- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਔਰਤ ਨੂੰ ਬੰਧਕ ਬਣਾ

-ਔਰਤ ਨੂੰ ਬੰਧਕ ਬਣਾ ਕੇ 5 ਲੱਖ ਰੁਪਏ ਤੇ 22 ਤੋਲੇ ਸੋਨਾ ਲੁੱਟਿਆ
-ਪਹਿਲਾਂ ਦੂਜੀ ਕੋਠੀ ’ਚ ਦਾਖਲ ਹੋਣ ਦੀ ਕੋਸ਼ਿਸ਼, ਰੌਲਾ ਪੈਣ ’ਤੇ ਭੱਜੇ
-ਪੁਲਿਸ ਨੂੰ ਜਾਣਕਾਰੀ ਦੇਣ ਮਗਰੋਂ ਨੇੜਲੀ ਦੂਜੀ ਕੋਠੀ ’ਚ ਵਾਰਦਾਤ
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ-ਪਠਾਨਕੋਟ ਰੋਡ ’ਤੇ ਪਿੰਡ ਰਾਓਵਾਲੀ ’ਚ ਰਾਤ ਵੇਲੇ ਹਥਿਆਰਾਂ ਨਾਲ ਲੈਸ ਲਗਪਗ ਸੱਤ ਬਦਮਾਸ਼ਾਂ ਨੇ ਇਕ ਕੋਠੀ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਤੇ ਉੱਥੇ ਮੌਜੂਦ ਔਰਤ ਨੂੰ ਬੰਧਕ ਬਣਾ ਕੇ ਲਗਪਗ ਪੰਜ ਲੱਖ ਰੁਪਏ ਦੀ ਨਕਦੀ ਤੇ 22 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ। ਬਦਮਾਸ਼ਾਂ ਦੇ ਘਰ ’ਚ ਦਾਖਲ ਹੋਣ ਤੇ ਇਲਾਕੇ ’ਚ ਘੁੰਮਣ ਦੀਆਂ ਗਤੀਵਿਧੀਆਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਹਨ। ਵਾਰਦਾਤ ਮਗਰੋਂ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ, ਬਦਮਾਸ਼ਾਂ ਨੇ ਮੁੱਖ ਵਾਰਦਾਤ ਤੋਂ ਲਗਪਗ ਇਕ ਘੰਟਾ ਪਹਿਲਾਂ ਨੇੜੇ ਸਥਿਤ ਇਕ ਹੋਰ ਕੋਠੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਕੰਧ ਟੱਪ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਕੋਠੀ ’ਚ ਰਹਿਣ ਵਾਲੇ ਪਰਵਾਸੀਆਂ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਰੌਲਾ ਪਾ ਦਿੱਤਾ, ਜਿਸ ਕਾਰਨ ਬਦਮਾਸ਼ ਮੌਕੇ ਤੋਂ ਭੱਜ ਗਏ।
---
ਨਾਕਾਮ ਰਹਿਣ ਮਗਰੋਂ ਦੂਜੀ ਕੋਠੀ ’ਚ ਦਾਖ਼ਲ ਹੋਏ
ਪਹਿਲੀ ਕੋਠੀ ਤੋਂ ਬਦਮਾਸ਼ਾਂ ਦੇ ਭੱਜਣ ਦੇ ਬਾਅਦ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਲੋਕਾਂ ਦਾ ਦਾਅਵਾ ਸੀ ਕਿ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਦੇ ਮੌਕੇ 'ਤੇ ਪੁੱਜਣ ਤੋਂ ਪਹਿਲਾਂ ਹੀ ਬਦਮਾਸ਼ਾਂ ਨੇ ਨੇੜੇ ਸਥਿਤ ਦੂਜੀ ਕੋਠੀ ਨੂੰ ਨਿਸ਼ਾਨਾ ਬਣਾ ਲਿਆ। ਇਸ ਘਟਨਾ ਨੂੰ ਲੈ ਕੇ ਲੋਕਾਂ ’ਚ ਪੁਲਿਸ ਦੀ ਗਸ਼ਤ ਤੇ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁੱਜਣ ਸਬੰਧੀ ਸਵਾਲ ਉੱਠ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੂਜੀ ਕੋਠੀ ’ਚ ਉਸ ਸਮੇਂ ਇਕ ਔਰਤ ਮੌਜੂਦ ਸੀ। ਲਗਪਗ ਸੱਤ ਬਦਮਾਸ਼ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਤੇ ਔਰਤ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਦੇ ਹੱਥ-ਮੂੰਹ ਬੰਨ੍ਹ ਕੇ ਉਸ ਨੂੰ ਬੰਧਕ ਬਣਾਇਆ। ਬਦਮਾਸ਼ਾਂ ਨੇ ਘਰ ਦੀ ਅਲਮਾਰੀ ਨੂੰ ਖੰਘਾਲਿਆ ਤੇ ਉਸ ਵਿੱਚੋਂ ਲਗਪਗ ਪੰਜ ਲੱਖ ਰੁਪਏ ਦੀ ਨਕਦੀ ਤੇ 22 ਤੋਲੇ ਸੋਨਾ ਕੱਢ ਲਿਆ। ਵਾਰਦਾਤ ਮਗਰੋਂ ਸਾਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।
---
ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਪੁਲਿਸ
ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ। ਫੁਟੇਜ ’ਚ ਸ਼ੱਕੀ ਵਿਅਕਤੀ ਕੈਦ ਹੋ ਗਏ ਹਨ। ਪੁਲਿਸ ਹੁਣ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।