- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਮਿੱਤਲ ਨੇ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਰਾਮਬਾਗ ਪ੍ਰਬੰਧਕ ਕਮੇਟੀ, ਜਲੰਧਰ ਕੈਂਟ ਵਿਖੇ ਰੱਖਿਆ ਨੀਂਹ ਪੱਥਰ, ਐੱਮਪੀ ਲੈਡ ਫੰਡ ਨਾਲ ਸੰਵਰੇਗੀ ਸਮਾਜਿਕ ਸੰਸਥਾ ਦੀ ਤਸਵੀਰ
ਰਾਮਬਾਗ ਤੇ ਮਾਡਲ ਟਾਊਨ ਸੋਸਾਇਟੀ ਦੀਆਂ ਇਮਾਰਤਾਂ ਦੀ ਬਦਲੇਗੀ ਨੁਹਾਰ, 1.50 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ
ਜਨ-ਭਾਗੀਦਾਰੀ ਨਾਲ ਵਿਕਾਸ : ਜਲੰਧਰ ਨੇ ਪ੍ਰਧਾਨ ਮੰਤਰੀ ਮੋਦੀ ਦੇ ‘ਵਿਕਸਿਤ ਭਾਰਤ @2047’ ਦੇ ਟੀਚੇ ਵੱਲ ਵਧਾਇਆ ਇਕ ਹੋਰ ਕਦਮ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ
ਜਲੰਧਰ : ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਐੱਮਪੀ ਲੈਡ ਫੰਡ ਵਿੱਚੋਂ ਸ਼ਹਿਰ ਦੇ ਦੋ ਸਥਾਨਾਂ ’ਤੇ 1.50 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਭਾਜਪਾ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਬਰਾੜ, ਸਾਬਕਾ ਵਿਧਾਇਕ ਸਰਬਜੀਤ ਮੱਕੜ, ਭਾਜਪਾ ਦੇ ਸੂਬਾ ਸਕੱਤਰ ਅਮਰਜੀਤ ਅਮਰੀ, ਭਾਜਪਾ ਆਗੂ ਅਮਿਤ ਤਨੇਜਾ, ਕੌਂਸਲਰ ਕੰਵਰ ਸਰਤਾਜ, ਕੌਂਸਲਰ ਅਰੁਣਾ ਅਰੋੜਾ, ਕੌਂਸਲਰ ਬਲਰਾਜ ਠਾਕੁਰ, ਰਮੇਸ਼ ਮਿੱਤਲ, ਨਰੇਸ਼ ਮਿੱਤਲ, ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ, ਕੈਂਟ ਭਾਜਪਾ ਮੰਡਲ ਪ੍ਰਧਾਨ ਰਵੀ ਖੁਰਾਣਾ, ਮਨੀਸ਼ਾ ਜੈਨ, ਨਰੇਸ਼ ਵਾਲੀਆ, ਦੀਪਾਲੀ ਬਾਗੜੀਆ, ਬਲਰਾਜ ਬਧਨ ਅਤੇ ਜਸ ਜੌਹਲ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ।
ਇਹ ਪ੍ਰੋਗਰਾਮ ਭਾਜਪਾ ਦੇ ਸੇਵਾ ਸੰਕਲਪ ਅਭਿਆਨ ਤਹਿਤ ਕਰਵਾਏ ਗਏ। ਇਸ ਦਾ ਉਦੇਸ਼ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ‘ਵਿਕਸਿਤ ਭਾਰਤ @2047’ ਦੇ ਸਾਂਝੇ ਕੌਮੀ ਸੰਕਲਪ ਨਾਲ ਜੋੜਨਾ ਹੈ। ਇਨ੍ਹਾਂ ਪ੍ਰੋਜੈਕਟਾਂ ਤਹਿਤ ਸ਼ਹਿਰ ਦੀਆਂ ਦੋ ਪ੍ਰਮੁੱਖ ਸਮਾਜਿਕ ਸੰਸਥਾਵਾਂ ਦੀਆਂ ਇਮਾਰਤਾਂ ਦਾ ਨਵੀਨੀਕਰਨ ਅਤੇ ਨਵਾਂ ਨਿਰਮਾਣ ਕੀਤਾ ਜਾਵੇਗਾ, ਜਿਸ ਦਾ ਸਿੱਧਾ ਲਾਭ ਜਲੰਧਰ ਕੈਂਟ ਅਤੇ ਮਾਡਲ ਟਾਊਨ ਦੇ ਇਲਾਕਾ ਨਿਵਾਸੀਆਂ ਨੂੰ ਮਿਲੇਗਾ।
ਰਾਮਬਾਗ ਪ੍ਰਬੰਧਕ ਕਮੇਟੀ ਲਈ ਇਕ ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ
