- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ: ਦਿਨ ਦਾ

ਜਾਸ, ਜਲੰਧਰ: ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਤੇ ਰਾਤ ਦਾ ਤਾਪਮਾਨ 13 ਤੋਂ 15 ਡਿਗਰੀ ਤੱਕ ਰਹਿ ਰਿਹਾ ਹੈ। ਇਸ ਦੇ ਬਾਵਜੂਦ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) ਲਗਾਤਾਰ ਵਧ ਰਿਹਾ ਹੈ। ਹਵਾ ’ਚ ਪ੍ਰਦੂਸ਼ਿਤ ਕਣਾਂ ਤੇ ਨਮੀ ਕਾਰਨ ਪ੍ਰਦੂਸ਼ਣ ਜ਼ਮੀਨ ਨੇੜੇ ਹੀ ਬਣਿਆ ਹੋਇਆ ਹੈ। ਇਸੇ ਕਰ ਕੇ ਸਵੇਰੇ 7 ਤੋਂ 8 ਵਜੇ ਵਿਚਾਲੇ ਏਕਿਊਆਈ ਸਭ ਤੋਂ ਵੱਧ 250 ਦਰਜ ਕੀਤਾ ਗਿਆ, ਜਦਕਿ ਦਿਨ ਭਰ ਹਵਾ ਦੀ ਬਦਲਦੀ ਸਥਿਤੀ ਦੇ ਆਧਾਰ ’ਤੇ ਔਸਤ ਏਕਿਊਆਈ 147 ਰਿਹਾ।
ਆਉਣ ਵਾਲੇ ਦਿਨਾਂ ’ਚ ਪ੍ਰਦੂਸ਼ਣ ਕਾਰਨ ਹਾਲਾਤ ਹੋਰ ਵਿਗੜ ਸਕਦੇ ਹਨ। ਦੀਵਾਲੀ ’ਤੇ ਪਟਾਕੇ ਚਲਾਉਣ ਕਾਰਨ ਏਕਿਊਆਈ 500 ਤੱਕ ਪੁੱਜਣ ਦਾ ਖ਼ਦਸ਼ਾ ਹੈ, ਜੋ ਸਿਹਤ ਲਈ ਕਾਫੀ ਹਾਨੀਕਾਰਕ ਹੋਵੇਗਾ। ਪਿਛਲੇ ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਇਸ ਦਾ ਅਸਰ ਸਾਫ਼ ਦਿਖਾਈ ਦਿੱਤਾ ਹੈ।
ਮੌਸਮ ਮਾਹਿਰ ਸ਼ੇਖਰ ਮੁਤਾਬਕ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਧੂੰਆਂ ਇਕੋ ਥਾਂ ’ਤੇ ਰੁਕਿਆ ਰਹਿੰਦਾ ਹੈ। ਇਸ ਨਾਲ ਨਮੀ ਵਧਦੀ ਹੈ ਤੇ ਹਵਾ ਸਮੌਗ ਵਜੋਂ ਜ਼ਹਿਰੀਲੀ ਹੋ ਜਾਂਦੀ ਹੈ। ਮੀਂਹ ਪੈਣ ਨਾਲ ਹੀ ਹਵਾ ਸਾਫ਼ ਹੋ ਸਕਦੀ ਹੈ ਪਰ ਅਗਲੇ ਦਸ ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
---
ਨਵੰਬਰ ਦੇ ਪਹਿਲੇ ਹਫ਼ਤੇ ਦਾ ਏਕਿਊਆਈ ਰਿਕਾਰਡ
- 2022 ਨੂੰ 340 ਤੋਂ 380 ਵਿਚਾਲੇ
-2023 ਨੂੰ 440 ਤੋਂ 480 ਵਿਚਾਲੇ
-2024 ਨੂੰ 480 ਤੋਂ 500 ਵਿਚਾਲੇ
-2025 ਨੂੰ 450 ਤੋਂ 500 ਵਿਚਾਲੇ
-2026 ਨੂੰ 250 ਤੋਂ 340 ਤੱਕ (ਪਹਿਲੀ ਤੋਂ 3 ਨਵੰਬਰ)
--
ਏਕਿਊਆਈ ਵਧਣ ਨਾਲ ਮੁਸ਼ਕਲਾਂ ਵੀ ਵਧਣਗੀਆਂ
ਪਰਾਲੀ ਦੇ ਧੂੰਏਂ ਦੇ ਨਾਲ-ਨਾਲ ਦੀਵਾਲੀ ’ਤੇ ਚਲਾਏ ਜਾਣ ਵਾਲੇ ਪਟਾਕਿਆਂ ਦਾ ਧੂੰਆਂ ਵੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਜੇ ਪਰਾਲੀ ਦੇ ਧੂੰਏਂ ’ਚ ਪਟਾਕਿਆਂ ਦਾ ਧੂੰਆਂ ਵੀ ਰਲ ਗਿਆ ਤਾਂ ਆਉਣ ਵਾਲੇ ਕੁਝ ਦਿਨ ਸਾਹ ਦੇ ਮਰੀਜ਼ਾਂ ਲਈ ਬਹੁਤ ਔਖੇ ਹੋ ਸਕਦੇ ਹਨ। ਇਸ ਦੌਰਾਨ ਡਾਕਟਰਾਂ ਨੇ ਲੋਕਾਂ ਨੂੰ ਦੀਵਾਲੀ ਤੋਂ ਬਾਅਦ ਬਾਹਰ ਨਿਕਲਣ ਵੇਲੇ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ।
---
ਗਰਭਵਤੀ ਔਰਤਾਂ ਤੇ ਦਮੇ ਦੇ ਮਰੀਜ਼ਾਂ ਨੂੰ ਖ਼ਾਸ ਸਾਵਧਾਨੀ ਦੀ ਲੋੜ
ਏਕਿਊਆਈ ਵਧਣ ਨਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਗਈ ਹੈ। ਵਧਦੇ ਪ੍ਰਦੂਸ਼ਣ ਕਾਰਨ ਗਰਭਵਤੀ ਔਰਤਾਂ ਤੇ ਦਮੇ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ। ਇਸ ਬਾਰੇ ਡਾ. ਮੁਨੀਸ਼ ਮਹਿਤਾ ਨੇ ਦੱਸਿਆ ਕਿ ਪ੍ਰਦੂਸ਼ਿਤ ਹਵਾ ਵਿਚ ਮੌਜੂਦ ਜ਼ਹਿਰੀਲੇ ਕਣ ਸਾਹ ਰਾਹੀਂ ਸਰੀਰ ’ਚ ਦਾਖ਼ਲ ਹੋ ਕੇ ਫੇਫੜਿਆਂ ਤੇ ਗਰਭ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਉਨ੍ਹਾਂ ਸਲਾਹ ਦਿੱਤੀ ਕਿ ਘਰੋਂ ਬਾਹਰ ਨਿਕਲਦਿਆਂ ਮਾਸਕ ਪਾਓ। ਸਵੇਰੇ ਤੇ ਸ਼ਾਮ ਵੇਲੇ, ਜਦੋਂ ਏਕਿਊਆਈ ਵੱਧ ਹੋਵੇ, ਬਾਹਰ ਜਾਣ ਤੋਂ ਬਚੋ ਤੇ ਘਰ ਵਿਚ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ।