ਹੈਰੋਇਨ ਸਮੇਤ ਇਕ ਜਣਾ ਕਾਬੂ
ਹੈਰੋਇਨ ਦੀ ਖੇਪ ਸਮੇਤ ਗ੍ਰਿਫਤਾਰ
Publish Date: Thu, 02 Apr 2026 10:55 PM (IST)
Updated Date: Thu, 02 Apr 2026 10:58 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਐਂਟੀ ਨਾਰਕੋਟਿਕਸ ਟਾਸਕ ਫੋਰਸ ਜਲੰਧਰ ਦੀ ਟੀਮ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਬਰਾਮਦ ਕੀਤੀ ਹੈ। ਏਐੱਨਟੀਐੱਫ਼ ਦੇ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੱਤੀ ਕਿ ਏਐੱਸਆਈ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਰੀਨ ਐਵਨਿਊ ਕਲੋਨੀ ਜੰਡਿਆਲਾ ਗੁਰੂ ਅੰਮ੍ਰਿਤਸਰ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੈਦਲ ਆ ਰਹੇ ਇਕ ਵਿਅਕਤੀ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਪਿਛਾਂਹ ਮੁੜਨ ਲੱਗਾ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜਦੋਂ ਨਾਂ ਪੁੱਛਿਆ ਤਾਂ ਕਰਨਦੀਪ ਸਿੰਘ ਉਰਫ ਕਰਨ ਵਾਸੀ ਬਹਾਦਰ ਨਗਰ ਮਹਿਤਾ ਰੋਡ ਅੰਮ੍ਰਿਤਸਰ ਦੱਸਿਆ। ਸ਼ੱਕ ਦੇ ਆਧਾਰ ’ਤੇ ਜਦੋਂ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ ਕਰਨ ’ਤੇ ਉਹ ਇਕ ਕਿੱਲੋ 264 ਗ੍ਰਾਮ ਨਿਕਲੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਆਈਜੀ ਸਰੋਆ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਖ਼ਿਲਾਫ਼ ਥਾਣਾ ਏਐੱਨਟੀਐੱਫ਼, ਐੱਸਏਐੱਸ ਨਗਰ (ਮੋਹਾਲੀ) ਵਿਖੇ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਮੁਲਜ਼ਮ ਤਰਖਾਨ ਦਾ ਕੰਮ ਕਰਦਾ ਹੈ ਤੇ ਜ਼ਿਆਦਾ ਪੈਸੇ ਦੇ ਲਾਲਚ ’ਚ ਉਹ ਮਾੜੀ ਸੰਗਤ ’ਚ ਪੈ ਗਿਆ ਤੇ ਨਸ਼ਾ ਤਸਕਰੀ ਕਰਨ ਲੱਗ ਪਿਆ।