- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਹਾਕੀ ਚੈਂਪੀਅਨਜ਼: ਜਲੰਧਰ ਪਹੁੰਚਦਿਆਂ ਹੀ ਅਭਿਆਸ ਵਿੱਚ ਜੁੱਟੀ ਭਾਰਤੀ ਟੀਮ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਮਹਾਂਕੁੰਭ ਜਲੰਧਰ ਦੀ ਧਰਤੀ ’ਤੇ ਹੋਣ ਜਾ ਰਿਹਾ ਹੈ। ਇਸ ਮਹਾਂ ਕੁੰਭ ਨੂੰ ਲੈ ਕੇ ਜਿੱਥੇ ਹਾਕੀ ਪ੍ਰੇਮੀਆਂ ’ਚ ਭਰਪੂਰ ਉਤਸ਼ਾਹ ਹੈ ਉੱਥੇ ਨਾਲ ਹੀ ਖੇਡ ਪ੍ਰੇਮੀ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਇਸ ਚੈਂਪੀਅਨਸ਼ਿਪ ਦੇ ਲੀਗ ਮੁਕਾਬਲੇ ਇਤਿਹਾਸਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋਣਗੇ ਅਤੇ ਬਾਕੀ ਮੈਚ ਮੁਹਾਲੀ ’ਚ ਖੇਡੇ ਜਾਣਗੇ।
ਭਾਰਤੀ ਹਾਕੀ ਟੀਮ ਚੈਂਪੀਅਨਸ਼ਿਪ ਤੇ ਸਬੰਧ ’ਚ ਸੋਮਵਾਰ ਸ਼ਾਮ ਸਾਢੇ ਪੰਜ ਵਜੇ ਭਾਰਤੀ ਹਾਕੀ ਟੀਮ ਸਟੇਡੀਅਮ ਪਹੁੰਚੀ, ਜਿੱਥੇ ਹਾਕੀ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤੇ ਹਾਕੀ ਪੰਜਾਬ ਦੇ ਪ੍ਰੈਜ਼ੀਡੈਂਟ ਨਿਤਿਨ ਕੋਹਲੀ ਨੇ ਟੀਮ ਦਾ ਨਿੱਘਾ ਸਵਾਗਤ ਕੀਤਾ। ਬੱਸ ਤੋਂ ਉਤਰਦਿਆਂ ਹੀ ਜੂਨੀਅਰ ਖਿਡਾਰੀਆਂ ਨੇ ਹਾਕੀਆਂ ਉੱਪਰ ਚੁੱਕ ਕੇ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ। ਢੋਲ ਦੇ ਡਗੇ ’ਤੇ ਭੰਗੜੇ ਦੀਆਂ ਧੁਨਾਂ ਦੇ ਵਿਚਾਲੇ ਖਿਡਾਰੀਆਂ ਨੂੰ ਜੀ ਆਇਆ ਕਿਹਾ ਗਿਆ, ਜਿਸ ਤੋਂ ਤੁਰੰਤ ਬਾਅਦ ਭਾਰਤੀ ਟੀਮ ਨੇ ਮੈਦਾਨ ’ਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ।
---------
ਹਰ ਟੀਮ ਲਈ ਵੱਖਰੀ ਰਣਨੀਤੀ : ਕਪਤਾਨ ਹਰਮਨਪ੍ਰੀਤ ਸਿੰਘ
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਏਸ਼ੀਅਨ ਗੇਮ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਟੀਮ ਆਪਣੇ ਘਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਜੀਵਨ ’ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਨ੍ਹਾਂ ਦਾ ਪਰਿਵਾਰ ਸਟੇਡੀਅਮ ’ਚ ਬੈਠ ਕੇ ਲਾਈਵ ਮੈਚ ਦੇਖੇਗਾ। ਕਪਤਾਨ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਟੀਮ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਰਿਹਾ ਤੇ ਹਰ ਵਿਰੋਧੀ ਟੀਮ ਲਈ ਵੱਖਰੀ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਕਈ ਮਹਾਨ ਓਲੰਪੀਅਨ ਦਿੱਤੇ ਹਨ, ਜਿਨਾਂ ’ਚ ਜਲੰਧਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਟੀਮ ਦਾ ਟੀਚਾ ਸਾਲ 2028 ਦੀਆਂ ਓਲੰਪਿਕ ਖੇਡਾਂ ਲਈ ਪੂਰੀ ਤਾਕਤ ਲਗਾਉਣਾ ਹੈ ਤਾਂ ਜੋ ਇਸ ਵਾਰ ਤਗ਼ਮੇ ਦਾ ਰੰਗ ਬਦਲ ਸਕੇ। 27 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਪਹਿਲਾ ਮੈਚ ਖੇਡਣ ਲਈ ਟੀਮ ਪੂਰੇ ਜੋਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਪਣੇ ਘਰ ’ਚ ਖੇਡਣਾ ਆਨੰਦਮਈ ਹੈ ਉੱਥੇ ਨਾਲ ਹੀ ਚੁਣੌਤੀ ਭਰਪੂਰ ਵੀ ਹੈ। ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਇਸ ਆਯੋਜਨ ਨਾਲ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਜਾਣੂ ਹੋਣ ਦਾ ਮੌਕਾ ਮਿਲੇਗਾ। ਇਸ ਨਾਲ ਪੰਜਾਬ ਦੀ ਖੇਡ ਵਿਰਸੇ ਨੂੰ ਪ੍ਰਦਰਸ਼ਿਤ ਕਰਨ ਤੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਣਾ ਮਿਲਣ ਦੀ ਉਮੀਦ ਹੈ।
------------
ਵਿਦੇਸ਼ੀ ਟੀਮਾਂ ਦੀ ਆਮਦ ਤੇ ਰਿਹਾਇਸ਼ ਦੇ ਪ੍ਰਬੰਧ
ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਟੀਮ ਇੰਡੀਆ ਦੀ 30 ਮੈਂਬਰੀ ਟੀਮ ਜਲੰਧਰ ਪਹੁੰਚ ਚੁੱਕੀ ਹੈ ਉਨ੍ਹਾਂ ਨੇ ਆਪਣਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਭਾਰਤੀ ਹਾਕੀ ਟੀਮ ਦੀ ਰਿਹਾਇਸ਼ ਦਾ ਪ੍ਰਬੰਧ ਹੋਟਲ ਬਲੂਮ ’ਚ ਕੀਤਾ ਗਿਆ ਹੈ। 22 ਅਕਤੂਬਰ ਨੂੰ 23 ਮੈਂਬਰੀ ਜਪਾਨ ਦੀ ਟੀਮ ਚੰਡੀਗੜ੍ਹ ਏਅਰਪੋਰਟ ਤੋਂ ਸ਼ਾਮ ਨੂੰ ਜਲੰਧਰ ਵਿਖੇ ਪਹੁੰਚੇਗੀ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਡਬਲਿਊ ਜੇ ਗ੍ਰੈਂਡ ਹੋਟਲ ’ਚ ਕੀਤਾ ਗਿਆ ਹੈ। ਮਲੇਸ਼ੀਆ ਦੀ 28 ਮੈਂਬਰੀ ਟੀਮ 23 ਅਕਤੂਬਰ ਨੂੰ ਪਹੁੰਚ ਅੰਮ੍ਰਿਤਸਰ ਏਅਰਪੋਰਟ ਤੋਂ ਜਲੰਧਰ ਪਹੁੰਚ ਰਹੀ ਹੈ ਜਿਨ੍ਹਾਂ ਦੇ ਠਹਿਰਣ ਲਈ ਫਾਰਚਿਊਨ ਐਵੇਨਿਊ ਵਿਖੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ 21 ਮੈਂਬਰੀ ਬੰਗਲਾਦੇਸ਼ ਦੀ ਟੀਮ ਵੀ 23 ਅਕਤੂਬਰ ਨੂੰ ਪਹੁੰਚੇਗੀ ਤੇ ਰਾਮਾਡਾ ਬਾਈ ਵਿੰਡਹੈਮ ’ਚ ਠਹਿਰੇਗੀ।
ਕੋਰੀਆ ਦੀ 24 ਮੈਂਬਰੀ ਕਮੇਟੀ 24 ਅਕਤੂਬਰ ਨੂੰ ਚੰਡੀਗੜ ਏਅਰਪੋਰਟ ਤੋਂ ਜਲੰਧਰ ਪਹੁੰਚੇਗੀ। ਇਨ੍ਹਾਂ ਦੇ ਠਹਿਰਾਅ ਦਾ ਇੰਤਜ਼ਾਮ ਗੋਲਡਨ ਟਿਊਲਿਪ ’ਚ ਕੀਤਾ ਗਿਆ ਹੈ। ਚੀਨ ਦੀ 28 ਮੈਂਬਰੀ ਟੀਮ ਵੀ 24 ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਜਲੰਧਰ ਪਹੁੰਚੇਗੀ ਜਿਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਟੋਟਲ ਅੰਬੈਜਡਰ ’ਚ ਕੀਤਾ ਗਿਆ ਹੈ। ਭਾਰਤੀ ਦਲ ਦੇ ਠਹਿਰਣ ਦੀ ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ ਦਾ ਸ਼ਾਨਦਾਰ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਰ ਕਮਲਾਂ ਨਾਲ ਕਰਨਗੇ ਤੇ ਪਹਿਲੇ ਮੈਚ ’ਚ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਦੱਸ ਦਈਏ ਕਿ ਇਨਾ ਮੈਚਾਂ ’ਚ ਖੇਡ ਪ੍ਰੇਮੀਆਂ ਲਈ ਐਂਟਰੀ ਫਰੀ ਹੈ। ਵੱਡੀ ਪੱਧਰ ਤੇ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।