
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਨੀਸ਼ ਤੇ ਮਾਨਿਆ ਨੇ ਜਿੱਤੇ ਜ਼ਿਲ੍ਹਾ ਬੈਡਮਿੰਟਨ ਖਿਤਾਬ

-ਸਾਬਕਾ ਨੈਸ਼ਨਲ ਖਿਡਾਰੀ ਕਮਲਜੀਤ ਸਿੰਘ ਕਾਕਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
-38 ਵਰਗਾਂ ਵਿੱਚ 504 ਮੁਕਾਬਲੇ, ਜੇਤੂਆਂ ਨੂੰ 5 ਲੱਖ ਰੁਪਏ ਦੇ ਨਕਦ ਇਨਾਮ : ਰਿਤਿਨ ਖੰਨਾ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਚਾਰ ਰੋਜ਼ਾ ਇਨੋਸੈਂਟ ਹਾਰਟਸ ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਮੰਗਲਵਾਰ ਨੂੰ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਸੰਪੰਨ ਹੋਈ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਅਨੀਸ਼ ਭਾਰਦਵਾਜ ਨੇ ਜ਼ੋਰਾਵਰ ਸਿੰਘ ਨੂੰ 13-15, 15-8, 15-11 ਨਾਲ ਹਰਾ ਕੇ ਖਿਤਾਬ ਜਿੱਤਿਆ। ਇਸੇ ਤਰ੍ਹਾਂ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਮਾਨਿਆ ਰਲ੍ਹਨ ਨੇ ਮੌਜੂਦਾ ਚੈਂਪੀਅਨ ਸਮਰਿੱਧੀ ਭਾਰਦਵਾਜ ਨੂੰ 15-10, 15-11 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਦੋਵੇਂ ਸਿੰਗਲਜ਼ ਜੇਤੂਆਂ ਨੂੰ ਪੁਲੇਲਾ ਗੋਪੀਚੰਦ ਅਤੇ ਪੀਵੀ ਸਿੰਧੂ ਟਰਾਫੀ ਦੇ ਨਾਲ 21-21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਬੈਡਮਿੰਟਨ ਖੇਡ ’ਚ ਲੰਬੇ ਸਮੇਂ ਤੱਕ ਯੋਗਦਾਨ ਪਾਉਣ ਅਤੇ ਖੇਡ ਦੀ ਸੇਵਾ ਕਰਨ ਲਈ ਸਾਬਕਾ ਨੈਸ਼ਨਲ ਬੈਡਮਿੰਟਨ ਖਿਡਾਰੀ ਕਮਲਜੀਤ ਸਿੰਘ ਕਾਕਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮਹਿਮਾਨ ਡੀਸੀ ਜਲੰਧਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਦੀ ਅੰਤਰਿਮ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਕਮੇਟੀ ਖਿਡਾਰੀਆਂ ਲਈ ਸਹੂਲਤਾਂ ਵਧਾਉਣ ਅਤੇ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਮਾਨ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਡ ਸਹੂਲਤਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਸੂਬਾ ਸਰਕਾਰ ਵੱਲੋਂ 3,100 ਪੇਂਡੂ ਖੇਡ ਮੈਦਾਨ ਅਤੇ 600 ਪੇਂਡੂ ਜਿਮ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਖੇਡ ਨੀਤੀ ਤਹਿਤ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਇਸ ਸਾਲ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਮੌਕੇ ਇਨੋਸੈਂਟ ਹਾਰਟਸ ਗਰੁੱਪ ਦੇ ਡਾਇਰੈਕਟਰ ਡਾ. ਰੋਹਨ ਬੌਰੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਦੇ ਇਤਿਹਾਸ ਵਿੱਚ ਪਹਿਲੀ ਵਾਰ 60 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਅੰਡਰ-11 ਤੋਂ ਲੈ ਕੇ 60 ਵੈਟਰਨ ਵਰਗ ਤੱਕ 38 ਵਰਗਾਂ ’ਚ 60 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਚਾਰ ਦਿਨਾਂ ਦੌਰਾਨ ਕੁੱਲ 504 ਮੁਕਾਬਲੇ ਖੇਡੇ ਗਏ। ਜੇਤੂਆਂ ਨੂੰ 5 ਲੱਖ ਰੁਪਏ ਦੇ ਨਕਦ ਇਨਾਮ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਗਏ। ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਲਈ ਪੀਣ ਵਾਲੇ ਪਦਾਰਥਾਂ ਅਤੇ ਸਨੈਕਸ ਸਮੇਤ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਪਲਵਿੰਦਰ ਜੂਨੇਜਾ ਅਤੇ ਧੀਰਜ ਸ਼ਰਮਾ ਵੀ ਮੌਜੂਦ ਰਹੇ।
ਫਾਈਨਲ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਅੰਡਰ-11 ਲੜਕਿਆਂ ਦੇ ਸਿੰਗਲਜ਼ ਵਿੱਚ ਵੰਸ਼ ਸ਼ਰਮਾ ਨੇ ਸਮਰਵੀਰ ਸਿੰਘ ਨੂੰ 15-13, 15-8 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-11 ਲੜਕੀਆਂ ਦੇ ਸਿੰਗਲਜ਼ ਵਿੱਚ ਸਮਰੀਤ ਕੌਰ ਨੇ ਆਰਾਧਿਆ ਨੂੰ 15-6, 15-12 ਨਾਲ ਹਰਾਇਆ। ਲੜਕੀਆਂ ਦੇ ਡਬਲਜ਼ ਵਿੱਚ ਅਮੀਰਾ ਅਤੇ ਰਿੰਜ਼ੇਨ ਸਿੰਘ ਨੇ ਸਰਗੁਣ ਬਜਾਜ ਅਤੇ ਸਰਗੁਣ ਕੌਰ ਨੂੰ 15-9, 15-9 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-13 ਲੜਕਿਆਂ ਦੇ ਸਿੰਗਲਜ਼ ਵਿੱਚ ਅਭਿਜੈ ਮਨਕਤਲਾ ਨੇ ਸਮਰਵੀਰ ਸਿੰਘ ਨੂੰ 15-9, 15-5 ਨਾਲ ਹਰਾ ਕੇ ਖਿਤਾਬ ਜਿੱਤਿਆ। ਲੜਕੀਆਂ ਦੇ ਸਿੰਗਲਜ਼ ਵਿੱਚ ਨਿਮਰਤ ਕੌਰ ਮਾਨ ਨੇ ਵਰਣਿਆ ਸੋਨੀ ਨੂੰ 15-6, 15-7 ਨਾਲ ਹਰਾਇਆ। ਨਿਮਰਤ ਕੌਰ ਮਾਨ ਅਤੇ ਵਰਣਿਆ ਸੋਨੀ ਨੇ ਲੜਕੀਆਂ ਦੇ ਡਬਲਜ਼ ਦਾ ਖਿਤਾਬ ਵੀ ਜਿੱਤਿਆ। ਉਨ੍ਹਾਂ ਨੇ ਆਇਨਾ ਚੋਪੜਾ ਅਤੇ ਹਰਗੁਣ ਕੌਰ ਨੂੰ 15-6, 15-8 ਨਾਲ ਹਰਾਇਆ।
ਅੰਡਰ-15 ਲੜਕਿਆਂ ਦੇ ਸਿੰਗਲਜ਼ ਵਿੱਚ ਜ਼ੋਰਾਵਰ ਸਿੰਘ ਲੁਬਾਣਾ ਨੇ ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਦਿਪਾਂਸ਼ ਕੁੰਦਰਾ ਨੂੰ 11-15, 15-12, 15-9 ਨਾਲ ਹਰਾਇਆ। ਲੜਕੀਆਂ ਦੇ ਸਿੰਗਲਜ਼ ਵਿੱਚ ਪ੍ਰਭਸਿਰਤ ਕੌਰ ਨੇ ਸੁਵੀਨ ਕੌਰ ਨੂੰ ਸਖ਼ਤ ਮੁਕਾਬਲੇ ਵਿੱਚ 17-15, 10-15, 15-8 ਨਾਲ ਹਰਾਇਆ। ਲੜਕੀਆਂ ਦੇ ਡਬਲਜ਼ ਵਿੱਚ ਮਾਇਰਾਹ ਚੋਪੜਾ ਅਤੇ ਸੁਵੀਨ ਕੌਰ ਨੇ ਨਿਮਰਤ ਕੌਰ ਮਾਨ ਅਤੇ ਪ੍ਰਭਸਿਰਤ ਕੌਰ ਨੂੰ 11-15, 17-15, 20-18 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-17 ਲੜਕਿਆਂ ਦੇ ਸਿੰਗਲਜ਼ ਵਿੱਚ ਜ਼ੋਰਾਵਰ ਸਿੰਘ ਨੇ ਮੰਥਨ ਡੋਗਰਾ ਨੂੰ 15-9, 15-9 ਨਾਲ ਹਰਾਇਆ। ਲੜਕੀਆਂ ਦੇ ਸਿੰਗਲਜ਼ ਵਿੱਚ ਸ਼ਿਵਾਲੀ ਸ਼ਰਮਾ ਨੇ ਸਿਮਰਪ੍ਰੀਤ ਕੌਰ ਨੂੰ 15-9, 11-15, 15-8 ਨਾਲ ਹਰਾਇਆ। ਲੜਕੀਆਂ ਦੇ ਡਬਲਜ਼ ਵਿੱਚ ਪ੍ਰਭਸਿਰਤ ਕੌਰ ਅਤੇ ਸੁਵੀਨ ਕੌਰ ਨੇ ਅਨੰਨਿਆ ਸ਼ਰਮਾ ਅਤੇ ਰਿਜ਼ੁਲ ਮਹਿਤਾ ਨੂੰ 15-4, 15-9 ਨਾਲ ਹਰਾਇਆ।
ਅੰਡਰ-19 ਲੜਕਿਆਂ ਦੇ ਸਿੰਗਲਜ਼ ਵਿੱਚ ਜ਼ੋਰਾਵਰ ਸਿੰਘ ਨੇ ਸਮਰਥ ਭਾਰਦਵਾਜ ਨੂੰ 15-4, 15-11 ਨਾਲ ਹਰਾਇਆ। ਲੜਕੀਆਂ ਦੇ ਸਿੰਗਲਜ਼ ਵਿੱਚ ਸ਼ਿਵਾਲੀ ਸ਼ਰਮਾ ਨੇ ਸਿਮਰਪ੍ਰੀਤ ਕੌਰ ਨੂੰ ਸਖ਼ਤ ਮੁਕਾਬਲੇ ਵਿੱਚ 14-16, 15-12, 15-12 ਨਾਲ ਹਰਾਇਆ। ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਮਾਨਿਆ ਰਲ੍ਹਨ ਅਤੇ ਸਿਮਰਪ੍ਰੀਤ ਕੌਰ ਨੇ ਰਿਆ ਕੁੰਦਰਾ ਅਤੇ ਸਮਰਿੱਧੀ ਭਾਰਦਵਾਜ ਨੂੰ 15-9, 15-9 ਨਾਲ ਹਰਾ ਕੇ ਖਿਤਾਬ ਜਿੱਤਿਆ।
---
ਮਾਸਟਰਜ਼ ਵਰਗ ’ਚ ਵੀ ਸਖ਼ਤ ਮੁਕਾਬਲੇ
ਮਾਸਟਰਜ਼ ਵਰਗ ਵਿੱਚ ਵੀ ਖਿਡਾਰੀਆਂ ਵਿਚਕਾਰ ਕਾਫ਼ੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਪੁਰਸ਼ 40 ਸਿੰਗਲਜ਼ ਵਿੱਚ ਵਿਕਾਸ ਖੰਨਾ ਨੇ ਸੂਰਜ ਰਾਏ ਖੁੱਲਰ ਨੂੰ 15-10, 14-16, 15-13 ਨਾਲ ਹਰਾਇਆ। ਪੁਰਸ਼ 50 ਵਿੱਚ ਮਨੀਸ਼ ਅਗਰਵਾਲ ਨੇ ਕਮਲਜੀਤ ਨੂੰ 9-15, 17-15, 15-7 ਨਾਲ ਹਰਾਇਆ। ਪੁਰਸ਼ 55 ਵਿੱਚ ਸੰਤੋਖ ਸਿੰਘ ਨੇ ਰਾਜੀਵ ਹਾਂਡਾ ਨੂੰ 15-11, 15-2 ਨਾਲ ਹਰਾਇਆ। ਪੁਰਸ਼ 60 ਦਾ ਖਿਤਾਬ ਰਾਮ ਲਖਨ ਨੇ ਸੁਧਾਕਰ ਸ਼ਰਮਾ ਨੂੰ 15-12, 15-11 ਨਾਲ ਹਰਾ ਕੇ ਜਿੱਤਿਆ।