- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ

-ਸਿਵਲ ਵੈਟਰਨਰੀ ਹਸਪਤਾਲ ਤੱਲ੍ਹਣ ’ਚ ਪਸ਼ੂ ਭਲਾਈ ਕੈਂਪ ਲਾਇਆ
-ਬਿਮਾਰੀਆਂ, ਰੋਕਥਾਮ, ਟੀਕਾਕਰਨ ਤੇ ਸੰਤੁਲਿਤ ਖੁਰਾਕ ਬਾਰੇ ਦੱਸਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ, ਪਸ਼ੂ ਭਲਾਈ, ਰੋਗਾਂ ਦੀ ਰੋਕਥਾਮ ਤੇ ਸਰਕਾਰ ਵੱਲੋਂ ਪਸ਼ੂ ਪਾਲਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਪਛਾਣ, ਰੋਕਥਾਮ, ਸਮੇਂ ਸਿਰ ਟੀਕਾਕਰਨ, ਸਫ਼ਾਈ ਤੇ ਸੰਭਾਲ, ਸੰਤੁਲਿਤ ਖੁਰਾਕ ਤੇ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪਸ਼ੂ ਪਾਲਕਾਂ ਨੂੰ ਪਸ਼ੂ ’ਚ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਆਪਣੇ ਪੱਧਰ ’ਤੇ ਇਲਾਜ ਕਰਨ ਦੀ ਬਜਾਏ ਤੁਰੰਤ ਸਰਕਾਰੀ ਵੈਟਰਨਰੀ ਹਸਪਤਾਲ ਜਾਂ ਵੈਟਰਨਰੀ ਅਧਿਕਾਰੀ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਭਾਗੀ ਅਧਿਕਾਰੀਆਂ ਨੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਨੂੰ ਆਮਦਨ ਦਾ ਮਜ਼ਬੂਤ ਸਰੋਤ ਬਣਾਉਣ, ਪਸ਼ੂਆਂ ਦੀ ਉਤਪਾਦਕਤਾ ਵਧਾਉਣ ਤੇ ਪਸ਼ੂ ਭਲਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਵਿਗਿਆਨਕ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਰਾਮ ਮੂਰਤੀ ਨੇ ਕਿਹਾ ਕਿ ਪਸ਼ੂਆਂ ਦੀ ਸਿਹਤ ਸਿੱਧੇ ਤੌਰ ’ਤੇ ਪਸ਼ੂ ਪਾਲਕਾਂ ਦੀ ਆਮਦਨ ਤੇ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਇਸ ਲਈ ਪਸ਼ੂ ਪਾਲਕਾਂ ਨੂੰ ਰੋਗਾਂ ਦੀ ਰੋਕਥਾਮ, ਟੀਕਾਕਰਨ ਤੇ ਸਮੇਂ ਸਿਰ ਇਲਾਜ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕੈਂਪ ’ਚ ਸਹਾਇਕ ਡਾਇਰੈਕਟਰ ਡਾ. ਕੁਲਵਿੰਦਰ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਜਸਬੀਰ, ਵੈਟਰਨਰੀ ਅਫ਼ਸਰ ਸਿਵਲ ਵੈਟਰਨਰੀ ਹਸਪਤਾਲ ਤਲ੍ਹਣ ਡਾ. ਭਾਰਤੀ ਰਾਜ, ਵੈਟਰਨਰੀ ਅਫ਼ਸਰ ਡਾ. ਸੁਮਿਤ ਤੇ ਸਰਪੰਚ ਗ੍ਰਾਮ ਪੰਚਾਇਤ ਤੱਲ੍ਹਣ ਹੰਸ ਰਾਜ ਮੌਜੂਦ ਸਨ।