ਜਲੰਧਰ ਕੈਂਟ ਦੇ ਰਹਿਮਾਨਪੁਰ, ਦੀਪ ਨਗਰ ਸਥਿਤ ਰਾਮਬਾਗ ਪ੍ਰਬੰਧਕ ਕਮੇਟੀ (ਰਜਿ.) ਵਿਖੇ ਇਕ ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਅਤੇ ਨਵੇਂ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਕੰਮ ਪੂਰਾ ਹੋਣ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਅਤੇ ਆਸ-ਪਾਸ ਦੇ ਵਸਨੀਕਾਂ ਨੂੰ ਬਿਹਤਰ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ। ਨੀਂਹ ਪੱਥਰ ਰੱਖੇ ਜਾਣ ਨਾਲ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ ਹੋ ਗਈ ਹੈ।
ਮਾਡਲ ਟਾਊਨ ਸੁਸਾਇਟੀ ਲਈ 50 ਲੱਖ ਰੁਪਏ ਦਾ ਪ੍ਰੋਜੈਕਟ
ਜਲੰਧਰ ਦੇ ਸ਼ਿਵਪੁਰੀ, ਮਾਡਲ ਟਾਊਨ ਸਥਿਤ ਮਾਡਲ ਟਾਊਨ ਸੁਸਾਇਟੀ (ਰਜਿ.) ਦੀ ਇਮਾਰਤ ਦੇ ਨਵੀਨੀਕਰਨ ਅਤੇ ਨਵੇਂ ਨਿਰਮਾਣ ਲਈ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਮਾਰਤ ਦੇ ਨਵੀਨੀਕਰਨ ਨਾਲ ਸੋਸਾਇਟੀ ਦੇ ਮੈਂਬਰਾਂ ਅਤੇ ਮਾਡਲ ਟਾਊਨ ਦੇ ਵਸਨੀਕਾਂ ਨੂੰ ਸਮਾਜਿਕ ਗਤੀਵਿਧੀਆਂ ਲਈ ਬਿਹਤਰ ਸਥਾਨ ਮਿਲੇਗਾ। ਇਸ ਨਾਲ ਸੋਸਾਇਟੀ ਆਪਣੇ ਮੈਂਬਰਾਂ ਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰ ਸਕੇਗੀ। ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਸਮਾਗਮਾਂ ਵਿੱਚ ਮੌਜੂਦ ਰਹੇ। ਉਨ੍ਹਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਨਵੀਆਂ ਸਹੂਲਤਾਂ ਨੂੰ ਲੰਬੇ ਸਮੇਂ ਤੋਂ ਲੋੜੀਂਦੀ ਜ਼ਰੂਰਤ ਦੱਸਿਆ ਅਤੇ ਸੰਸਦ ਮੈਂਬਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।
ਡਾ. ਮਿੱਤਲ ਜਨ-ਕਲਿਆਣ ਅਤੇ ਖੇਤਰੀ ਵਿਕਾਸ ਲਈ ਆਪਣੇ ਐੱਮਪੀ ਲੈਡ ਫੰਡ ਦੀ ਲਗਾਤਾਰ ਵਰਤੋਂ ਕਰਦੇ ਆ ਰਹੇ ਹਨ। ਇਹ ਪ੍ਰੋਜੈਕਟ ਆਮ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਅਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੀ ਇੱਕ ਹੋਰ ਕੜੀ ਹਨ। ਦੋਵੇਂ ਵਿਕਾਸ ਕਾਰਜ ਸ਼ੁਰੂ ਹੋਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਸਮੇਂ ਸਿਰ ਮੁਕੰਮਲ ਕਰਨ ’ਤੇ ਧਿਆਨ ਦਿੱਤਾ ਜਾਵੇਗਾ ਤਾਂ ਜੋ ਇਲਾਕਾ ਨਿਵਾਸੀ ਜਲਦ ਤੋਂ ਜਲਦ ਨਵੀਆਂ ਸਹੂਲਤਾਂ ਦਾ ਲਾਭ ਲੈ ਸਕਣ।