- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਵਿਚ ਬੱਚਿਆਂ ਲਈ ਬਣੇਗਾ ਅਰਲੀ ਇੰਟਰਵੈਸ਼ਨ ਸੈਂਟਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਜਲੰਧਰ : ਜ਼ਿਲ੍ਹੇ ਦੇ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ’ਚ ਜਨਮਜਾਤ ਬਿਮਾਰੀਆਂ ਦਾ ਹੁਣ ਸਿਵਲ ਹਸਪਤਾਲ ਵਿੱਚ ਹੀ ਮੁਫ਼ਤ ਅਤੇ ਸਹੀ ਇਲਾਜ ਹੋ ਸਕੇਗਾ। ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰਬੀਐੱਸਕੇ) ਤਹਿਤ ਸਿਵਲ ਹਸਪਤਾਲ ਵਿੱਚ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਤ ਕੀਤਾ ਜਾਵੇਗਾ। ਇਸ ਦੀ ਇਮਾਰਤ ਲਈ 1.80 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜਲਦ ਹੀ ਸਾਈਟ ਦੀ ਚੋਣ ਕਰਕੇ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
----------------------
ਇੱਕੋ ਛੱਤ ਹੇਠ ਮਿਲਣਗੇ ਸਾਰੇ ਮਾਹਿਰ
ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸੈਂਟਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਮਾਪਿਆਂ ਨੂੰ ਬੱਚਿਆਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਅਤੇ ਨਿੱਜੀ ਕਲੀਨਿਕਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਸੈਂਟਰ ਵਿੱਚ ਬਾਲ ਰੋਗ ਮਾਹਿਰ, ਫਿਜ਼ਿਓਥੈਰੇਪਿਸਟ, ਆਡੀਓਲੋਜਿਸਟ, ਸਪੀਚ ਥੈਰੇਪਿਸਟ, ਮਨੋਵਿਗਿਆਨੀ ਅਤੇ ਵਿਸ਼ੇਸ਼ ਸਿੱਖਿਆ ਮਾਹਿਰ ਸਮੇਤ ਹੋਰ ਮਾਹਿਰ ਇੱਕੋ ਛੱਤ ਹੇਠ ਉਪਲਬਧ ਹੋਣਗੇ। ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦਾ ਧਿਆਨ 4ਡੀ—ਜਨਮਜਾਤ ਵਿਕਾਰ, ਬਿਮਾਰੀਆਂ, ਕਮੀਆਂ ਅਤੇ ਵਿਕਾਸ ਵਿੱਚ ਦੇਰੀ ’ਤੇ ਹੈ। ਇਸ ਤਹਿਤ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਜਾਂਦਾ ਹੈ। ਪ੍ਰੋਗਰਾਮ ਵਿੱਚ 32 ਕਿਸਮ ਦੀਆਂ ਚਿੰਨ੍ਹਿਤ ਬਿਮਾਰੀਆਂ ਦੀ ਸਕ੍ਰੀਨਿੰਗ ਅਤੇ ਮੁਫ਼ਤ ਇਲਾਜ ਦਾ ਪ੍ਰਬੰਧ ਹੈ।
-------------------
ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਹੋ ਰਹੀ ਸਕ੍ਰੀਨਿੰਗ
