ਨਗਰ ਨਿਗਮ ’ਚ ਸੁਪਰ ਸੱਕਸ਼ਨ ਮਸ਼ੀਨਾਂ ਤੇ ਸੀਵਰੇਜ ਟੈਂਡਰਾਂ ’ਚ ਕਰੋੜਾਂ ਦੇ ਘੁਟਾਲੇ ਦਾ ਦੋਸ਼ ਜਲੰਧਰ ਨਗਰ ਨਿਗਮ 'ਚ ਸੁਪਰ ਸੱਕਸ਼ਨ ਮਸ਼ੀਨਾਂ ਤੇ ਸੀਵਰੇਜ ਟੈਂਡਰਾਂ 'ਚ ਕਰੋੜਾਂ ਦੇ ਘੁਟਾਲੇ ਦਾ ਦੋਸ਼
Publish Date: Fri, 11 Sep 2026 08:43 PM (IST)
Updated Date: Sat, 12 Sep 2026 04:08 AM (IST)
* ਨਿਯਮਾਂ ਨੂੰ ਛਿੱਕੇ ਟੰਗ ਕੇ 2 ਠੇਕੇਦਾਰਾਂ ਨੂੰ ਵੰਡੇ 200 ਕਰੋੜ ਦੇ ਟੈਂਡਰ * 45 ਕਰੋੜ ਦੀ ਐੱਨਸੀਏਪੀ ਗ੍ਰਾਂਟ ਦੇ ਬਾਵਜੂਦ ਪ੍ਰਦੂਸ਼ਣ ਚ ਜਲੰਧਰ ਸਭ ਤੋਂ ਫਾਡੀ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਨਗਰ ਨਿਗਮ ਤੇ ਸਥਾਨਕ ਸਰਕਾਰਾਂ ਵਿਭਾਗ ’ਚ ਸੀਵਰੇਜ ਦੀ ਸਫਾਈ, ਸੁਪਰ ਸੱਕਸ਼ਨ ਮਸ਼ੀਨਾਂ ਦੇ ਠੇਕਿਆਂ ਤੇ ਵਿਕਾਸ ਕਾਰਜਾਂ ਦੇ ਨਾਂ ਤੇ ਕਰੋੜਾਂ ਰੁਪਏ ਦੀਆਂ ਵਿੱਤੀ ਗ਼ੈਰ ਨਿਯਮੀਆਂ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਾਂਗਰਸ ਪਾਰਟੀ ਨੇ ਸੂਬਾ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਤੇ ਪਾਰਟੀ ਦੇ ਸੀਨੀਅਰ ਆਗੂ ਬਾਵਾ ਹੈਨਰੀ ਤੇ ਸੁਰਿੰਦਰ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਸਤਾਵੇਜ਼ੀ ਸਬੂਤਾਂ ਸਮੇਤ ਨਿਗਮ ’ਚ ਚੱਲ ਰਹੇ ਕਥਿਤ ਟੈਂਡਰ ਸਕੈਮ ਦਾ ਖੁਲਾਸਾ ਕੀਤਾ। 45 ਕਰੋੜ ਦੀ ਗ੍ਰਾਂਟ ਦੇ ਬਾਵਜੂਦ ਹਵਾ ਤੇ ਪਾਣੀ ਦੀ ਗੁਣਵੱਤਾ ਚ ਜਲੰਧਰ ਫਾਡੀ ਕਾਂਗਰਸੀ ਆਗੂ ਬਾਵਾ ਹੈਨਰੀ ਨੇ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਦੇ ਐੱਨ-ਕੈਪ ਵੱਲੋਂ ਦੇਸ਼ ਦੇ 42 ਸ਼ਹਿਰਾਂ ’ਚ ਕਰਵਾਏ ਗਏ ਸਰਵੇਖਣ ਦੌਰਾਨ ਜਲੰਧਰ ਸ਼ਹਿਰ ਹਵਾ ਦੀ ਗੁਣਵੱਤਾ ਦੇ ਮਾਮਲੇ ’ਚ ਸਭ ਤੋਂ ਹੇਠਲੇ ਪੱਧਰ ਤੇ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੀ ਹਵਾ ਅਤੇ ਵਾਤਾਵਰਨ ਸੁਧਾਰਨ ਲਈ ਨਿਗਮ ਨੂੰ 45 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਮਿਲੀ ਸੀ। ਇਸ ਦੇ ਬਾਵਜੂਦ ਨਿਗਮ ਅਧਿਕਾਰੀਆਂ ਦੀ ਅਣਗਹਿਲੀ ਅਤੇ ਭ੍ਰਿਸ਼ਟਾਚਾਰ ਕਾਰਨ ਨਾ ਤਾਂ ਸ਼ਹਿਰ ਵਾਸੀਆਂ ਨੂੰ ਸਾਫ਼ ਹਵਾ ਮਿਲੀ, ਨਾ ਹੀ ਪੀਣ ਵਾਲਾ ਸਾਫ਼ ਪਾਣੀ ਅਤੇ ਨਾ ਹੀ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਦਾ ਹੱਲ ਹੋ ਸਕਿਆ। ਸੰਵਿਧਾਨਕ ਨਿਯਮਾਂ ਦੀ ਧੱਜੀਆਂ ਉਡਾ ਕੇ 90 ਫੀਸਦ ਕੰਮ ਐਡਵਾਂਸ ਦੇ ਨਾਂ ਤੇ ਹੈਨਰੀ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾਵਾਂ ਤਹਿਤ ਸਥਾਨਕ ਨਿਗਮਾਂ ਨੂੰ ਖੁਦਮੁਖਤਿਆਰੀ ਅਤੇ ਸਮਾਜਿਕ ਇਨਸਾਫ਼ ਲਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ ਹਨ। ਪਰ ਮੌਜੂਦਾ ਸਮੇਂ ਨਿਗਮ ਵਿੱਚ 90 ਫੀਸਦੀ ਕੰਮ ਅਡਵਾਂਸ ਵਰਕ ਦੇ ਨਾਂ ਤੇ ਬਿਨਾਂ ਕਿਸੇ ਪਹਿਲੀ ਮਨਜ਼ੂਰੀ ਜਾਂ ਐਸਟੀਮੇਟ ਤੋਂ ਕਰਵਾਏ ਜਾ ਰਹੇ ਹਨ। ਬਾਅਦ ਵਿੱਚ ਹਾਊਸ ਤੋਂ ਪਰਮਿਸ਼ਨ ਲੈ ਕੇ ਆਪਣੇ ਚਹੇਤੇ ਠੇਕੇਦਾਰਾਂ ਨੂੰ 1.5 ਫੀਸਦ ਤੋਂ 2 ਫੀਸਦ ਵਰਗੇ ਮਾਮੂਲੀ ਲੈਸ ਤੇ ਕੰਮ ਵੰਡ ਕੇ ਵੱਡੇ ਪੱਧਰ ਤੇ ਕਮੀਸ਼ਨਖੋਰੀ ਕੀਤੀ ਜਾ ਰਹੀ ਹੈ, ਜਦਕਿ ਖੁੱਲ੍ਹੇ ਟੈਂਡਰਾਂ ਵਿੱਚ ਇਹੋ ਕੰਮ 