ਸਰਕਲ ਜਥੇਦਾਰਾਂ ਦੀ ਨਿਯੁਕਤੀ ਇਤਿਹਾਸਕ ਫ਼ੈਸਲਾ : ਸੰਘਾ
ਜਲੰਧਰ ਕੈਂਟ ਹਲਕੇ ਵਿੱਚ
Publish Date: Mon, 23 Feb 2026 09:24 PM (IST)
Updated Date: Mon, 23 Feb 2026 09:28 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਹਲਕੇ ਵਿੱਚ ਪਾਰਟੀ ਢਾਂਚੇ ਨੂੰ ਨਵੀਂ ਤਾਕਤ ਅਤੇ ਨਵੇਂ ਜੋਸ਼ ਨਾਲ ਮਜ਼ਬੂਤ ਕਰਨ ਵੱਲ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਸਪੱਸ਼ਟ ਹਦਾਇਤਾਂ ਅਨੁਸਾਰ ਉਨ੍ਹਾਂ ਆਗੂਆਂ ਨੂੰ ਸਰਕਲ ਜੱਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਨੇ ਸਭ ਤੋਂ ਨਾਜ਼ੁਕ ਅਤੇ ਚੁਣੌਤੀ ਭਰੇ ਸਮਿਆਂ ਵਿੱਚ ਵੀ ਪਾਰਟੀ ਦਾ ਝੰਡਾ ਥੱਲੇ ਨਹੀਂ ਡਿੱਗਣ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਸਰਕਲ ਜਥੇਦਾਰਾਂ ਦੀਆਂ ਨਿਯੁਕਤੀਆਂ ਦੌਰਾਨ ਗੱਲਬਾਤ ਕਰਦਿਆਂ ਕੀਤਾ। ਸੰਘਾ ਨੇ ਕਿਹਾ ਕਿ ਜਲੰਧਰ ਕੈਂਟ ਦੀ ਧਰਤੀ ਤੋਂ ਪਾਰਟੀ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਵਰਕਰਾਂ ਦਾ ਜੋਸ਼, ਜਨਤਾ ਦਾ ਭਰੋਸਾ ਅਤੇ ਲੀਡਰਸ਼ਿਪ ਦੀ ਸਪੱਸ਼ਟ ਦਿਸ਼ਾ ਇਹ ਤਿੰਨੇ ਮਿਲ ਕੇ 2027 ਵਿੱਚ ਵੱਡੇ ਬਦਲਾਵ ਦੀ ਬੁਨਿਆਦ ਰੱਖ ਰਹੇ ਹਨ।
ਸੰਘਾ ਨੇ ਕਿਹਾ ਕਿ ਇਹ ਨਿਯੁਕਤੀਆਂ ਸਿਰਫ਼ ਅਹੁਦੇ ਨਹੀਂ, ਸਗੋਂ ਸਾਲਾਂ ਦੀ ਨਿਭਾਈ ਵਫ਼ਾਦਾਰੀ, ਮਿਹਨਤ ਅਤੇ ਜੜ੍ਹਾਂ ਤੱਕ ਕੀਤੀ ਸੇਵਾ ਦਾ ਸਨਮਾਨ ਹਨ । ਉਨ੍ਹਾਂ ਕਿਹਾ ਕਿ ਹਰ ਨਵੇਂ ਜੱਥੇਦਾਰ ਨੇ ਆਪਣੇ ਖੇਤਰ ਵਿੱਚ ਪਾਰਟੀ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਹੈ ਅਤੇ ਵਰਕਰਾਂ ਨੂੰ ਜੋੜ ਕੇ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਜੱਥੇਦਾਰ ਸੁਖਦੇਵ ਸਿੰਘ ਨੂੰ ਫਤਿਹਪੁਰ-ਪ੍ਰਤਾਬਪੁਰਾ ਸਰਕਲ, ਜੱਥੇਦਾਰ ਬਲਰਾਜ ਸਿੰਘ ਜੋਹਲ ਨੂੰ ਜੰਡਿਆਲਾ ਸਰਕਲ, ਜੱਥੇਦਾਰ ਰਣਧੀਰ ਸਿੰਘ ਬਾਹੀਆ ਨੂੰ ਜਮਸ਼ੇਰ ਸਰਕਲ, ਸੁਮਿਤ ਧੀਰ ਨੂੰ ਕੈਂਟ ਸਰਕਲ, ਰਾਮ ਸਰੂਪ ਨੂੰ ਗੜ੍ਹਾ ਸਰਕਲ 1, ਕੰਵਲਜੀਤ ਸਿੰਘ ਲੱਕੀ ਨੂੰ ਗੜ੍ਹਾ ਸਰਕਲ 2, ਹਰਪ੍ਰੀਤ ਸਿੰਘ ਸਚਦੇਵਾ ਨੂੰ ਅਰਬਨ ਐਸਟੇਟ ਸਰਕਲ, ਕੁਲਬੀਰ ਢਿੱਲੋਂ ਨੂੰ ਸੁਭਾਨਾ ਸਰਕਲ, ਕੈਪਟਨ ਗੁਰਨਾਮ ਸਿੰਘ ਨੂੰ ਦੀਪ ਨਗਰ ਸਰਕਲ, ਰਮਿਤ ਕੌਲ ਨੂੰ ਬੂਟਾਂ ਮੰਡੀ ਸਰਕਲ, ਲੰਬਰਦਾਰ ਸਾਹਿਬ ਨੂੰ ਸੋਫੀ ਪਿੰਡ ਸਰਕਲ ਅਤੇ ਹਰਵਿੰਦਰ ਸਿੰਘ ਬੱਬੀ ਨੂੰ ਖੁਰਲਾ ਕਿੰਗਰਾ ਸਰਕਲ ਵਾਰਡ 36 ਤੋਂ ਨਿਯੁਕਤੀ ਸੌਂਪੀ ਗਈ ਹੈ ਜਦਕਿ ਮੁੱਖ ਬੁਲਾਰੇ ਦੇ ਤੌਰ 'ਤੇ ਮੰਦੀਪ ਅਰੋੜਾ ਅਤੇ ਗੁਰਵਿੰਦਰ ਸਿੰਘ ਨੂੰ ਗੜ੍ਹਾ ਸਰਕਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵਿੱਚ ਹਰ ਵਰਕਰ ਨੂੰ ਉਸਦਾ ਯੋਗ ਸਨਮਾਨ ਮਿਲੇਗਾ ਤੇ ਹੋਰ ਮਹੱਤਵਪੂਰਨ ਅਹੁਦਿਆਂ ਦਾ ਐਲਾਨ ਜਲਦੀ ਕੀਤਾ ਜਾਵੇਗਾ।