ਟਰੈਕਟਰ-ਟਰਾਲੀ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਮਾਰੀ ਟੱਕਰ, ਦੋ ਜ਼ਖ਼ਮੀ ਫਿਲੌਰ ’ਚ ਫਿਰ ਉਸੇ ਮੋੜ ‘ਤੇ ਵੱਡਾ ਹਾਦਸਾ : ਤੂੜੀ ਨਾਲ ਭਰੀ
Publish Date: Wed, 12 Aug 2026 09:22 PM (IST)
Updated Date: Wed, 12 Aug 2026 09:23 PM (IST)
ਫਿਲੌਰ ’ਚ ਮੁੜ ਉਸੇ ਮੋੜ ’ਤੇ ਵਾਪਰਿਆ ਹਾਦਸਾ, ਜਿੱਥੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਦੇ ਉਸੇ ਮੋੜ ਅਤੇ ਉਸੇ ਸੜਕ ’ਤੇ ਮੁੜ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿੱਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਇਸ ਵਾਰ ਤੂੜੀ ਨਾਲ ਭਰੀ ਇਕ ਟਰੈਕਟਰ-ਟਰਾਲੀ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਵਾਹਨ ਚਾਲਕ ਜ਼ਖ਼ਮੀ ਹੋ ਗਏ ਤੇ ਇਲਾਕੇ ’ਚ ਲੰਬਾ ਜਾਮ ਲੱਗ ਗਿਆ। ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਨਵਾਂ ਸ਼ਹਿਰ ਰੋਡ ਤੋਂ ਹੁੰਦੀ ਹੋਈ ਫਿਲੌਰ ਮੇਨ ਜੀਟੀ ਰੋਡ ’ਤੇ ਲੁਧਿਆਣਾ ਵੱਲ ਜਾਣ ਵਾਲੇ ਰਸਤੇ ’ਤੇ ਚੜ੍ਹ ਰਹੀ ਸੀ। ਇਸ ਦੌਰਾਨ ਗੁਰਾਇਆ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਤੂੜੀ ਨਾਲ ਭਰੀ ਟਰਾਲੀ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਜੀਟੀ ਰੋਡ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਪਹੁੰਚੇ। ਉਨ੍ਹਾਂ ਨੇ ਕੈਂਟਰ ਚਾਲਕ ਤੇ ਟਰੈਕਟਰ-ਟਰਾਲੀ ਚਾਲਕ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾ ਕੇ ਇਲਾਜ ਲਈ ਦਾਖਲ ਕਰਵਾਇਆ। ਦੋਵਾਂ ਵਾਹਨ ਚਾਲਕਾਂ ਨੂੰ ਸੱਟਾਂ ਲੱਗੀਆਂ ਹਨ। ਸੜਕ ਸੁਰੱਖਿਆ ਫੋਰਸ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ’ਤੇ ਕਰਵਾ ਕੇ ਆਵਾਜਾਈ ਮੁੜ ਬਹਾਲ ਕਰਵਾਈ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।