ਅਮਿੱਟ ਯਾਦਾਂ ਛੱਡ ਗਈ ਏਸ਼ੀਅਨ ਹਾਕੀ ਚੈਂਪੀਅਨਸ਼ਿਪ, ਸੁਰਜੀਤ ਹਾਕੀ ਸਟੇਡੀਅਮ 'ਚ ਬਣੇ ਨਵੇਂ ਰਿਕਾਰਡ ਅਮਿੱਟ ਯਾਦਾਂ ਛੱਡ ਗਈ ਏਸ਼ੀਅਨ ਹਾਕੀ ਚੈਂਪੀਅਨਸ਼ਿਪ,
Publish Date: Mon, 02 Nov 2026 11:39 PM (IST)
Updated Date: Mon, 02 Nov 2026 11:41 PM (IST)
ਜਲੰਧਰ ਨੇ ਦਿੱਤੀ ਯਾਦਗਾਰੀ ਵਿਦਾਇਗੀ ਪੁੱਜੇ ਦਰਸ਼ਕਾਂ ਨੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਵਿਸ਼ਵ ਪੱਧਰੀ ਪ੍ਰਬੰਧਾਂ ਦੀ ਕੀਤੀ ਸ਼ਲਾਘਾ ਦਰਸ਼ਕਾਂ ਦੀਆੰ ਫੋਟੋਆ ਹਿੰਦੀ ਵਿਚੋ ਲੈ ਲੈਣਾ ਤੇ ਇਹ ਨਾਲ ਜੋ ਲਗਾਈਆਂ ਹਨ ਇਹ ਵੀ ਲਗਾ ਦੇਣਾ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੀ ਗਈ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਆਖਰੀ ਮੈਚ ਨਾਲ ਹੀ ਇਸ ਖੇਡ ਮਹਾਕੁੰਭ ਨੂੰ ਜਲੰਧਰ ਵਾਸੀਆਂ ਨੇ ਬੇਹੱਦ ਧੂਮਧਾਮ ਅਤੇ ਉਤਸ਼ਾਹ ਨਾਲ ਯਾਦਗਾਰੀ ਵਿਦਾਇਗੀ ਦਿੱਤੀ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੇ ਜਿੱਥੇ ਖੇਡ ਪ੍ਰੇਮੀਆਂ ਨੂੰ ਰੋਮਾਂਚਕ ਮੁਕਾਬਲੇ ਵੇਖਣ ਦਾ ਮੌਕਾ ਦਿੱਤਾ, ਉੱਥੇ ਹੀ ਭਾਰਤੀ ਖਿਡਾਰੀਆਂ ਨੇ ਆਪਣੇ ਘਰੇਲੂ ਮੈਦਾਨ ਤੇ ਨਵੇਂ ਇਤਿਹਾਸਿਕ ਰਿਕਾਰਡ ਵੀ ਕਾਇਮ ਕੀਤੇ। ਹਰਮਨਪ੍ਰੀਤ ਸਿੰਘ ਨੇ ਤੋੜਿਆ ਬਲਬੀਰ ਸਿੰਘ ਸੀਨੀਅਰ ਦਾ ਰਿਕਾਰਡ ਟੂਰਨਾਮੈਂਟ ਦੌਰਾਨ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ 246 ਅੰਤਰਰਾਸ਼ਟਰੀ ਗੋਲਾਂ ਦੇ ਇਤਿਹਾਸਕ ਰਿਕਾਰਡ ਨੂੰ ਪਿੱਛੇ ਛੱਡਦਿਆਂ ਆਪਣੇ ਗੋਲਾਂ ਦੀ ਗਿਣਤੀ 250 ਕਰ ਲਈ ਹੈ। ਇਸ ਦੇ ਨਾਲ ਹੀ ਉਹ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਵੀ ਸਭ ਤੋਂ ਵੱਧ ਗੋਲ ਕਰਨ ਵਾਲੇ ਮੋਹਰੀ ਖਿਡਾਰੀ ਬਣ ਗਏ ਹਨ। ਅਭਿਸ਼ੇਕ ਨੇ ਪੂਰੇ ਕੀਤੇ 150 ਅੰਤਰਰਾਸ਼ਟਰੀ ਮੈਚ 30 ਅਕਤੂਬਰ ਨੂੰ ਜਾਪਾਨ ਵਿਰੁੱਧ ਖੇਡੇ ਗਏ ਤੀਜੇ ਲੀਗ ਮੈਚ ਦੌਰਾਨ ਭਾਰਤੀ ਫਾਰਵਰਡ ਖਿਡਾਰੀ ਅਭਿਸ਼ੇਕ ਨੈਨ ਨੇ ਆਪਣੇ 150 ਅੰਤਰਰਾਸ਼ਟਰੀ ਮੈਚ ਪੂਰੇ ਕਰਨ ਦਾ ਮਾਣ ਹਾਸਲ ਕੀਤਾ। ਉਹ ਹਰਿਆਣਾ ਦੇ ਚੌਥੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਸਰਦਾਰ ਸਿੰਘ (314 ਮੈਚ), ਸੁਮਿਤ ਵਾਲਮੀਕੀ (150 ਮੈਚ) ਅਤੇ ਸੁਰਿੰਦਰ ਕੁਮਾਰ (150 ਤੋਂ ਵੱਧ ਮੈਚ) ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਵਿਸ਼ਵ ਪੱਧਰੀ ਪ੍ਰਬੰਧਾਂ ਦੀ ਚਾਰੇ ਪਾਸੇ ਸ਼ਲਾਘਾ ਟੂਰਨਾਮੈਂਟ ਦੇ ਸਾਰੇ ਦਿਨਾ ਵਿਚ ਸਟੇਡੀਅਮ ਚ ਦਰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਥਾਨਕ ਵਸਨੀਕਾਂ ਅਤੇ ਹਾਕੀ ਪ੍ਰੇਮੀਆਂ ਨੇ ਪੂਰੇ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਯੋਜਨਾਬੰਦੀ ਦੀ ਭਰਪੂਰ ਸ਼ਲਾਘਾ ਕੀਤੀ। ਗਾਂਧੀ ਕੈਂਪ ਦੇ ਵਸਨੀਕ ਸੌਰਵ ਨੇ ਦੱਸਿਆ ਕਿ ਸਟੇਡੀਅਮ ਦੇ ਐਂਟਰੀ ਅਤੇ ਐਗਜ਼ਿਟ ਗੇਟਾਂ ਤੇ ਬਹੁਤ ਵਧੀਆ ਵਿਵਸਥਾ ਸੀ। ਭਾਰੀ ਭੀੜ ਦੇ ਬਾਵਜੂਦ ਕਿਸੇ ਨੂੰ ਆਉਣ-ਜਾਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਈ। ਸਥਾਨਕ ਨਿਵਾਸੀ ਸਾਹਿਲ ਕੁਮਾਰ ਨੇ ਕਿਹਾ ਕਿ ਪਾਰਕਿੰਗ ਦੀ ਸੁਚੱਜੀ ਜਗ੍ਹਾ, ਜਨਤਕ ਸਹੂਲਤਾਂ ਅਤੇ ਫੂਡ ਕੋਰਟ ਨੇ ਦਰਸ਼ਕਾਂ ਦੇ ਅਨੁਭਵ ਨੂੰ ਹੋਰ ਵਧੀਆ ਬਣਾ ਦਿੱਤਾ।ਸਟੇਡੀਅਮ ਤੋਂ ਬਾਹਰ ਮੌਜੂਦ ਹਜ਼ਾਰਾਂ ਦਰਸ਼ਕਾਂ ਲਈ ਆਸ-ਪਾਸ ਵੱਡੀਆਂ ਐੱਲ.ਈ.ਡੀ. ਸਕ੍ਰੀਨਾਂ ਲਗਾਈਆਂ ਗਈਆਂ ਸਨ। ਬਸਤੀ ਬਾਵਾ ਖੇਲ ਦੇ ਬਲਜੀਤ ਸਿੰਘ ਨੇ ਦੱਸਿਆ ਕਿ ਸਸਤੇ ਭੋਜਨ ਪਦਾਰਥਾਂ ਅਤੇ ਲਾਈਵ ਸਕ੍ਰੀਨਿੰਗ ਨੇ ਸਟੇਡੀਅਮ ਦੇ ਬਾਹਰ ਵੀ ਮੇਲੇ ਵਰਗਾ ਮਾਹੌਲ ਬਣਾ ਦਿੱਤਾ। ਅੰਮ੍ਰਿਤ ਵਿਹਾਰ ਦੇ ਰਹਿਣ ਵਾਲੇ ਦ੍ਰਿਸ਼ਟੀ, ਮੋਨਾ, ਅਰਸ਼ਦੀਪ, ਤਰਨਜੀਤ ਸਿੰਘ,ਰਜਿੰਦਰ ਕੌਰ ਨੇ ਦੱਸਿਆ ਕਿ ਅਸੀੰ ਆਪਣੀ ਜ਼ਿੰਦਗੀ ਵਿਚ ਪਹਿਲਾ ਮੈਚ ਦੇਖਿਆ ਹੈ। ਹੁਣ ਖੇਡਾਂ ਨਾਲ ਪਿਆਰ ਹੋ ਗਿਆ ਹੈ। ਉਹਨਾਂ ਮੁੱਖ ਮੰਤਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆੰ ਕਿਹਾ ਕਿ ਜਲੰਧਰ ਵਿਚ ਅੰਤਰਰਾਸ਼ਟਰੀ ਪੱਧਰ ਦੇ ਮੈਚ ਦੇਖ ਦੇ ਮਾਣ ਮਹਿਸੂਸ ਹੋ ਰਿਹਾ ਹੈ। ਸਾਰੇ ਪ੍ਰਬੰਧ ਬਹੁਤ ਵਧੀਆ ਸਨ। ਸਰਕਾਰ ਦੇ ਅਜਿਹੇ ਉਪਰਾਲੇ ਨੌਜਵਾਨ ਪੀੜੀ ਨੂੰ ਨਸ਼ਿਆ ਤੋੰ ਦੂਰ ਕਰ ਸਕਦੀ ਹੈ। ਭਵਿੱਖ ਲਈ ਨਵੀਆਂ ਉਮੀਦਾਂ ਸੁਰਜੀਤ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਜਲੰਧਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਖੇਡ ਪ੍ਰੇਮੀਆਂ ਨੇ ਉਮੀਦ ਜਤਾਈ ਹੈ ਕਿ ਇਸ ਵੱਕਾਰੀ ਟੂਰਨਾਮੈਂਟ ਦੀ ਸਫ਼ਲਤਾ ਨਾਲ ਜਲੰਧਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਲਈ ਰਾਹ ਪੱਧਰਾ ਹੋਵੇਗਾ।