ਕੋਟਲਾ ਸੂਰਜ ਮੱਲ ’ਚ ਸਾਲਾਨਾ ਛਿੰਝ ਮੇਲਾ ਕਰਵਾਇਆ
ਕੋਟਲਾ ਸੂਰਜ ਮੱਲ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ
Publish Date: Fri, 03 Apr 2026 07:08 PM (IST)
Updated Date: Fri, 03 Apr 2026 07:10 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੰਤ ਬਾਬਾ ਮੁਨਸ਼ਾ ਸਿੰਘ ਫਾਰਮਰਜ਼ ਕਲੱਬ, ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਸਪੋਰਟਸ ਕਲੱਬ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵੱਲੋਂ ਸਾਲਾਨਾ ਛਿੰਝ ਮੇਲਾ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼ੇਰੋਵਾਲੀਆਂ ਤੇ ਪ੍ਰਗਟ ਸਿੰਘ ਨੇ ਸਾਂਝੇ ਤੌਰ ’ਤੇ ਸਲਾਨਾ ਛਿੰਝ ਮੇਲਾ ਕਰਵਾਉਣ ਲਈ ਪਿੰਡ ਨਿਵਾਸੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ। ਇਸ ਮੌਕੇ ਪੰਜਾਬ ਦੇ ਨਾਮੀ ਪਹਿਲਵਾਨਾਂ ਵਿੱਚ ਕੁਸ਼ਤੀਆਂ ਦੇ ਮੁਕਾਬਲੇ ਹੋਏ, ਜਿਨ੍ਹਾਂ ਦਾ ਵੱਡੀ ਗਿਣਤੀ ਚ ਖੇਡ ਪ੍ਰੇਮੀਆਂ ਨੇ ਖੂਬ ਅਨੰਦ ਮਾਨਿਆ। ਇਸ ਮੌਕੇ ਲੜਕੀਆਂ ਅਤੇ ਲੜਕਿਆਂ ਦੇ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ। ਲੜਕੀਆਂ ਦੇ ਸ਼ੋਅ ਮੈਚ ‘ਚ ਕੋਟਲਾ ਮਾਨਸਾ ਕਲੱਬ ਨੇ ਪਹਿਲਾ ਤੇ ਮੋਗਾ ਕਬੱਡੀ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਲੜਕਿਆਂ ਦੇ ਸ਼ੋਅ ਮੈਚ ਵਿੱਚ ਕੋਟਲਾ ਸੂਰਜ ਮੱਲ ਦੀ ਟੀਮ ਨੇ ਪਹਿਲਾ ਅਤੇ ਧਰਮਕੋਟ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਇਸ ਮੌਕੇ ਕੁਸ਼ਤੀ ਮੁਕਾਬਲਿਆ ‘ਚ ਪੰਜਾਬ ਦੇ 16 ਅਖਾੜਿਆ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪਹਿਲਵਾਨ ਸ਼ਾਨਵੀਰ ਕੋਹਾਲੀ ਤੇ ਅਰਫਾਨ ਇਰਾਨ ਵਿਚਾਲੇ ਹੋਈ, ਜਿਸ ’ਚ ਪਹਿਲਵਾਨ ਸ਼ਾਨਵੀਰ ਕੋਹਾਲੀ ਜੇਤੂ ਰਿਹਾ। ਅੰਤ ਵਿਚ ਮੁੱਖ ਮਹਿਮਾਨ ਲਾਡੀ ਸ਼ੇਰੋਵਾਲੀਆ ਤੇ ਪ੍ਰਗਟ ਸਿੰਘ ਵੱਲੋਂ ਜੇਤੂ ਪਹਿਲਵਾਨਾਂ ਦਾ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਖੋਸਾ ਸਰਪੰਚ ਕੋਟਲਾ, ਗੁਰਨਾਮ ਸਿੰਘ ਸਾਬਕਾ ਸਰਪੰਚ ਕੋਟਲਾ, ਬਾਬਾ ਜਸਵੰਤ ਸਿੰਘ, ਮਜੀਦਾ ਪਹਿਲਵਾਨ, ਸੋਨੂੰ ਕਿਲੀ ਨੰਬਰਦਾਰ, ਜਗਤਾਰ ਸਿੰਘ ਖਾਲਸਾ, ਦਵਿੰਦਰ ਸਿੰਘ ਰਹੇਲੂ, ਜਸਪਾਲ ਸਿੰਘ ਖਾਲਸਾ, ਬੰਟੀ ਬੱਠਲਾ, ਅਮਨਦੀਪ ਸੈਦਪੁਰੀ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ, ਮਨਜੀਤ ਸਿੰਘ ਸੱਤਾ, ਪਰਮਜੀਤ ਸਿੰਘ ਹਾਲੈਂਡ, ਸੋਹਣ ਸਿੰਘ ਖਾਲਸਾ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ, ਸੁਖਦੇਵ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਅਕਾਸ਼ਦੀਪ ਸਿੰਘ ਉੱਪਲ, ਸ਼ਿੰਦਰਪਾਲ ਢੰਡੋਵਾਲ ਆਦਿ ਹਾਜ਼ਰ ਸਨ।