ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ ਲਈ ਪ੍ਰਬੰਧ ਮੁਕੰਮਲ : ਚੇਅਰਮੈਨ ਜਲੰਧਰ ਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖਰੀਦ ਲਈ ਪ੍ਰਬੰਧ ਮੁਕੰਮਲ -ਚੇਅਰਮੈਨ
Publish Date: Tue, 29 Sep 2026 08:07 PM (IST)
Updated Date: Tue, 29 Sep 2026 08:09 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਬੀਤੇ ਦਿਨੀਂ ਤੇਜ਼ ਮੀਂਹ ਕਾਰਨ ਮੰਡੀਆਂ ਚ ਝੋਨਾ ਭਿੱਜਣ ਤੇ ਪ੍ਰਬੰਧਾਂ ਦੀ ਨਿਕਲੀ ਫੂਕ ਦੀ ਪੰਜਾਬੀ ਦੀ ਇਕ ਅਖਬਾਰ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ, ਜ਼ਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਤੇ ਸਕੱਤਰ ਦਲਬੀਰ ਸਿੰਘ ਵੱਲੋਂ ਕਿਹਾ ਗਿਆ ਕਿ ਜਲੰਧਰ ਦੀਆਂ ਦਾਣਾ ਮੰਡੀਆਂ ’ਚ ਸਾਰੇ ਪ੍ਰਬੰਧ ਮੁਕੰਮਲ ਹਨ। ਜਦ ਕਿ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਵੱਲੋਂ ਬਿਨਾਂ ਕਿਸੇ ਛਾਣਬੀਨ ਕੀਤੇ ਅਜਿਹੀ ਖਬਰ ਛਾਪ ਕੇ ਦਾਣਾ ਮੰਡੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ’ਚ ਪੱਕੇ ਸ਼ੈਡ ਉਪਲੱਬਧ ਹਨ ਤੇ ਜਿਮੀਂਦਾਰ ਆਪਣਾ ਝੋਨਾ ਸੁਕਾਉਣ ਲਈ ਸ਼ੈਡ ਤੋਂ ਬਾਹਰ ਲਿਆਉਂਦੇ ਹਨ। ਬਰਸਾਤ ਆਉਂਦੀ ਹੈ ਤਾਂ ਕਿਸਾਨ ਫਸਲ ਨੂੰ ਇਕੱਠਾ ਕਰਕੇ ਤਰਪਾਲ ਨਾਲ ਢੱਕ ਲੈਂਦੇ ਹਨ। ਉਨ੍ਹਾਂ ਕਿਹਾ ਇਸ ਤੋਂ ਸਾਬਤ ਹੁੰਦਾ ਹੈ ਕਿ ਸਬੰਧਤ ਪੱਤਰਕਾਰ ਵੱਲੋਂ ਮੰਡੀ ਵਿੱਚ ਆ ਕੇ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜਦ ਸਰਕਾਰ ਵਲੋਂ ਖਰੀਦ ਦੀ ਮਿਤੀ ਨਿਰਧਾਰਤ ਕੀਤੀ ਗਈ ਹੈ ਤਾਂ ਉਸ ਤੋਂ ਪਹਿਲਾਂ ਖਰੀਦ ਕੀਤੀ ਨਹੀਂ ਜਾ ਸਕਦੀ। ਐੱਮਐੱਸਪੀ ਤੋਂ ਘੱਟ ਭਾਅ ਤੇ ਖਰੀਦ ਕਰਨ ਬਾਰੇ ਵੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਮੀਂ ਦੀ ਮਾਤਰਾ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਸਾਬਤ ਹੁੰਦਾ ਹੈ ਇਹ ਖ਼ਬਰ ਮਨਘੜਤ ਕਹਾਣੀ ਹੈ ਨਾ ਕਿ ਹਕੀਕਤ। ਇਸ ਤੋਂ ਇਲਾਵਾ ਉਹਨਾਂ ਨਵੀਂ ਸਬਜੀ ਮੰਡੀ ਦੀ ਗੱਲ ਕਰਦਿਆਂ ਹੋਇਆ ਕਿਹਾ ਕਿ ਜੇਕਰ ਬਰਸਾਤ ਦੌਰਾਨ ਪਾਣੀ ਇਕੱਠਾ ਹੁੰਦਾ ਤਾਂ ਉਸ ਨੂੰ ਪੰਪ ਲਗਾ ਕੇ ਨਿਕਾਸ ਕੀਤਾ ਜਾਂਦਾ ਹੈ। ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਨ ਹਾਰਵੇਸਟਿੰਗ ਸਿਸਟਮ ਦਾ ਮਤਾ ਪਾਸ ਹੋ ਚੁੱਕਾ ਹੈ, ਜੋ ਜਲਦ ਮੰਡੀਆਂ ’ਚ ਬਣ ਜਾਵੇਗਾ।