- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲੇ ਦੀ ਲੜੀ ਜਾਰੀ ਰੱਖਣ ਦੀ ਅਪੀਲ

-ਮੇਲੇ ਦੀ ਸਫ਼ਲਤਾ ਲਈ ਮੁਬਾਰਕਵਾਦ ਤੇ ਧੰਨਵਾਦ ਜਰਨੈਲ ਸਿੰਘ ਕੋਟਲਾ ਨੌਧ ਸਿੰਘ ਨੂੰ ਸ਼ਰਧਾਂਜਲੀ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ 'ਤੇ ਮੁਬਾਰਕਵਾਦ ਦੇ ਸ਼ਬਦ ਸਾਂਝੇ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੇਲੇ ਦੀਆਂ ਸਹਿਯੋਗੀ ਸਮੂਹ ਸੰਸਥਾਵਾਂ, ਬੱਬਰ ਅਕਾਲੀ ਲਹਿਰ, ਗ਼ਦਰੀ ਦੇਸ਼ ਭਗਤਾਂ ਤੇ ਇਨਕਲਾਬੀ ਵਿਰਾਸਤ ਨੂੰ ਬੁਲੰਦ ਰੱਖ ਰਹੇ, ਮੇਲੇ ’ਚ ਹਰ ਸੰਭਵ ਯੋਗਦਾਨ ਪਾਉਣ ਵਾਲੇ ਸਭਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਰਵਾਇਤੀ ਮੇਲਿਆਂ ਤੋਂ ਹਟਵਾਂ ਲੋਕਾਂ ਵੱਲੋਂ, ਲੋਕਾਂ ਲਈ ਲੱਗਦਾ ਇਹ ਮੇਲਾ 35 ਵਰ੍ਹੇ ਦਾ ਸਫ਼ਲਤਾ ਪੂਰਵਕ ਸਫ਼ਰ ਕਰਦਾ ਜਿਸ ਮੁਕਾਮ 'ਤੇ ਪੁੱਜਾ ਹੈ ਇਸਦਾ ਸਿਹਰਾ ਲੋਕਾਂ ਦੇ ਭਰਵੇਂ ਸਾਥ ਨੂੰ ਜਾਂਦਾ ਹੈ। ਉਨਾਂ ਕਿਹਾ ਕਿ ਪਹਿਲੀ ਨਵੰਬਰ ਜਲੰਧਰ ਸ਼ਹਿਰ 'ਚ ਮੈਚ, ਦਿੱਲੀ ਰੈਲੀ, ਮਾਨਸਾ ਘੋਲ, ਝੋਨੇ ਦੀ ਫਸਲ ਸਾਂਭਣ ਦਾ ਸਿਖ਼ਰ ਤੇ ਯੂਨੀਵਰਸਿਟੀਆਂ ਦੇ ਚੱਲ ਰਹੇ ਯੂਥ ਫੈਸਟੀਵਲ ਆਦਿ ਅਨੇਕਾਂ ਕਾਰਨਾਂ ਦੇ ਬਾਵਜੂਦ ਮੇਲੇ 'ਤੇ ਪ੍ਰਭਾਵਸ਼ਾਲੀ ਹਾਜ਼ਰੀ ਦਾ ਹੋਣਾ ਤੇ ਵੰਨ-ਸੁਵੰਨੀਆਂ ਕਲਾ ਕਿਰਤਾਂ ਨੇ ਲੋਕਾਂ ਦੇ ਮਨ ਰੌਸ਼ਨ ਕਰਨ ਦਾ ਉਨਾਂ ਵੱਲੋਂ ਕਮੇਟੀ ਨੂੰ ਮਿਲ ਰਹੇ ਸੁਨੇਹਿਆਂ ਤੋਂ ਪਤਾ ਲੱਗਦਾ ਹੈ ਕਿ ਲੋਕ ਮੇਲੇ ਦਾ ਅਮਿੱਟ ਪ੍ਰਭਾਵ ਲੈ ਕੇ ਗਏ ਹਨ। ਕਮੇਟੀ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਪਹਿਲੀ ਨਵੰਬਰ ਗ਼ਦਰੀ ਮੇਲੇ ਦਾ ਸੁਨੇਹਾ ਪੱਲੇ ਬੰਨ੍ਹਦੇ ਹੋਏ ਪਿੰਡਾਂ, ਸ਼ਹਿਰਾਂ, ਵਿਦਿਅਕ ਸੰਸਥਾਵਾਂ ਤੇ ਥਾਓਂ ਥਾਈਂ ਚੱਲ ਰਹੇ ਲੋਕ ਸੰਘਰਸ਼ਾਂ ਦੇ ਪਿੜ੍ਹਾਂ ਅੰਦਰ ਮੇਲੇ ਦੀ ਤਰਜ਼ 'ਤੇ ਸੰਭਵ ਵਿਧਾਵਾਂ 'ਚ ਸਾਹਿਤਕ/ਸਭਿਆਚਾਰਕ ਸਮਾਗਮਾਂ ਦੀ ਲੜੀ ਜਾਰੀ ਰੱਖਣ ਲਈ ਸਥਾਨਕ/ਇਲਾਕਾ ਪੱਧਰੀ ਸਮਾਗਮ ਕਰਨ ਦੇ ਸਮਾਗਮ ਉਲੀਕਣੇ ਚਾਹੀਦੇ ਹਨ, ਜਿਹੜੇ ਇਕ ਪੜਾਅ ਵਜੋਂ ਕਿਸੇ ਨਾ ਕਿਸੇ ਰੂਪ ’ਚ 23 ਮਾਰਚ ਦੇ ਸ਼ਹੀਦਾਂ ਦੇ ਦਿਹਾੜੇ ਦੇ ਪੈਗ਼ਾਮ ਤੱਕ ਨਿਰੰਤਰ ਚੱਲਣ। ਕਮੇਟੀ ਨੇ ਲੋਕਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਿਜਦਾ ਕਰਨ ਲਈ ਨਵੰਬਰ ਮਹੀਨੇ ਸਮਾਗਮ ਕਰਨ ਦੀ ਵੀ ਅਪੀਲ ਕੀਤੀ ਹੈ। ਕਮੇਟੀ ਨੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਪਿੰਡ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਦੇ ਜਰਨੈਲ ਸਿੰਘ ਦੇ ਵਿਛੋੜੇ ਤੇ ਉਨਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਤੇ ਅਹਿਦ ਕੀਤਾ ਕਿ ਉਨਾਂ ਦੇ ਸੰਗਰਾਮੀ ਸਫ਼ਰ ਨੂੰ ਜਾਰੀ ਰੱਖਿਆ ਜਾਏਗਾ, ਜਿਸ ਨੇ ਸਾਰੀ ਉਮਰ ਗ਼ਦਰੀ ਗੁਲਾਬ ਕੌਰ ਦੀ ਸੋਚ ਤੇ ਪਹਿਰਾ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਉਹਨਾਂ ਦੇ ਜੱਦੀ ਪਿੰਡ ਕੋਟਲਾ ਨੌਧ ਸਿੰਘ ’ਚ ਉਨਾਂ ਨੂੰ ਇਨਕਲਾਬੀ ਰਵਾਇਤਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।