- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਈਨ ਫਲੂ ਨਾਲ 85 ਸਾਲਾ ਬਜ਼ੁਰਗ ਦੀ ਮੌਤ, ਜ਼ਿਲ੍ਹੇ ’ਚ ਪਹਿਲਾ ਮਾਮਲਾ; ਸਿਹਤ ਵਿਭਾਗ ਨੇ ਵਧਾਈ ਸਾਵਧਾਨੀ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਇਸ ਸੀਜ਼ਨ ਦੌਰਾਨ ਸਵਾਈਨ ਫਲੂ ਨਾਲ ਪਹਿਲੀ ਮੌਤ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਸਾਵਧਾਨੀ ਵਧਾ ਦਿੱਤੀ ਹੈ। ਜ਼ਿਲ੍ਹੇ ’ਚ ਹੁਣ ਤੱਕ ਸਵਾਈਨ ਫਲੂ ਦੇ 7 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 12 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਜਾਰੀ ਹੈ ਤੇ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਅਨੁਸਾਰ ਤਾਜਪੁਰ ਇਲਾਕੇ ਦੇ ਰਹਿਣ ਵਾਲੇ 85 ਸਾਲਾ ਬਜ਼ੁਰਗ ਨੂੰ ਸਾਹ ਲੈਣ ’ਚ ਦਿੱਕਤ ਕਾਰਨ ਪਿਛਲੇ ਹਫ਼ਤੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਸਵਾਈਨ ਫਲੂ ਦੇ ਲੱਛਣ ਹੋਣ ਕਾਰਨ 31 ਅਗਸਤ ਨੂੰ ਉਨ੍ਹਾਂ ਦਾ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜਿਆ ਗਿਆ ਸੀ। ਰਿਪੋਰਟ ’ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਸੀ। ਮਰੀਜ਼ ਨੂੰ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ’ਚ ਬਣੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਸੀ। ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਰਤਦਿਆਂ ਮ੍ਰਿਤਕ ਦੇਹ ਨੂੰ ਪੈਕ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਅਤੇ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਅੰਤਿਮ ਸੰਸਕਾਰ ਕਰਵਾਇਆ ਗਿਆ।
---------------------------
ਮੌਤ ਨੂੰ ਫਿਲਹਾਲ ‘ਸ਼ੱਕੀ ਸਵਾਈਨ ਫਲੂ’ ਸ਼੍ਰੇਣੀ ’ਚ ਰੱਖਿਆ
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਬਜ਼ੁਰਗ ਦੀ ਸਵਾਈਨ ਫਲੂ ਰਿਪੋਰਟ ਪਾਜ਼ੀਟਿਵ ਆਈ ਸੀ, ਪਰ ਮੌਤ ਨੂੰ ਫਿਲਹਾਲ ‘ਸ਼ੱਕੀ ਸਵਾਈਨ ਫਲੂ’ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਉਨ੍ਹਾਂ ਮੁਤਾਬਕ ਬਜ਼ੁਰਗ ਪਹਿਲਾਂ ਤੋਂ ਹੀ ਗੰਭੀਰ ਸੀਓਪੀਡੀ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦੇ ਫੇਫੜੇ ਕਾਫ਼ੀ ਪ੍ਰਭਾਵਿਤ ਸਨ। ਮੌਤ ਦੇ ਕਾਰਨਾਂ ਦੀ ਪੂਰੀ ਜਾਂਚ ਲਈ ਵਿਭਾਗ ਵੱਲੋਂ ਡੈਥ ਰਿਵਿਊ ਕਮੇਟੀ ਬਣਾਈ ਜਾਵੇਗੀ। ਕਮੇਟੀ ਵੱਲੋਂ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਕੀਤੀ ਜਾਵੇਗੀ।
--------------------------
ਬਿਨਾਂ ਤੇਜ਼ ਬੁਖਾਰ ਦੇ ਵੀ ਹੋ ਸਕਦਾ ਹੈ ਸਵਾਈਨ ਫਲੂ
ਪਟੇਲ ਹਸਪਤਾਲ ਦੇ ਡਾ. ਪਾਰਸ ਵਰਮਾ ਨੇ ਦੱਸਿਆ ਕਿ ਸਵਾਈਨ ਫਲੂ ਦੇ ਲੱਛਣ ਆਮ ਮੌਸਮੀ ਜ਼ੁਕਾਮ ਤੇ ਫਲੂ ਵਰਗੇ ਹੋ ਸਕਦੇ ਹਨ, ਜਿਸ ਕਾਰਨ ਲੋਕ ਕਈ ਵਾਰ ਇਸ ਨੂੰ ਆਮ ਬਿਮਾਰੀ ਸਮਝ ਕੇ ਲਾਪਰਵਾਹੀ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ ’ਚ ਤੇਜ਼ ਬੁਖਾਰ ਤੋਂ ਬਿਨਾਂ ਵੀ ਸਵਾਈਨ ਫਲੂ ਹੋ ਸਕਦਾ ਹੈ।
ਇਨ੍ਹਾਂ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ
ਸਵਾਈਨ ਫਲੂ ਦਾ ਖਤਰਾ ਖਾਸ ਤੌਰ ’ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਗਰਭਵਤੀ ਔਰਤਾਂ ’ਚ ਵੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਸ਼ੂਗਰ, ਬੇਕਾਬੂ ਹਾਈ ਬਲੱਡ ਪ੍ਰੈਸ਼ਰ, ਕਿਡਨੀ ਦੀ ਬਿਮਾਰੀ, ਅਸਥਮਾ ਜਾਂ ਸੀਓਪੀਡੀ ਵਰਗੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਾਲੇ ਲੋਕਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਲੂ ਵਰਗੇ ਲੱਛਣ ਦਿਖਾਈ ਦੇਣ ’ਤੇ ਲਾਪਰਵਾਹੀ ਨਾ ਕਰਨ ਤੇ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰਨ।