- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵ੍ਹੀਲ ਬੇਅਰਿੰਗ ਜਾਮ ਹੁੰਦੇ ਹੀ ਬੇਕਾਬੂ ਹੋਈ ਸੇਬਾਂ ਨਾਲ ਭਰੀ ਪਿਕਅੱਪ, ਡਿਵਾਈਡਰ ’ਤੇ ਪਲਟੀ

ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਬੱਸ ਸਟੈਂਡ ਨੇੜੇ ਵੀਰਵਾਰ ਤੜਕੇ ਸੇਬਾਂ ਨਾਲ ਭਰੀ ਮਹਿੰਦਰਾ ਪਿਕਅੱਪ ਅਚਾਨਕ ਬੇਕਾਬੂ ਹੋ ਕੇ ਸੈਂਟਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਹਾਦਸੇ ’ਚ ਪਿਕਅੱਪ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਸੇਬ ਸੜਕ ’ਤੇ ਖਿੱਲਰ ਕਾਰਨ ਥੋੜ੍ਹੇ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਸੂਚਨਾ ਮਿਲਦਿਆਂ ਹੀ ਐੱਸਐੱਸਐੱਫ ਇੰਚਾਰਜ ਸਰਬਜੀਤ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਟੀਮ ਨੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਨੁਕਸਾਨੀ ਪਿਕਅੱਪ ਨੂੰ ਵੀ ਸੜਕ ਤੋਂ ਹਟਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅੱਪ ਨੰਬਰ ਜੇਕੇ-11ਐੱਚ-0826 ਰਾਜੌਰੀ ਤੋਂ ਮਾਲੇਰਕੋਟਲਾ ਵੱਲ ਜਾ ਰਹੀ ਸੀ। ਜਦੋਂ ਇਹ ਫਿਲੌਰ ਬੱਸ ਸਟੈਂਡ ਸਾਹਮਣੇ ਵਰਕਾ ਮਿਲਕ ਬਾਰ ਨੇੜੇ ਪਹੁੰਚੀ ਤਾਂ ਅਚਾਨਕ ਅਗਲੇ ਪਹੀਏ ਦਾ ਵ੍ਹੀਲ ਬੇਅਰਿੰਗ ਜਾਮ ਹੋ ਗਿਆ। ਇਸ ਕਾਰਨ ਪਿਕਅੱਪ ਬੇਕਾਬੂ ਹੋ ਕੇ ਸੈਂਟਰ ਡਿਵਾਈਡਰ ਨਾਲ ਜਾ ਟਕਰਾਈ ਤੇ ਪਲਟ ਗਈ। ਐੱਸਐੱਸਐੱਫ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 1:17 ਵਜੇ ਵਾਪਰਿਆ। ਇਸ ਦੀ ਸੂਚਨਾ 1:25 ਵਜੇ ਮਿਲੀ, ਜਦਕਿ ਐੱਸਐੱਸਐੱਫ ਟੀਮ 1:33 ਵਜੇ ਮੌਕੇ ’ਤੇ ਪਹੁੰਚ ਗਈ। ਹਾਦਸੇ ’ਚ ਕਿਸੇ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ। ਮਾਮਲੇ ਸਬੰਧੀ ਐੱਮਐੱਚਸੀ ਫਿਲੌਰ ਨੂੰ ਵੀ ਸੂਚਿਤ ਕੀਤਾ ਗਿਆ। ਐੱਸਐੱਸਐੱਫ ਨੇ ਜਾਣਕਾਰੀ ਦਿੰਦਿਆਂ ਹੋਇਆ ਸਰਬਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਪਿਕਅੱਪ ਦਾ ਵ੍ਹੀਲ ਬੇਅਰਿੰਗ ਜਾਮ ਹੋਣ ਕਾਰਨ ਹਾਦਸਾ ਵਾਪਰਿਆ।