ਰਾਈਸ ਮਿੱਲ ’ਚ ਹਥਿਆਰਬੰਦ ਹਮਲਾਵਰਾਂ ਨੇ ਮਜ਼ਦੂਰਾਂ ਨੂੰ ਵੱਢਿਆ
ਰਾਈਸ ਮਿੱਲ ‘ਚ ਹਥਿਆਰਬੰਦ ਹਮਲਾਵਰਾਂ ਨੇ ਮਜ਼ਦੂਰਾਂ ਨੂੰ ਵੱਢਿਆ
Publish Date: Sun, 18 Jan 2026 07:18 PM (IST)
Updated Date: Mon, 19 Jan 2026 04:15 AM (IST)
- ਚੌਲਾਂ ਦੇ ਬੋਰੇ ਤੇ ਮੋਬਾਈਲ ਖੋਹ ਕੇ ਫ਼ਰਾਰ, ਪੁਲਿਸ ਵੱਲੋਂ ਪੰਜ ਖ਼ਿਲਾਫ਼ ਮਾਮਲਾ ਦਰਜ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਸ਼ਾਹਕੋਟ : ਪਿੰਡ ਮੀਏਂਵਾਲ (ਈਨੋਵਾਲ) ਸਥਿਤ ਸ਼ਾਹਕੋਟ ਰਾਈਸ ਮਿੱਲ ’ਚ ਦਿਨ-ਦਿਹਾੜੇ ਦਾਖ਼ਲ ਹੋ ਕੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੁੰਡਾਗਰਦੀ ਕਰਨ, ਮਜ਼ਦੂਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਤੇ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਤਨਿਸ਼ ਗਾਬਾ ਪੁੱਤਰ ਕ੍ਰਿਸ਼ਨ ਲਾਲ ਗਾਬਾ ਵਾਸੀ ਵਿਕਾਸ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਸ ਨੇ ਸ਼ਾਮ ਸੁੰਦਰ ਅਗਰਵਾਲ ਦੀ ‘ਸ਼ਾਹਕੋਟ ਰਾਈਸ ਮਿੱਲ’ ਠੇਕੇ ’ਤੇ ਲਈ ਹੋਈ ਹੈ।
ਬੀਤੀ 17 ਜਨਵਰੀ ਨੂੰ ਦੁਪਹਿਰ ਕਰੀਬ 12:30 ਵਜੇ ਉਹ ਤੇ ਉਸਦਾ ਭਾਈਵਾਲ ਦਿਨੇਸ਼ ਕੁਮਾਰ ਮਿੱਲ ’ਚ ਮੌਜੂਦ ਸਨ। ਇਸ ਦੌਰਾਨ ਇਕ ਸ਼ੇਵਰਲੇਟ ਕਰੂਜ਼ ਕਾਰ (ਪੀਬੀ02-ਬੀਜੇ-6251) ਮਿੱਲ ਅੰਦਰ ਆਈ, ਜਿਸ ਵਿਚੋਂ ਮਨੀ ਉਰਫ ਜਗਰੂਪ, ਅਰਸ਼ ਤੇ ਰੋਹਿਤ (ਸਾਰੇ) ਵਾਸੀ ਮੀਏਂਵਾਲ ਮੌਲਵੀਆਂ ਉਤਰੇ ਅਤੇ ਧੱਕੇ ਨਾਲ ਚੌਲਾਂ ਦੀਆਂ ਬੋਰੀਆਂ ਕਾਰ ਦੀ ਡਿੱਗੀ ’ਚ ਰੱਖਣ ਲੱਗੇ। ਜਦੋਂ ਉਨ੍ਹਾਂ ਆਪਣੀ ਲੇਬਰ ਦੀ ਮਦਦ ਨਾਲ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੱਡੀ ਵਿਚੋਂ ਦਾਤਰ ਤੇ ਕਿਰਪਾਨਾਂ ਕੱਢ ਕੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਮਿੱਲ ’ਚ ਕੰਮ ਕਰਦੇ ਮਜ਼ਦੂਰ ਬਘੇਲ ਸਿੰਘ, ਜਸਵੰਤ ਸਿੰਘ (ਦੋਵੇਂ) ਪੁੱਤਰ ਬਲਵੀਰ ਸਿੰਘ, ਸੁਮਨ ਪਤਨੀ ਦਲਜੀਤ ਸਿੰਘ ਤੇ ਕੰਨਾ ਪੁੱਤਰ ਸੁਲੇਮਾਨ ਗੰਭੀਰ ਜ਼ਖ਼ਮੀ ਹੋ ਗਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਦੇ ਮਾਤਾ-ਪਿਤਾ ਕਮਲਜੀਤ ਉਰਫ ਮੋਨੂੰ ਤੇ ਅਮਨਦੀਪ ਕੌਰ ਪਹਿਲਾਂ ਹੀ ਮਿੱਲ ਦੇ ਗੇਟ ’ਤੇ ਮੌਜੂਦ ਸਨ। ਜਦੋਂ ਹਮਲਾਵਰ ਚੌਲਾਂ ਦੇ ਬੋਰੇ ਗੱਡੀ ’ਚ ਰੱਖ ਕੇ ਭੱਜਣ ਲੱਗੇ ਤਾਂ ਗੇਟ ’ਤੇ ਖੜ੍ਹੇ ਕਮਲਜੀਤ ਤੇ ਅਮਨਦੀਪ ਕੌਰ ਨੇ ਮੇਨ ਗੇਟ ਖੋਲ੍ਹ ਕੇ ਮੁਲਜ਼ਮਾਂ ਨੂੰ ਭਜਾਉਣ ’ਚ ਮਦਦ ਕੀਤੀ। ਫ਼ਰਾਰ ਹੁੰਦੇ ਸਮੇਂ ਮੁਲਜ਼ਮ ਅਰਸ਼ ਨੇ ਦਿਨੇਸ਼ ਕੁਮਾਰ ਦਾ ਮੋਬਾਈਲ ਫੋਨ ਵੀ ਖੋਹ ਲਿਆ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਸਰਵਣ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਤਨਿਸ਼ ਗਾਬਾ ਦੇ ਬਿਆਨਾਂ ਦੇ ਆਧਾਰ 'ਤੇ ਮਨੀ ਉਰਫ ਜਗਰੂਪ, ਅਰਸ਼, ਰੋਹਿਤ, ਕਮਲਜੀਤ ਉਰਫ ਮੋਨੂੰ ਅਤੇ ਅਮਨਦੀਪ ਕੌਰ (ਸਾਰੇ) ਵਾਸੀ ਮੀਏਂਵਾਲ ਮੌਲਵੀਆਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 310, 304, 115(2), 61(2) ਅਤੇ 3(5) ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।