੀਟ ਤੇ ਆਪਣੇ ਪਰਿਵਾਰ ’ਤੇ ਬਣਾਈ ਹੋਈ ਛਵੀ ਨੂੰ ਉਸੇ ਤਰ੍ਹਾਂ ਹੀ ਮਜਬੂਤ ਰੱਖਿਆ ਤੇ ਹਲਕੇ ’ਚ ਕੋਈ ਹੋਰ ਅਜਿਹਾ ਦਾਅਵੇਦਾਰ ਅੱਗੇ ਨਹੀਂ ਆ ਰਿਹਾ ਜੋ ਬਾਵਾ ਹੈਨਰੀ ਦਾ ਮੁਕਾਬਲਾ ਕਰ ਸਕੇ। ਹੈਨਰੀ ਪਰਿਵਾਰ ਵੱਲੋਂ ਇਸ ਹਲਕੇ ਦੇ ਵਿਕਾਸ ਅਤੇ ਵੋਟਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਣ ਕਾਰਨ ਇਨ੍ਹਾਂ ਦੀ ਹਰਮਨ ਪਿਆਰਤਾ ਨੂੰ ਨਹੀਂ ਘਟਾ ਸਕਿਆ। ਪਾਰਟੀ ਕੇਡਰ ਨੂੰ ਬਾਵਾ ਹੈਨਰੀ ਦੀ ਰਹਿਨੁਮਾਈ ਹੇਠ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
---
ਆਸਪਾਸ ਦੇ ਜ਼ਿਲ੍ਹਿਆਂ ਦਾ ਹਾਲ
ਹੁਸ਼ਿਆਰਪੁਰ ਤੇ ਚਬੇਵਾਲ: ਯਾਮਨੀ ਗੌਹਰ, ਆਈ.ਪੀ.ਐੱਸ. ਤੁਲਸੀ ਰਾਮ, ਦਸੂਹਾ ਤੋਂ ਇੰਦੂ ਤੇ ਟਾਂਡਾ ਉੜਮੁੜ ਤੋਂ ਪਵਨ ਅਦੀਆ ਵਰਗੇ ਆਗੂਆਂ ਦੀ ਸਰਗਰਮੀ ਨਾਲ ਕਾਂਗਰਸ ਜ਼ਮੀਨ ਮਜ਼ਬੂਤ ਕਰਨ ’ਚ ਲੱਗੀ ਹੈ।
ਕਪੂਰਥਲਾ : ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਦੀ ਬੇਬਾਕ ਆਵਾਜ਼ ਪਾਰਟੀ ਨੂੰ ਵੱਡਾ ਆਧਾਰ ਦੇ ਰਹੀ ਹੈ, ਜਦਕਿ ਸੁਲਤਾਨਪੁਰ ਲੋਧੀ ’ਚ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਤੇ ਬਲਜਿੰਦਰ ਸਿੰਘ ਵਿਚਕਾਰ ਸਿਆਸੀ ਸਮੀਕਰਨ ਕਾਫ਼ੀ ਮਾਇਨੇ ਰੱਖਦੇ ਹਨ।
ਨਵਾਂਸ਼ਹਿਰ ਵਿਧਾਨ ਸਭਾ ਹਲਕਾ : ਇਸ ਹਲਕੇ ਤੋਂ ਅੰਗਦ ਸੈਣੀ, ਸਤਵੀਰ ਸਿੰਘ ਪੱਲੀ ਝਿੱਕੀ, ਕੈਪਟਨ ਸੰਦੀਪ ਸਿੰਘ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਬੰਗਾ ਵਿਧਾਨ ਸਭਾ ਹਲਕੇ ਤੋਂ ਮੀਨਾ ਸੂੰਡ, ਡਾ ਬਖ਼ਸ਼ੀਸ਼, ਸੁਰੇਸ਼ ਕੁਮਾਰ (ਸਾਬਕਾ ਡੀ.ਜੀ.ਪੀ.) ਤੇ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਅਜੈ ਮੰਗੂਪੁਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਸਮਤ ਅਜ਼ਮਾਉਣ ਲਈ ਤਿਆਰ ਹਨ ਹੁਣ ਦੇਖਣਾ ਇਹ ਹੈ ਕਿ ਪਾਰਟੀ ਕਿਹੜੇ ਕਿਹੜੇ ਉਮੀਦਵਾਰ ਤੇ ਆਪਣਾ ਭਰੋਸਾ ਪ੍ਰਗਟਾਉਂਦੀ ਹੈ ਤੇ ਇਸ ਨੂੰ ਉਮੀਦਵਾਰ ਐਲਾਨਦੀ ਹੈ।
---
ਚੁਣੌਤੀਆਂ ਤੇ ਅੱਗੇ ਦੀ ਰਾਹ
ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਦੋਆਬੇ ਵਿੱਚ ਵਧਦਾ ਪ੍ਰਭਾਵ ਅਤੇ ਪਰਗਟ ਸਿੰਘ ਦੀ ਰਣਨੀਤਕ ਸੂਝ-ਬੂਝ ਕਾਂਗਰਸ ਲਈ ਵਰਤਮਾਨ ਸਿਆਸੀ ਦੌਰ ’ਚ ਸੰਜੀਵਨੀ ਬੂਟੀ ਦਾ ਕੰਮ ਕਰ ਸਕਦੀ ਹੈ। ਹਾਲਾਂਕਿ, ਅਸਲ ਚੁਣੌਤੀ ਟਿਕਟਾਂ ਦੀ ਵੰਡ ਸਮੇਂ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਰੋਕਣਾ ਤੇ ਸਾਰੇ ਧੜਿਆਂ ਨੂੰ ਇਕੱਠੇ ਕਰਕੇ ਮੈਦਾਨ ’ਚ ਉਤਰਨਾ ਹੋਵੇਗਾ। ਜੇਕਰ ਕਾਂਗਰਸ ਹਾਈਕਮਾਨ ਹਲਕਾ ਵਾਰ ਉਮੀਦਵਾਰਾਂ ਦੇ ਫ਼ੈਸਲੇ ਸੂਝ-ਬੂਝ ਨਾਲ ਲੈਂਦੀ ਹੈ ਤਾਂ ਦੋਆਬਾ ਇਕ ਵਾਰ ਫਿਰ ਪਾਰਟੀ ਦੀ ਕਿਸਮਤ ਬਦਲਣ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
---
ਦੋਆਬੇ ’ਚ ਜਾਤੀ ਸਮੀਕਰਨ ਤੇ ਦਲਿਤ ਵੋਟ ਬੈਂਕ ਦੀ ਸਥਿਤੀ
ਪੰਜਾਬ ਵਿਚ ਦਲਿਤ ਆਬਾਦੀ ਦੇਸ਼ ਭਰ ਵਿਚ ਸਭ ਤੋਂ ਵੱਧ (ਲਗਭਗ 32% ਤੋਂ 33%) ਹੈ ਪਰ ਜਦੋਂ ਗੱਲ ਦੋਆਬਾ ਖੇਤਰ (ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਐਸ.ਬੀ.ਐਸ. ਨਗਰ) ਦੀ ਆਉਂਦੀ ਹੈ ਤਾਂ ਇਹ ਅੰਕੜਾ ਵੱਧ ਕੇ 40% ਤੋਂ 45% ਅਤੇ ਕਈ ਪੇਂਡੂ ਹਲਕਿਆਂ ’ਚ 50% ਤੋਂ ਵੀ ਵੱਧ ਹੋ ਜਾਂਦਾ ਹੈ। ਮਾਲਵੇ ਦੇ ਉਲਟ, ਜਿੱਥੇ ਮਜ਼੍ਹਬੀ ਸਿੱਖ ਭਾਈਚਾਰਾ ਵੱਡੀ ਗਿਣਤੀ ’ਚ ਹੈ, ਉਥੇ ਦੋਆਬੇ ਵਿਚ ਰਵਿਦਾਸੀਆ, ਰਾਮਦਾਸੀਆ ਤੇ ਆ-ਧਰਮੀ ਭਾਈਚਾਰੇ ਦਾ ਦਬਦਬਾ ਹੈ। ਦੋਆਬੇ ਦਾ ਦਲਿਤ ਵਰਗ ਉੱਚ ਸਾਖਰਤਾ ਦਰ, ਵਿਦੇਸ਼ਾਂ ਨਾਲ ਮਜ਼ਬੂਤ ਸਬੰਧਾਂ ਅਤੇ ਡੇਰਾ ਸੱਚਖੰਡ ਬੱਲਾਂ ਵਰਗੇ ਧਾਰਮਿਕ ਅਸਥਾਨਾਂ ਕਾਰਨ ਬਹੁਤ ਵੱਡੀ ਸਿਆਸੀ ਚੇਤਨਾ ਰੱਖਦਾ ਹੈ। ਇੱਥੇ ਵੋਟਰ ਸਿਰਫ਼ ਰਵਾਇਤੀ ਲੀਹਾਂ 'ਤੇ ਨਹੀਂ, ਸਗੋਂ ਆਪਣੇ ਭਾਈਚਾਰੇ ਦੇ ਮਾਣ-ਸਤਿਕਾਰ ਅਤੇ ਹਿੱਸੇਦਾਰੀ ਨੂੰ ਦੇਖ ਕੇ ਫ਼ੈਸਲਾ ਕਰਦੇ ਹਨ। ਇਤਿਹਾਸਕ ਤੌਰ 'ਤੇ ਦੋਆਬਾ ਕਾਂਗਰਸ ਦਾ ਗੜ੍ਹ ਰਿਹਾ ਹੈ ਤੇ ਵੱਡੀ ਗਿਣਤੀ ’ਚ ਦਲਿਤ ਵੋਟਰ ਕਾਂਗਰਸ ਨਾਲ ਜੁੜੇ ਰਹੇ ਹਨ। ਹਾਲਾਂਕਿ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪ੍ਰਭਾਵ ਤੇ ਆਮ ਆਦਮੀ ਪਾਰਟੀ (ਆਪ) ਦੇ ਉਭਾਰ ਕਾਰਨ ਹੁਣ ਇਹ ਵੋਟ ਬੈਂਕ ਬਹੁਕੋਣੀ ਮੁਕਾਬਲੇ ’ਚ ਵੰਡਿਆ ਗਿਆ ਹੈ।
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਦੋਆਬੇ ਦੇ ਦਲਿਤ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਇੱਕ ਵੱਡੀ ਰਣਨੀਤੀ ਸੀ। ਭਾਵੇਂ 2022 ਦੀਆਂ ਚੋਣਾਂ ’ਚ ਇਸ ਦਾ ਮਿਸ਼ਰਤ ਅਸਰ ਦੇਖਣ ਨੂੰ ਮਿਲਿਆ ਪਰ ਪਾਰਟੀ ਹੁਣ ਵੀ ਇਸ ਭਾਵਨਾਤਮਕ ਅਤੇ ਆਬਾਦੀ ਆਧਾਰਿਤ ਸਮੀਕਰਨ ਨੂੰ ਆਪਣੀ ਤਾਕਤ ਬਣਾਉਣਾ ਚਾਹੁੰਦੀ ਹੈ।