- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰਿੰਦਰ ਸਿੰਘ, ਜਾਗਰਣ, ਜਲੰਧਰ

ਸੁਰਿੰਦਰ ਸਿੰਘ, ਜਾਗਰਣ, ਜਲੰਧਰ : ਐੱਲਪੀਯੂ ਤੋਂ ਵਿਧੀਪੁਰ ਤੱਕ ਨੈਸ਼ਨਲ ਹਾਈਵੇ ’ਤੇ ਹਾਦਸਿਆਂ ਤੇ ਮੌਤਾਂ ਦੇ ਮਾਮਲੇ ਨੂੰ ਅਦਾਰਾ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਇਸ ਦਾ ਨੋਟਿਸ ਲਿਆ ਹੈ। ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ ਕੌਮੀ ਹਾਈਵੇ ’ਤੇ ਟ੍ਰੈਫਿਕ ਲਾਈਟਾਂ ਦੀ ਹਾਲਤ ਤੇ ਗੈਰ-ਕਾਨੂੰਨੀ ਕੱਟਾਂ ਦਾ ਸਰਵੇਖਣ ਕਰਵਾਇਆ ਜਾਵੇਗਾ। ਇਸ ਲਈ ਮੰਗਲਵਾਰ ਨੂੰ ਐੱਨਐੱਚਏਆਈ ਦੀ ਟੀਮ ਦਿੱਲੀ ਤੋਂ ਪੁੱਜੇਗੀ। ਟੀਮ ਸਬੰਧਤ ਇਲਾਕਿਆਂ ਦੇ ਪ੍ਰੋਜੈਕਟ ਡਾਇਰੈਕਟਰਾਂ ਤੇ ਸਾਈਟ ਇੰਜੀਨੀਅਰਾਂ ਨੂੰ ਆਪੋ-ਆਪਣੇ ਖੇਤਰ ਵਿਚ ਹਾਈਵੇ ਦੀਆਂ ਸਾਰੀਆਂ ਖਾਮੀਆਂ ਦੀ ਪਛਾਣ ਕਰ ਕੇ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦੇਵੇਗੀ।
---
27 ਕਿੱਲੋਮੀਟਰ ਵਿਚ ਤਿੰਨ ਸਾਲਾਂ ਦੌਰਾਨ 300 ਹਾਦਸੇ, 50 ਲੋਕਾਂ ਦੀ ਮੌਤ
ਅਦਾਰਾ ਜਾਗਰਣ ਨੇ ਦੋ ਦਿਨ ਪਹਿਲਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਵਿਧੀਪੁਰ ਤੱਕ ਕਰੀਬ 27 ਕਿੱਲੋਮੀਟਰ ਲੰਮੇ ਹਾਈਵੇਅ ’ਤੇ ਸੁਰੱਖਿਆ ਪ੍ਰਬੰਧਾਂ ਦੀ ਮਾੜੀ ਹਾਲਤ ਨੂੰ ਉਜਾਗਰ ਕੀਤਾ ਸੀ। ਰਿਪੋਰਟ ’ਚ ਦੱਸਿਆ ਗਿਆ ਸੀ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਹਿੱਸੇ ’ਤੇ ਕਰੀਬ 300 ਸੜਕ ਹਾਦਸੇ ਹੋਏ, ਜਿਨ੍ਹਾਂ ਵਿਚ 50 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਹਾਈਵੇ ’ਤੇ ਮੌਜੂਦ ਬਲੈਕ ਸਪਾਟਾਂ ਤੇ ਲੰਮੇ ਸਮੇਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਰਾਤ ਵੇਲੇ ਹਾਈਵੇ ’ਤੇ ਹਨੇਰਾ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਆਉਂਦੀ ਮੁਸ਼ਕਲ ਤੇ ਹਾਦਸਿਆਂ ਦੇ ਵਧਦੇ ਖ਼ਤਰੇ ਵੱਲ ਵੀ ਧਿਆਨ ਦਿਵਾਇਆ ਗਿਆ ਸੀ।
---
ਪ੍ਰੋਜੈਕਟ ਡਾਇਰੈਕਟਰ ਤੇ ਸਾਈਟ ਇੰਜੀਨੀਅਰ ਤਿਆਰ ਕਰਨਗੇ ਰਿਪੋਰਟ
ਮੰਗਲਵਾਰ ਨੂੰ ਦਿੱਲੀ ਤੋਂ ਆਉਣ ਵਾਲੀ ਟੀਮ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਰਵੇਖਣ ਲਈ ਦਿਸ਼ਾ-ਨਿਰਦੇਸ਼ ਦੇਵੇਗੀ। ਇਸ ਤੋਂ ਬਾਅਦ ਵੱਖ-ਵੱਖ ਖੇਤਰਾਂ ਦੇ ਪ੍ਰੋਜੈਕਟ ਡਾਇਰੈਕਟਰ ਤੇ ਸਾਈਟ ਇੰਜੀਨੀਅਰ ਆਪਣੇ ਹਿੱਸੇ ਦੇ ਹਾਈਵੇ ਦਾ ਨਿਰੀਖਣ ਕਰਨਗੇ। ਇਸ ਦੌਰਾਨ ਟ੍ਰੈਫਿਕ ਲਾਈਟਾਂ ਦੀ ਕਾਰਜਸ਼ੀਲਤਾ, ਗੈਰ-ਕਾਨੂੰਨੀ ਕੱਟਾਂ, ਬੰਦ ਪਈਆਂ ਸਟਰੀਟ ਲਾਈਟਾਂ ਅਤੇ ਸੜਕ ਸੁਰੱਖਿਆ ਨਾਲ ਜੁੜੀਆਂ ਹੋਰ ਖਾਮੀਆਂ ਦਾ ਵੇਰਵਾ ਦਰਜ ਕੀਤਾ ਜਾਵੇਗਾ।