ਸੇਬਾਂ ਨਾਲ ਭਰੀ ਪਿਕਅੱਪ ਦਾ ਭਿਆਨਕ ਹਾਦਸਾ: ਵ੍ਹੀਲ ਬੇਅਰਿੰਗ ਫੇਲ੍ਹ ਹੋਣ ਕਾਰਨ ਡਿਵਾਈਡਰ ਨਾਲ ਟਕਰਾਈ ਗੱਡੀ, ਸੜਕ ’ਤੇ ਖਿਲਰੇ ਸੇਬ
ਹਾਦਸੇ ਤੋਂ ਬਾਅਦ ਪਿਕਅੱਪ ’ਚ ਲੱਦੇ ਸੈਂਕੜੇ ਸੇਬ ਸੜਕ ’ਤੇ ਖਿੱਲਰ ਗਏ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਸੂਚਨਾ ਮਿਲਦਿਆਂ ਹੀ ਐੱਸ.ਐੱਸ.ਐੱਫ. ਇੰਚਾਰਜ ਸਰਬਜੀਤ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਟੀਮ ਨੇ ਸੜਕ ’ਤੇ ਖਿੱਲਰੇ ਸੇਬਾਂ ਨੂੰ ਇਕੱਠਾ ਕਰਵਾ ਕੇ ਸਾਈਡ ’ਤੇ ਸੁਰੱਖਿਅਤ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਇਸ ਤੋਂ ਬਾਅਦ ਨੁਕਸਾਨੀ ਪਿਕਅੱਪ ਨੂੰ ਵੀ ਸੜਕ ਤੋਂ ਹਟਵਾਇਆ ਗਿਆ।
Publish Date: Fri, 02 Oct 2026 03:24 PM (IST)
Updated Date: Fri, 02 Oct 2026 03:29 PM (IST)
ਫਿਲੌਰ, ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ। ਫਿਲੌਰ ਬੱਸ ਸਟੈਂਡ ਨੇੜੇ ਵੀਰਵਾਰ ਤੜਕੇ ਸੇਬਾਂ ਨਾਲ ਭਰੀ ਮਹਿੰਦਰਾ ਪਿਕਅੱਪ ਅਚਾਨਕ ਬੇਕਾਬੂ ਹੋ ਕੇ ਸੈਂਟਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਹਾਦਸੇ ’ਚ ਪਿਕਅੱਪ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਦਕਿ ਗਨੀਮਤ ਰਹੀ ਕਿ ਹਾਦਸੇ ਦੌਰਾਨ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਹਾਦਸੇ ਤੋਂ ਬਾਅਦ ਪਿਕਅੱਪ ’ਚ ਲੱਦੇ ਸੈਂਕੜੇ ਸੇਬ ਸੜਕ ’ਤੇ ਖਿੱਲਰ ਗਏ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਸੂਚਨਾ ਮਿਲਦਿਆਂ ਹੀ ਐੱਸ.ਐੱਸ.ਐੱਫ. ਇੰਚਾਰਜ ਸਰਬਜੀਤ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਟੀਮ ਨੇ ਸੜਕ ’ਤੇ ਖਿੱਲਰੇ ਸੇਬਾਂ ਨੂੰ ਇਕੱਠਾ ਕਰਵਾ ਕੇ ਸਾਈਡ ’ਤੇ ਸੁਰੱਖਿਅਤ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਇਸ ਤੋਂ ਬਾਅਦ ਨੁਕਸਾਨੀ ਪਿਕਅੱਪ ਨੂੰ ਵੀ ਸੜਕ ਤੋਂ ਹਟਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅੱਪ ਨੰਬਰ ਜੇਕੇ-11ਐੱਚ-0826 ਰਾਜੌਰੀ ਤੋਂ ਮਾਲੇਰਕੋਟਲਾ ਵੱਲ ਜਾ ਰਹੀ ਸੀ। ਜਦੋਂ ਇਹ ਫਿਲੌਰ ਬੱਸ ਸਟੈਂਡ ਸਾਹਮਣੇ ਵੇਰਕਾ ਮਿਲਕ ਬਾਰ ਨੇੜੇ ਪਹੁੰਚੀ ਤਾਂ ਅਚਾਨਕ ਅਗਲੇ ਪਹੀਏ ਦਾ ਵ੍ਹੀਲ ਬੇਅਰਿੰਗ ਜਾਮ ਹੋ ਗਿਆ। ਇਸ ਕਾਰਨ ਪਿਕਅੱਪ ਬੇਕਾਬੂ ਹੋ ਕੇ ਸੈਂਟਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਲਟ ਗਈ।
ਐੱਸ.ਐੱਸ.ਐੱਫ. ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 1:17 ਵਜੇ ਵਾਪਰਿਆ। ਇਸ ਦੀ ਸੂਚਨਾ 1:25 ਵਜੇ ਮਿਲੀ, ਜਦਕਿ ਐੱਸ.ਐੱਸ.ਐੱਫ. ਟੀਮ 1:33 ਵਜੇ ਮੌਕੇ ’ਤੇ ਪਹੁੰਚ ਗਈ। ਟੀਮ ਨੇ ਤੁਰੰਤ ਸੜਕ ’ਤੇ ਖਿੱਲਰੇ ਸੇਬਾਂ ਨੂੰ ਇਕੱਠਾ ਕਰਵਾ ਕੇ ਕਰੇਟਾਂ ਵਿੱਚ ਰੱਖਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਕੀਤਾ।
ਹਾਦਸੇ ਵਿੱਚ ਕਿਸੇ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ। ਮਾਮਲੇ ਸਬੰਧੀ ਐੱਮਐੱਚਸੀ ਫਿਲੌਰ ਨੂੰ ਵੀ ਸੂਚਿਤ ਕੀਤਾ ਗਿਆ।
ਐੱਸ.ਐੱਸ.ਐੱਫ. ਨੇ ਜਾਣਕਾਰੀ ਦਿੰਦਿਆਂ ਹੋਇਆ ਸਰਬਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਪਿਕਅੱਪ ਦਾ ਵ੍ਹੀਲ ਬੇਅਰਿੰਗ ਜਾਮ ਹੋਣ ਕਾਰਨ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਕਰਵਾਉਣ ਦੇ ਨਾਲ-ਨਾਲ ਸੜਕ ’ਤੇ ਖਿੱਲਰੇ ਸੇਬਾਂ ਨੂੰ ਸੁਰੱਖਿਅਤ ਢੰਗ ਨਾਲ ਸਾਈਡ ’ਤੇ ਕਰਵਾਇਆ ਗਿਆ ਅਤੇ ਨੁਕਸਾਨੀ ਵਾਹਨ ਨੂੰ ਸੜਕ ਤੋਂ ਹਟਵਾਇਆ ਗਿਆ।