ਲੁਕ-ਬਜਰੀ ਦੀਆਂ ਸੜਕਾਂ ਲਈ

ਲੁਕ-ਬਜਰੀ ਦੀਆਂ ਸੜਕਾਂ ਲਈ ਇਕ ਮਹੀਨੇ ਦੀ ਮੰਗੀ ਮੋਹਲਤ
ਜਾਸ, ਜਲੰਧਰ
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਪਹਿਲੀ ਜੂਨ ਨੂੰ ਹੋਣ ਵਾਲੀ ਮੀਟਿੰਗ ’ਚ ਲਗਪਗ 34 ਕਰੋੜ ਰੁਪਏ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ’ਚ ਸੜਕਾਂ, ਸੀਵਰੇਜ, ਪਾਣੀ ਦੀ ਸਪਲਾਈ ਤੇ ਪਾਰਕਾਂ ਦੇ ਰੱਖ-ਰਖਾਅ ਨਾਲ ਜੁੜੇ ਕੰਮ ਸ਼ਾਮਲ ਹਨ। ਮੀਟਿੰਗ ’ਚ ਕੇਂਦਰੀ ਵਿਧਾਨ ਸਭਾ ਖੇਤਰ ਦੇ 7 ਪਾਰਕਾਂ ’ਚ ਆਲ ਵੇਦਰ ਟ੍ਰੈਕ ਬਣਾਉਣ ਦੇ ਟੈਂਡਰ ਵੀ ਪਾਸ ਕੀਤੇ ਜਾਣਗੇ। ਇਹ ਟ੍ਰੈਕ ਬਣਨ ਨਾਲ ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ’ਚ ਸਹੂਲਤ ਹੋਵੇਗੀ। ਬਰਸਾਤ ਜਾਂ ਧੁੱਪ ’ਚ ਵੀ ਲੋਕ ਵਾਕ ਕਰ ਸਕਣਗੇ। ਇਹ ਵਾਕਿੰਗ ਟ੍ਰੈਕ ਕਾਜ਼ੀ ਮੰਡੀ ਪਾਰਕ, ਮਹਾਰਾਜਾ ਰਣਜੀਤ ਸਿੰਘ ਐਵੀਨਿਊ ਪਾਰਕ, ਮਹਾਰਾਜਾ ਅਗਰਸੇਨ ਪਾਰਕ ਸੂਰਜ ਐਨਕਲੇਵ, ਨੇਤਾਜੀ ਪਾਰਕ, ਮਨਮੋਹਨ ਕਾਲੀਆ ਪਾਰਕ ਸੈਂਟਰਲ ਟਾਊਨ, ਬੜਿੰਗ, ਮਾਸਟਰ ਤਾਰਾ ਸਿੰਘ ਨਗਰ ਮੰਦਰ ਨਾਲ ਬਣਾਏ ਜਾਣਗੇ। ਇਹ ਟ੍ਰੈਕ ਇਪੀਡੀਐੱਮ-ਇਥੀਲੀਨ ਪ੍ਰੋਪਾਈਲੀਨ ਡਾਇਨ ਮੋਨੋਮਰ ਨਾਲ ਬਣਾਏ ਜਾਣਗੇ ਜੋ ਵਾਕਿੰਗ ਤੇ ਜਾਗਿੰਗ ਲਈ ਬਿਹਤਰ ਹੁੰਦੇ ਹਨ। ਇਹ ਇਕ ਉੱਚ ਗੁਣਵੱਤਾ ਵਾਲਾ ਸਿੰਥੈਟਿਕ ਰਬੜ ਹੈ, ਜੋ ਪਾਣੀ ਨੂੰ ਰੋਕਦਾ ਹੈ ਤੇ ਇਸ ’ਤੇ ਤਿਲਕਣ ਨਹੀਂ ਹੁੰਦੀ।
ਇਕ ਹੋਰ ਮਹੱਤਵਪੂਰਨ ਤਜਵੀਜ਼ ’ਚ ਸੜਕ ਬਣਾਉਣ ਦਾ ਠੇਕਾ ਲੈਣ ਵਾਲੀ ਸਤੀਸ਼ ਅਗਰਵਾਲ ਕੰਪਨੀ ਨੇ ਕੰਮ ਪੂਰਾ ਕਰਨ ਲਈ ਇਕ ਮਹੀਨੇ ਦੀ ਮੋਹਲਤ ਮੰਗੀ ਹੈ। ਕੰਪਨੀ ਦਾ ਕਹਿਣਾ ਹੈ ਕਿ ਲੁਕ ਤੇ ਬਜਰੀ ਮਹਿੰਗੀ ਹੋ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਕਾਰਨਾਂ ਕਰਕੇ ਸਮੇਂ 'ਤੇ ਕੰਮ ਪੂਰਾ ਕਰਨਾ ਸੰਭਵ ਨਹੀਂ ਹੋ ਰਿਹਾ। ਇਹ ਕੰਮ ਲਗਪਗ 6.50 ਕਰੋੜ ਦਾ ਹੈ। ਇਜ਼ਰਾਈਲ-ਅਮਰੀਕਾ ਤੇ ਈਰਾਨ ਦੇ ਯੁੱਧ ਕਾਰਨ ਪੈਟਰੋਲ ਉਤਪਾਦ ਮਹਿੰਗੇ ਹੋ ਗਏ ਹਨ। ਠੇਕੇਦਾਰ ਦਾ ਕਹਿਣਾ ਹੈ ਕਿ ਸੜਕ ਬਣਾਉਣਾ 24.52 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ। ਵਿੰਮ ਕਮੇਟੀ ਦੀ ਮੀਟਿੰਗ ’ਚ ਸ਼ਹਿਰ ਦੇ ਕਈ ਵਾਰਡਾਂ ’ਚ ਟੁੱਟੀਆਂ ਸੜਕਾਂ ਦੀ ਮੁਰੰਮਤ, ਨਵੀਂ ਸੀਵਰ ਲਾਈਨ ਵਿਛਾਉਣ ਤੇ ਪਾਣੀ ਦੀ ਸਪਲਾਈ ਸੁਧਾਰ ਦੇ ਪ੍ਰੋਜੈਕਟ ਵੀ ਰੱਖੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮੌਨਸੂਨ ਤੋਂ ਪਹਿਲਾਂ ਸੜਕ-ਸੀਵਰੇਜ ਦੇ ਕੰਮ ਪੂਰੇ ਕਰਨ ਦਾ ਟੀਚਾ ਹੈ। ਇਸ ਤੋਂ ਇਲਾਵਾ ਵਾਰਡ ਨੰਬਰ-1 ’ਚ ਭਗਵਾਨ ਵਾਲਮੀਕਿ ਦਾ ਕਮਿਊਨਿਟੀ ਹਾਲ ਬਣਾਇਆ ਜਾਣਾ ਹੈ। ਦਿਆਲਪੁਰ ’ਚ ਗਊਸ਼ਾਲਾ ਦੀ ਉਸਾਰੀ, ਗੁੱਜ਼ਾ ਪੀਰ ਤੋਂ ਸੋਢਲ ਇਲਾਕੇ ’ਚ 16 ਇੰਚ ਦੀ ਆਰਸੀਸੀ ਬਰਸਾਤੀ ਪਾਈਪਲਾਈਨ ਵਿਛਾਈ ਜਾਵੇਗੀ ਤਾਂ ਜੋ ਪਾਣੀ ਜਮ੍ਹਾਂ ਨਾ ਹੋਵੇ। ਸ਼ਹਿਰ ’ਚ 10 ਹਾਈ ਮਾਸਟ ਲਾਈਟਾਂ ਲਾਉਣ ਦੀ ਤਜਵੀਜ਼ ਵੀ ਮਨਜ਼ੂਰ ਕੀਤੀ ਜਾਵੇਗੀ। ਕੇਂਦਰੀ ਵਿਧਾਨ ਸਭਾ ਖੇਤਰ ’ਚ 166 ਟਿਊਬਵੈੱਲ ਦੇ ਇਕ ਸਾਲ ਦੇ ਰੱਖ-ਰਖਾਅ ਦੇ ਕੰਮ ’ਚ ਵਾਧਾ ਕਰਨ ਦੀ ਤਜਵੀਜ਼ ਹੈ। ਹਾਰਟੀਕਲਚਰ ਵਿਭਾਗ ਲਈ ਵੱਖ-ਵੱਖ ਕਿਸਮ ਦੇ ਉਪਕਰਨ ਤੇ ਔਜ਼ਾਰ ਖ਼ਰੀਦਣੇ ਹਨ। ਪਠਾਨਕੋਟ ਚੌਕ ਤੋਂ ਕਾਨਪੁਰ ਆਬਾਦੀ ਤੱਕ 100 ਵਾਟ ਦੀ ਸਟ੍ਰੀਟ ਲਾਈਟਾਂ ਲਾਈਆਂ ਜਾਣਗੀਆਂ ਤੇ ਉਨ੍ਹਾਂ ਦੇ ਖੰਭੇ ’ਚ ਲਾਏ ਜਾਣੇ ਹਨ। ਪੰਨੂ ਵਿਹਾਰ ਤੋਂ ਕਪੂਰਥਲਾ ਰੋਡ ਤੱਕ ਸਟ੍ਰੀਟ ਲਾਈਟ ਲਾਈਆਂ ਜਾਣੀਆਂ ਹਨ।