ਮੌਜੂਦਾ ਸਮੇਂ ਆਰਬੀਐਸਕੇ ਦੀਆਂ ਮੋਬਾਈਲ ਹੈਲਥ ਟੀਮਾਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਜਾ ਕੇ ਬੱਚਿਆਂ ਦੀ ਸਕ੍ਰੀਨਿੰਗ ਕਰ ਰਹੀਆਂ ਹਨ। ਇਸ ਦੌਰਾਨ ਕੱਟੇ ਹੋਏ ਬੁੱਲ੍ਹ, ਕੱਟਿਆ ਤਾਲੂ, ਦਿਲ ਵਿੱਚ ਛੇਦ, ਰੀੜ੍ਹ ਦੀ ਹੱਡੀ ਦੇ ਵਿਕਾਰ, ਮੋਤੀਆਬਿੰਦ ਅਤੇ ਕਲੱਬ ਫੁੱਟ ਵਰਗੀਆਂ ਜਨਮਜਾਤ ਬਿਮਾਰੀਆਂ ਦੀ ਪਛਾਣ ਕੀਤੀ ਜਾਂਦੀ ਹੈ। ਫਿਲਹਾਲ ਇਨ੍ਹਾਂ ਬੱਚਿਆਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜਾਂ ਜਾਂ ਪੈਨਲ ਵਿੱਚ ਸ਼ਾਮਲ ਨਿੱਜੀ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ। ਇਸ ਕਾਰਨ ਮਾਪਿਆਂ ਨੂੰ ਕਾਫ਼ੀ ਪਰੇਸ਼ਾਨੀ ਅਤੇ ਖਰਚਾ ਝੱਲਣਾ ਪੈਂਦਾ ਹੈ। ਨਵਾਂ ਸੈਂਟਰ ਬਣਨ ਤੋਂ ਬਾਅਦ ਮੁੱਢਲੀ ਜਾਂਚ ਅਤੇ ਇਲਾਜ ਦੀ ਵਿਵਸਥਾ ਇੱਥੇ ਹੀ ਹੋ ਸਕੇਗੀ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਤਹਿਤ ਸੈਂਟਰ ਨੂੰ ਮਨਜ਼ੂਰੀ ਮਿਲ ਗਈ ਹੈ। ਵਿਭਾਗ ਵੱਲੋਂ ਇਸ ਦੀ ਵਿਸਥਾਰਤ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਜਲਦ ਹੀ ਇਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈਂਟਰ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਦਰ ਘਟਾਉਣ ਵਿੱਚ ਵੀ ਮਦਦ ਮਿਲੇਗੀ। ਕਰੀਬ 1.80 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸੈਂਟਰ ਜਲੰਧਰ ਦੇ ਨਾਲ-ਨਾਲ ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਬੱਚਿਆਂ ਲਈ ਵੀ ਲਾਭਦਾਇਕ ਹੋਵੇਗਾ।
-------------------------
ਬੱਚਿਆਂ ਦੀ ਸੁਣਨ ਦੀ ਸਮਰੱਥਾ ਦੀ ਵੀ ਹੋਵੇਗੀ ਜਾਂਚ
ਸਿਵਲ ਹਸਪਤਾਲ ਦੀ ਮੈਡੀਕਲ ਸੁਪਰਿੰਟੈਂਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ ਯੋਜਨਾ ਤਹਿਤ ਹਸਪਤਾਲ ਵਿੱਚ ਆਡੀਓਮੈਟਰੀ ਰੂਮ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਹੈ। ਹੁਣ ਇਸ ਵਿੱਚ ਸਾਊਂਡਪ੍ਰੂਫਿੰਗ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਲੈਬ ਵਿੱਚ ਨਵਜੰਮੇ ਬੱਚਿਆਂ ਦੀ ਸੁਣਨ ਦੀ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ। ਜਨਮ ਤੋਂ ਤੁਰੰਤ ਬਾਅਦ ਸੁਣਨ ਸਬੰਧੀ ਸਮੱਸਿਆ ਦੀ ਪਛਾਣ ਹੋਣ ਨਾਲ ਸਮੇਂ ਸਿਰ ਇਲਾਜ ਅਤੇ ਸਪੀਚ ਥੈਰੇਪੀ ਸ਼ੁਰੂ ਕੀਤੀ ਜਾ ਸਕੇਗੀ, ਜਿਸ ਨਾਲ ਬੱਚਿਆਂ ਦੇ ਬੋਲਣ ਅਤੇ ਸਮੁੱਚੇ ਵਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।