ਆਰੀਅਨ ਤੇ ਅਰਸ਼ ਦੀ ਮੌਤ ਹਾਦਸਾ ਜਾਂ ਕਤਲ, ਬਣੀ ਬੁਝਾਰਤ
ਆਰੀਅਨ ਤੇ ਅਰਸ਼ ਦੀ ਮੌਤ ਦੁਰਘਟਨਾ ਜਾਂ ਕਤਲ ਕਰਕੇ ਹੋਈ ਬਣੀ ਬੁਝਾਰਤ
Publish Date: Mon, 19 Jan 2026 07:46 PM (IST)
Updated Date: Mon, 19 Jan 2026 07:48 PM (IST)

-ਪੁਲਿਸ ਅਧਿਕਾਰੀ ਇਸ ਮਾਮਲੇ ਦੀ ਬਾਰੀਕੀ ਨਾਲ ਕਰ ਰਹੇ ਹਨ ਜਾਂਚ ਪੜਤਾਲ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਨਜ਼ਦੀਕ ਪਿੰਡ ਬਹਿਰਾਮ ਸਰਿਸ਼ਤਾ ਤੋਂ ਇੱਟਾਂ-ਬੱਧੀ ਸੜਕ ’ਤੇ ਪਿੰਡ ਗੇਹਲੜਾਂ ਦੇ ਆਰੀਅਨ ਤੇ ਪਿੰਡ ਭੂੰਦੀਆਂ ਦੇ ਅਰਸ਼ ਦੀਆਂ ਮਿਲੀਆਂ ਲਾਸ਼ਾਂ ਨੇ ਖੇਤਰ ’ਚ ਸਨਸਨੀ ਫੈਲਾ ਦਿੱਤੀ ਹੈ। ਦੋਹਾਂ ਨੌਜਵਾਨਾਂ ਦੀ ਮੌਤ ਦੁਰਘਟਨਾ ਕਾਰਨ ਹੋਈ ਜਾਂ ਇਹ ਕਤਲ ਦਾ ਮਾਮਲਾ ਹੈ, ਇਸ ਬਾਰੇ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਹੋ ਸਕੀ ਤੇ ਮਾਮਲਾ ਬੁਝਾਰਤ ਬਣਿਆ ਹੋਇਆ ਹੈ। ਦੋਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਮਰਥਕਾਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਬਹਿਰਾਮ ਸਰਿਸ਼ਤਾ ਦੇ ਨੌਜਵਾਨ ਕਰਨ ਤੇ ਉਸਦੇ ਸਾਥੀਆਂ ਵੱਲੋਂ ਪੁਰਾਣੀ ਰੰਜਿਸ਼ ਦੇ ਚਲਦੇ ਆਰੀਅਨ ਤੇ ਅਰਸ਼ ਦਾ ਕਤਲ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਭੋਗਪੁਰ ’ਚ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕੌਮੀ ਮਾਰਗ ’ਤੇ ਲਗਪਗ ਚਾਰ ਘੰਟੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਸੀ। ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸੀਸੀਟੀਵੀ ਫੁਟੇਜ, ਪੋਸਟਮਾਰਟਮ ਰਿਪੋਰਟ ਤੇ ਹੋਰ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਪੁਲਿਸ ਵੱਲੋਂ 21 ਜਨਵਰੀ ਤੱਕ ਦਾ ਸਮਾਂ ਲਿਆ ਗਿਆ ਸੀ। ਦੂਜੇ ਪਾਸੇ, ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਬਿਸ਼ਨ ਬਹਿਰਾਮ, ਜੱਸ ਕਲਿਆਣ ਰਾਵਣ, ਮੋਨੂੰ ਤੇਜ਼ੀ, ਰਾਜਨ ਮਲਹੋਤਰਾ, ਸਰਵਣ ਭੱਟੀ, ਸੀਤਲ ਸਿੰਘ ਤੇ ਸ਼ਿੰਦਾ ਆਦਿ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੇਕਰ ਬਿਨਾਂ ਸਬੂਤਾਂ ਦੇ ਕਰਨ ਤੇ ਉਸਦੇ ਸਾਥੀਆਂ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕੀਤਾ ਗਿਆ ਤਾਂ ਉਹ ਸੰਘਰਸ਼ ਤੇ ਧਰਨੇ ਸ਼ੁਰੂ ਕਰਨਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇ ਸਬੂਤਾਂ ਨਾਲ ਕਤਲ ਸਾਬਤ ਹੁੰਦਾ ਹੈ ਤਾਂ ਉਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹੋਣਗੇ। ਫਿਲਹਾਲ ਦੋਹਾਂ ਨੌਜਵਾਨਾਂ ਦੇ ਮ੍ਰਿਤਕ ਸਰੀਰ ਟਾਂਡਾ ਦੀ ਮੋਰਚਰੀ ’ਚ ਰੱਖੇ ਹੋਏ ਹਨ ਤੇ ਕਰਨ ਪੁਲਿਸ ਹਿਰਾਸਤ ’ਚ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਦੀ ਮੌਤ ਦੁਰਘਟਨਾ ਨਾਲ ਹੋਈ ਜਾਂ ਕਤਲ ਕੀਤਾ ਗਿਆ, ਇਸ ਬਾਰੇ ਪੁਲਿਸ ਹਰ ਪੱਖੋਂ ਬਹੁਤ ਬਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਆਧਾਰ ’ਤੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਨਿਆਂਸੰਗਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਧਿਰ ਨਾਲ ਨਾਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।