- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਪੀਜੇ ਸਕੂਲ ਹੁਸ਼ਿਆਰਪੁਰ ਰੋਡ ਵਿਖੇ ਸਾਲਾਨਾ ਸਮਾਰੋਹ ‘ਅਨੁਗੂੰਜ 2.0’ ਕਰਵਾਇਆ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਸਕੂਲ, ਹੁਸ਼ਿਆਰਪੁਰ ਰੋਡ ਵਿਖੇ ਸਕੂਲ ਦਾ ਸਾਲਾਨਾ ਸਮਾਰੋਹ ‘ਅਨੁਗੂੰਜ 2.0’ ਕਰਵਾਇਆ ਗਿਆ। ਇਹ ਸਮਾਰੋਹ ਏਪੀਜੇ ਐਜੂਕੇਸ਼ਨ ਦੇ ਬਾਨੀ ਚੇਅਰਮੈਨ ਸਤਿਆ ਪਾਲ ਦੇ ਆਸ਼ੀਰਵਾਦ, ਮੌਜੂਦਾ ਚੇਅਰਮੈਨ ਸੁਸ਼ਮਾ ਪਾਲ ਬਰਲੀਆ ਦੀ ਪ੍ਰੇਰਨਾ ਤੇ ਲੀਡ ਐਜੂਕੇਸ਼ਨ ਵਰਟੀਕਲ ਡਾ. ਨੇਹਾ ਬਰਲੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ’ਚ ਗੁਰਕੰਵਲ ਸਿੰਘ ਆਈਏਐੱਸ, ਸਹਾਇਕ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਸੁਚਾਰਿਤਾ, ਡਾਇਰੈਕਟਰ ਏਪੀਜੇ ਐਜੂਕੇਸ਼ਨ ਜਲੰਧਰ ਸਕੂਲਜ਼, ਨੀਰਜਾ ਢੀਂਗਰਾ, ਪ੍ਰਿੰਸੀਪਲ ਏਪੀਜੇ ਕਾਲਜ ਆਫ਼ ਫਾਈਨ ਆਰਟਸ, ਡਾ. ਰਾਜੇਸ਼ ਬੱਗਾ, ਡਾਇਰੈਕਟਰ ਏਪੀਜੇ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ ਜਲੰਧਰ, ਯਸ਼ ਪਾਲ ਸ਼ਰਮਾ, ਪ੍ਰਿੰਸੀਪਲ ਏਪੀਜੇ ਸਕੂਲ ਮਹਾਂਵੀਰ ਮਾਰਗ ਅਤੇ ਡਾ. ਰਾਜੇਸ਼ ਕੁਮਾਰ ਚੰਦੇਲ, ਪ੍ਰਿੰਸੀਪਲ ਏਪੀਜੇ ਸਕੂਲ ਮਾਡਲ ਟਾਊਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਸਮਾਗਮ ਦਾ ਆਗਾਜ਼ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ‘ਹਨੂੰਮਾਨ ਚਾਲੀਸਾ’ ’ਤੇ ਆਧਾਰਿਤ ਇਨੋਵੇਟਿਵ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਸਕੂਲ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਏਕੇ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਸਕੂਲ ਵੱਲੋਂ ਸਿੱਖਿਆ, ਖੇਡਾਂ ਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ’ਚ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਏਪੀਜੇ ਐਜੂਕੇਸ਼ਨ ਦੀ ਪ੍ਰੈਜ਼ੀਡੈਂਟ ਸੁਸ਼ਮਾ ਪਾਲ ਬਰਲੀਆ ਦੇ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ’ਚ ਪਾਏ ਯੋਗਦਾਨ ਤੇ ਪ੍ਰਾਪਤੀਆਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ‘ਅਨੁਗੂੰਜ-ਇਕ ਆਤਮ ਮੰਥਨ’, ‘ਡੈਡ ਸੇ ਮੋਮ ਤੱਕ’, ‘ਦਾ ਬੈਟਲ ਵਿਦਇਨ’ ਤੇ ‘ਪਾਜ਼ ਦਾ ਸਕਰੀਨ-ਇੰਜੋਏ ਦਾ ਸੀਨ’ ਵਰਗੀਆਂ ਪੇਸ਼ਕਾਰੀਆਂ ਦਿੱਤੀਆਂ। ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਲੋਕ ਨਾਚ ਗਿੱਧੇ ਨੇ ਸਮਾਗਮ ’ਚ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰ ਦਿੱਤੇ। ਇਸ ਮੌਕੇ ਸਾਲ ਭਰ ਦੌਰਾਨ ਵਿੱਦਿਅਕ, ਖੇਡਾਂ ਤੇ ਹੋਰ ਗਤੀਵਿਧੀਆਂ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਗੁਰਕੰਵਲ ਸਿੰਘ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ’ਚ ਸਕੂਲ ਦੀ ਵਾਈਸ ਪ੍ਰਿੰਸੀਪਲ ਲਵਲੀਨ ਬੱਗਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਤੇ ਸਮੂਹ ਸਟਾਫ਼ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ।