
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਲਿਡ ਵੇਸਟ ਪ੍ਰਾਜੈਕਟ ਸਮੇਤ 675 ਕਰੋੜ ਦੇ ਕੰਮਾਂ ਨੂੰ ਵਿੱਤ ਤੇ ਠੇਕਾ ਕਮੇਟੀ ਨੇ ਦਿੱਤੀ ਮਨਜ਼ੂਰੀ

-ਵਿੱਤ ਤੇ ਠੇਕਾ ਕਮੇਟੀ ਨੇ ਯੂਨੀਅਨ ਦੇ ਵਿਰੋਧ ਨੂੰ ਕੀਤਾ ਦਰਕਿਨਾਰ, ਬੰਟੂ ਸਭਰਵਾਲ ਦੀ ਅਗਵਾਈ ਵਾਲੀ ਯੂਨੀਅਨ ਨੇ ਦਿੱਤੀ ਹੜਤਾਲ ਦੀ ਚਿਤਾਵਨੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ :
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ ਸਾਲਿਡ ਵੇਸਟ ਮੈਨੇਜਮੈਂਟ ਦੇ ਪ੍ਰਾਜੈਕਟ ਸਮੇਤ 675 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ 600 ਕਰੋੜ ਦਾ ਹੈ। ਇਸ ਤਹਿਤ ਸ਼ਹਿਰ ’ਚ ਘਰ-ਘਰ ਤੋਂ ਕੂੜਾ ਇਕੱਠਾ ਕਰਨ ਤੋਂ ਲੈ ਕੇ ਇਸ ਦੀ ਪ੍ਰੋਸੈਸਿੰਗ ਤੱਕ ਦਾ ਕੰਮ ਕੰਪਨੀ ਵੱਲੋਂ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਦੋ ਟੈਂਡਰ ਲਾਏ ਗਏ ਸਨ, ਜੋ ਬੀਵੀਜੀ ਇੰਡੀਆ ਲਿਮਟਿਡ ਨੂੰ ਦਿੱਤੇ ਗਏ ਹਨ। ਸਵਾਲ ਇਹ ਵੀ ਹੈ ਕਿ ਆਰਥਿਕ ਸੰਕਟ ’ਚ ਫਸੀ ਨਿਗਮ ਹਰ ਸਾਲ ਠੇਕਾ ਕੰਪਨੀ ਨੂੰ 75 ਕਰੋੜ ਰੁਪਏ ਦਾ ਭੁਗਤਾਨ ਕਿਵੇਂ ਕਰੇਗੀ। ਜਦੋਂਕਿ ਬਾਕੀ 75 ਕਰੋੜ ਰੁਪਏ ਸੜਕਾਂ, ਪਾਰਕਾਂ, ਟਿਊਬਵੈੱਲਾਂ, ਵਾਟਰ ਸਪਲਾਈ ਤੇ ਸੀਵਰੇਜ ਦੇ ਖਰਚੇ ਜਾਣੇ ਹਨ। ਕਮੇਟੀ ਨੇ ਸੈਂਟਰਲ ਹਲਕੇ ’ਚ ਸਰਕਾਰ ਦੀ ਸਪੈਸ਼ਲ ਅਸਿਸਟੈਂਸ ਆਫ ਸਟੇਟਸ ਫਾਰ ਕੈਪੀਟਲ ਇਨਵੈਸਟਮੈਂਟ ਗ੍ਰਾਂਟ ਨਾਲ ਕੰਕਰੀਟ ਸੜਕਾਂ , ਵਾਰਡ ਨੰਬਰ 9, 12, 19, 20, 21, 22 ਤੇ 25 ’ਚ 21.70 ਕਿੱਲੋਮੀਟਰ ਲੰਬੀਆਂ ਸੜਕਾਂ ਦੇ 8.96 ਕਰੋੜ ਰੁਪਏ ਦੇ ਕੰਮ ਮਨਜ਼ੂਰ ਕਰ ਕੀਤੇ ਹਨ। ਵੈਸਟ ਵਿਧਾਨ ਸਭਾ ਹਲਕੇ ’ਚ ਕਪੂਰਥਲਾ ਰੋਡ ’ਤੇ ਨਹਿਰ ਤੋਂ ਜਲੰਧਰ ਕੁੰਜ ਤੱਕ 8 ਕਿੱਲੋਮੀਟਰ ਸੜਕ ’ਤੇ ਫੁੱਟਪਾਥ, ਗਰਿੱਲ ਤੇ ਡਰੇਨੇਜ ਸਿਸਟਮ ਸਮੇਤ ਬੁਨਿਆਦੀ ਢਾਂਚੇ ’ਚ ਸੁਧਾਰ ਦੇ ਕੰਮ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ’ਤੇ 5.58 ਕਰੋੜ ਰੁਪਏ ਖਰਚ ਹੋਣਗੇ। ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਨਿਗਮ ਦੀ ਹੱਦ ਤੱਕ 8.4 ਕਿੱਲੋਮੀਟਰ ਸੜਕ ਨੂੰ ਚੌੜਾ ਕੀਤਾ ਜਾਵੇਗਾ ਤੇ 4.79 ਲੱਖ ਰੁਪਏ ਖਰਚ ਹੋਣਗੇ। ਇਸੇ ਤਰ੍ਹਾਂ ਬੂਟਾਂ ਮੰਡੀ ਨੇੜੇ 120 ਫੁੱਟ ਰੋਡ ਤੇ ਗ੍ਰੀਨ ਪਾਰਕ ਰੋਡ ’ਤੇ 3.1 ਕਿੱਲੋਮੀਟਰ ਕੰਕਰੀਟ ਸੜਕ ’ਤੇ 4.51 ਕਰੋੜ ਰੁਪਏ ਖਰਚ ਕੀਤੇ ਜਾਣਗੇ। ਨਾਰਥ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 1, 2, 3, 4, 83 ਤੇ 85 ’ਚ 10 ਕਿੱਲੋਮੀਟਰ ਕੰਕਰੀਟ ਸੜਕਾਂ ਬਨਾਉਣ ਦੇ ਕੰਮ ਪ੍ਰਵਾਨ ਕੀਤੇ ਗਏ ਹਨ, ਇਨ੍ਹਾਂ ’ਤੇ 8.37 ਕਰੋੜ ਰੁਪਏ ਖਰਚ ਹੋਣਗੇ। ਵਾਰਡ ਨੰਬਰ 4, 82 ਤੇ 83 ’ਚ 14 ਕਿੱਲੋਮੀਟਰ ਲੁੱਕ-ਬਜਰੀ ਦੀਆਂ ਸੜਕਾਂ ’ਤੇ 5.82 ਕਰੋੜ ਰੁਪਏ ਨਾਲ ਕੰਮ ਮਨਜ਼ੂਰ ਕੀਤੇ ਗਏ ਹਨ, ਜਦੋਂਕਿ ਨਗਰ ਨਿਗਮ ਫੰਡ ਨਾਲ ਵਾਰਡ ਨੰਬਰ 35 ’ਚ ਐੱਫਸੀਆਈ ਕਾਲੋਨੀ ਤੋਂ ਘਈ ਹਸਪਤਾਲ ਤੱਕ 55 ਲੱਖ ਰੁਪਏ ਦੀ ਲਾਗਤ ਨਾਲ ਮੁੱਖ ਸੜਕ ਦਾ ਨਿਰਮਾਣ ਕੀਤਾ ਜਾਵੇਗਾ।
-------------------------
ਸੀਵਰੇਜ ਤੇ ਵਾਟਰ ਸਪਲਾਈ ਦੇ 7 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ਼
ਵਿੱਤ ਤੇ ਠੇਕਾ ਕਮੇਟੀ ਨੇ ਸ਼ਹਿਰ ’ਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਾਰਡ ਨੰਬਰ 56, 62, 6 ਤੇ 6 ਏ ’ਚ ਨਵੀਆਂ ਲਾਈਨਾਂ ਵਿਛਾਉਣ, ਵਾਰਡ ਨੰਬਰ 50 ’ਚ ਸਟਾਰਮ ਲਾਈਨ ਵਿਛਾਉਣ ਤੇ ਵਾਰਡ ਨੰਬਰ 62 ’ਚ ਵਾਟਰ ਸਪਲਾਈ ਲਾਈਨ ਬਦਲਣ ਦਾ ਕੰਮ ਵੀ ਮਨਜ਼ੂਰ ਕਰ ਦਿੱਤੇ ਗਏ ਹਨ। ਇਨ੍ਹਾਂ ’ਤੇ ਕਰੀਬ 9 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ੋਨ-1 ਤੇ 7 ’ਚ ਡਿਸਪੋਜ਼ਲ ਦੀ ਮੁਰੰਮਤ ਤੇ ਅਪਗ੍ਰੇਡੇਸ਼ਨ ’ਤੇ 7 ਕਰੋੜ ਰੁਪਏ ਦੇ ਖਰਚੇ ਨੂੰ ਵੀ ਮਨਜ਼ਰੀ ਦੇ ਦਿੱਤੀ ਗਈ ਹੈ।
