ਫਿਲੌਰ ਹਾਈਵੇਅ ’ਤੇ ਹੰਗਾਮਾ: PRTC ਬੱਸ ਡਰਾਈਵਰ ਨੇ ਪਿਕਅਪ ਚਾਲਕ ਨਾਲ ਕੀਤੀ ਕੁੱਟਮਾਰ, ਖੋਹ੍ਹੀ ਚਾਬੀ
ਸੂਚਨਾ ਮਿਲਣ ’ਤੇ 112 ਦੀ ਟੀਮ ਰਾਹੀਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪਹੁੰਚੀ। ਉਸ ਸਮੇਂ ਮਹਿੰਦਰਾ ਪਿਕਅਪ ਸੜਕ ਦੇ ਵਿਚਕਾਰ ਖੜ੍ਹੀ ਹੋਣ ਕਾਰਨ ਨੈਸ਼ਨਲ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ ਸੀ ਅਤੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਸੀ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਪਿਕਅਪ ਨੂੰ ਟੋ ਕਰਵਾ ਕੇ ਸੜਕ ਦੇ ਕਿਨਾਰੇ ਕਰਵਾਇਆ, ਜਿਸ ਤੋਂ ਬਾਅਦ ਆਵਾਜਾਈ ਸੁਚਾਰੂ ਹੋ ਗਈ।
Publish Date: Tue, 06 Oct 2026 12:18 PM (IST)
Updated Date: Tue, 06 Oct 2026 12:21 PM (IST)
ਫਿਲੌਰ, ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ। ਗੋਰਾਇਆ ਤੋਂ ਫਿਲੌਰ ਵੱਲ ਜਾਂਦੇ ਨੈਸ਼ਨਲ ਹਾਈਵੇ ’ਤੇ ਪੀਰਾਂ ਦੀ ਦਰਗਾਹ ਨੇੜੇ ਆਰਮੀ ਗਰਾਊਂਡ ਸਾਹਮਣੇ ਸਾਈਡ ਨਾ ਮਿਲਣ ਨੂੰ ਲੈ ਕੇ ਪੀਆਰਟੀਸੀ ਬੱਸ ਅਤੇ ਮਹਿੰਦਰਾ ਪਿਕਅਪ ਚਾਲਕ ਵਿਚਾਲੇ ਕਥਿਤ ਤੌਰ ’ਤੇ ਵਿਵਾਦ ਹੋ ਗਿਆ। ਪਿਕਅਪ ਚਾਲਕ ਨੇ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ ’ਤੇ ਕਥਿਤ ਗੁੰਡਾਗਰਦੀ ਕਰਨ, ਉਸ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਗੱਡੀ ਦੀ ਚਾਬੀ ਲੈ ਕੇ ਬੱਸ ਸਮੇਤ ਚਲੇ ਜਾਣ ਦੇ ਦੋਸ਼ ਲਗਾਏ ਹਨ।
ਸੂਚਨਾ ਮਿਲਣ ’ਤੇ 112 ਦੀ ਟੀਮ ਰਾਹੀਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪਹੁੰਚੀ। ਉਸ ਸਮੇਂ ਮਹਿੰਦਰਾ ਪਿਕਅਪ ਸੜਕ ਦੇ ਵਿਚਕਾਰ ਖੜ੍ਹੀ ਹੋਣ ਕਾਰਨ ਨੈਸ਼ਨਲ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ ਸੀ ਅਤੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਸੀ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਪਿਕਅਪ ਨੂੰ ਟੋ ਕਰਵਾ ਕੇ ਸੜਕ ਦੇ ਕਿਨਾਰੇ ਕਰਵਾਇਆ, ਜਿਸ ਤੋਂ ਬਾਅਦ ਆਵਾਜਾਈ ਸੁਚਾਰੂ ਹੋ ਗਈ।
ਮਾਮਲੇ ਵਿੱਚ ਪੀਆਰਟੀਸੀ ਬੱਸ ਨੰਬਰ PB19Y9007 ਦੀ ਲੋਕੇਸ਼ਨ ਟਰੇਸ ਕਰਕੇ ਲੁਧਿਆਣਾ ਬੱਸ ਸਟੈਂਡ ਨਾਲ ਸੰਪਰਕ ਕੀਤਾ ਗਿਆ। ਬੱਸ ਦੇ ਕੰਡਕਟਰ ਨਾਲ ਸੰਪਰਕ ਹੋਣ ਤੋਂ ਬਾਅਦ ਪਿਕਅਪ ਚਾਲਕ ਦੀ ਚਾਬੀ ਵਾਪਸ ਦਿਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਪਿਕਅਪ ਸੜਕ ਦੇ ਵਿਚਕਾਰ ਖੜ੍ਹੀ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਨੂੰ ਤੁਰੰਤ ਸੜਕ ਤੋਂ ਹਟਾ ਕੇ ਆਵਾਜਾਈ ਸੁਚਾਰੂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਬੱਸ ਦੀ ਲੋਕੇਸ਼ਨ ਟਰੇਸ ਕਰਕੇ ਲੁਧਿਆਣਾ ਬੱਸ ਸਟੈਂਡ ਨਾਲ ਸੰਪਰਕ ਕੀਤਾ ਗਿਆ ਅਤੇ ਬਾਅਦ ’ਚ ਪਿਕਅਪ ਚਾਲਕ ਦੀ ਚਾਬੀ ਵਾਪਸ ਦਿਵਾਈ ਗਈ।
ਪਿਕਅਪ ਚਾਲਕ ਜੈਗਵਨ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਹਰਿਆਣਾ ਜਾ ਰਿਹਾ ਸੀ। ਉਸ ਦੇ ਅਨੁਸਾਰ ਅੱਗੇ ਵਾਹਨਾਂ ਦੀ ਕਤਾਰ ਲੱਗੀ ਹੋਣ ਕਾਰਨ ਉਹ ਪੀਆਰਟੀਸੀ ਬੱਸ ਨੂੰ ਸਾਈਡ ਨਹੀਂ ਦੇ ਸਕਿਆ। ਇਸ ਤੋਂ ਬਾਅਦ ਬੱਸ ਡਰਾਈਵਰ ਨੇ ਕਥਿਤ ਤੌਰ ’ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਗੱਡੀ ਦੀ ਚਾਬੀ ਲੈ ਕੇ ਬੱਸ ਸਮੇਤ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਤੁਰੰਤ 112 ’ਤੇ ਸੂਚਨਾ ਦਿੱਤੀ।
ਚਾਬੀ ਵਾਪਸ ਮਿਲਣ ਤੋਂ ਬਾਅਦ ਮਹਿੰਦਰਾ ਪਿਕਅਪ ਦੇ ਡਰਾਈਵਰ ਜੈਗਵਨ ਨੇ ਪੁਲਿਸ, ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਹੁਣ ਇਸ ਮਾਮਲੇ ਵਿੱਚ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਖ਼ਿਲਾਫ਼ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਦੇਖਣਾ ਹੋਵੇਗਾ। ਹਾਲਾਂਕਿ ਕੁੱਟਮਾਰ ਅਤੇ ਕਥਿਤ ਗੁੰਡਾਗਰਦੀ ਸਬੰਧੀ ਲਗਾਏ ਗਏ ਦੋਸ਼ਾਂ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।