------------------------
ਪਾਰਕਾਂ ਤੇ ਟਿਊਬਵੈੱਲਾਂ ਦੇ ਕੰਮਾਂ ਨੂੰ ਵੀ ਹਰੀ ਝੰਡੀ
ਕੈਂਟ, ਸੈਂਟਰਲ ਤੇ ਵੈਸਟ ਹਲਕੇ ’ਚ 21 ਟਿਊਬਵੈੱਲ ਲਾਉਣ ਦਾ ਕੰਮ ਕੀਤਾ ਜਾਵੇਗਾ। ਇਸ ’ਤੇ 5.50 ਕਰੋੜ ਰੁਪਏ ਖਰਚੇ ਹੋਣਗੇ। ਵਾਰਡ ਨੰਬਰ 68 ’ਚ ਪਾਰਕਾਂ, ਸੜਕਾਂ ਤੇ ਨਾਲੀਆਂ ਦੇ ਸਾਲਾਨਾ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਵੱਖ-ਵੱਖ ਵਾਰਡਾਂ ’ਚ ਇੰਟਰਲਾਕਿੰਗ ਟਾਈਲਾਂ, ਸੜਕਾਂ ਦੀ ਮੁਰੰਮਤ, ਪਾਰਕਾਂ ਦੇ ਰੱਖ-ਰਖਾਅ ਤੇ ਹਾਰਟੀਕਲਚਰ ਟੂਲਜ਼ ਦੀ ਖਰੀਦ ਲਈ ਛੋਟੇ-ਵੱਡੇ ਟੈਂਡਰਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
-------------------
ਸਾਲਿਡ ਵੇਸਟ ਪ੍ਰਾਜੈਕਟ ਦੇ ਠੇਕੇ ਨੂੰ ਮਨਜ਼ੂਰੀ ਦਾ ਵਿਰੋਧ
ਇਸ ਦੌਰਾਨ ਬੰਟੂ ਸਭਰਵਾਲ ਦੀ ਅਗਵਾਈ ਵਾਲੀ ਸਾਂਝੀ ਯੂਨੀਅਨਾਂ ਨੇ 600 ਕਰੋੜ ਦੇ ਸਾਲਿਡ ਵੇਸਟ ਪ੍ਰਾਜੈਕਟ ਦੇ ਠੇਕੇ ਨੂੰ ਮਨਜ਼ੂਰੀ ਦਾ ਵਿਰੋਧ ਕੀਤਾ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਦਾ ਸਖ਼ਤ ਵਿਰੋਧ ਕਰਦੀਆਂ ਹਨ। ਇਥੇ ਜਾਰੀ ਇਕ ਬਿਆਨ ’ਚ ਯੂਨੀਅਨ ਦੇ ਆਗੂਆਂ ਬੰਟੂ ਸਭਰਵਾਲ ਤੇ ਸ਼ਮੀ ਲੂਥਰ ਨੇ ਕਿਹਾ ਹੈ ਕਿ ਅਸੀਂ ਉਕਤ ਪ੍ਰਾਜੈਕਟ ਦੇ ਠੇਕੇ ਨੂੰ ਮਨਜ਼ੂਰੀ ਦੇਣ ਦਾ ਵਿਰੋਧ ਕਰਦੇ ਹਾਂ ਤੇ ਉਨ੍ਹਾਂ ਨੇ ਕਿਹਾ ਹੈ ਕਿ ਕੱਲ੍ਹ ਉਹ ਉਕਤ ਠੇਕੇ ਨੂੰ ਮਨਜ਼ੂਰੀ ਸਬੰਧੀ ਪਹਿਲਾਂ ਨਿਗਮ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ ਤੇ ਫਿਰ ਹੜਤਾਲ ਦਾ ਨੋਟਿਸ ਦੇ ਕੇ ਹੜਤਾਲ ਸ਼ੁਰੂ ਕਰ ਦੇਣਗੇ।