35-40 ਫੀਸਦ ਘੱਟ ਦਰਾਂ ਤੇ ਹੋ ਸਕਦੇ ਸਨ। ਸੁਪਰ ਸੱਕਸ਼ਨ ਮਸ਼ੀਨਾਂ ਦੇ ਟੈਂਡਰਾਂ ਚ ਵੱਡੀ ਧਾਂਦਲੀ: ਸ਼ਰਤਾਂ ਬਦਲ ਕੇ ਦਿੱਤਾ ਲਾਭ ਹੈਨਰੀ ਨੇ ਟੈਂਡਰਾਂ ਵਿੱਚ ਕੀਤੀਆਂ ਗੜਬੜੀਆਂ ਦੇ ਹੇਠ ਲਿਖੇ ਦਸਤਾਵੇਜ਼ੀ ਅੰਕੜੇ ਪੇਸ਼ ਕੀਤੇ। ਉਹਨਾਂ ਕਿਹਾ ਕਿ ਸਾਲ 2025 ਵਿੱਚ ਪੰਜਾਬ ਦੀਆਂ ਸਥਾਨਕ ਸੰਸਥਾਵਾਂ ਲਈ 10 ਕਰੋੜ ਰੁਪਏ ਦੀ ਟਰਨਓਵਰ ਵਾਲੇ ਟੈਂਡਰ ਮੰਗੇ ਗਏ ਸਨ। ਪਰ ਚਹੇਤੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਪਹਿਲਾ ਟੈਂਡਰ ਰੱਦ ਕਰਕੇ ਟੁਕੜਿਆਂ ਵਿੱਚ ਵੰਡਿਆ ਗਿਆ ਅਤੇ ਟਰਨਓਵਰ ਦੀ ਸ਼ਰਤ ਘਟਾ ਕੇ 5 ਕਰੋੜ ਰੁਪਏ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਲਗਭਗ 165 ਤੋਂ 200 ਕਰੋੜ ਰੁਪਏ ਦੇ ਸੁਪਰ ਸੱਕਸ਼ਨ ਅਤੇ ਸੀਵਰੇਜ ਮੇਨਟੇਨੈਂਸ ਦੇ ਕੰਮ ਸਿਰਫ਼ ਦੋ ਚਹੇਤੀਆਂ ਕੰਪਨੀਆਂ ( ਇੰਦਰਜੀਤ ਬਜਾਜ ਐਂਡ ਐਸੋਸੀਏਟਸ ਅਤੇ ਬ੍ਰਾਈਟ ਵੇ ) ਨੂੰ ਸੌਂਪ ਦਿੱਤੇ ਗਏ। ਬਠਿੰਡਾ ਚ 67 ਕਰੋੜ, ਲੁਧਿਆਣਾ ਚ 37 ਕਰੋੜ, ਅੰਮ੍ਰਿਤਸਰ ਚ 12 ਕਰੋੜ ਅਤੇ ਜਲੰਧਰ ਵਿੱਚ 25-30 ਕਰੋੜ ਤੋਂ ਵੱਧ ਦੇ ਕੰਮ ਇਨ੍ਹਾਂ ਨੂੰ ਹੀ ਦਿੱਤੇ ਗਏ ਅਤੇ ਟੈਂਡਰ ਦੀ ਸਮਾਂ-ਸੀਮਾ ਚ ਹੇਰਾਫੇਰੀ ਕੀਤੀ ਗਈ। ਘੱਟ ਬਿਡ ਕੈਪੈਸਿਟੀ ਵਾਲੀ ਕੰਪਨੀ ਨੂੰ ਕਰੋੜਾਂ ਦੇ ਕੰਮ ਦੇ ਦਿੱਤੇ ਗਏ। ਟੈਂਡਰ ਪਬਲਿਸ਼ ਹੋਣ ਦੀ ਤਾਰੀਖ ਤੋਂ ਬਾਅਦ ਦੀਆਂ ਮਿਤੀਆਂ ਵਾਲੇ ਐਕਸਪੀਰੀਅੰਸ ਸਰਟੀਫਿਕੇਟ ਲਗਾ ਕੇ ਟੈਂਡਰ ਪਾਸ ਕੀਤੇ ਗਏ। ਆਗੂਆਂ ਨੇ ਸਵਾਲ ਉਠਾਇਆ ਕਿ ਜੇਕਰ ਨਿਗਮ ਅਤੇ ਵਿਭਾਗ ਕੋਲ ਪਹਿਲਾਂ ਹੀ 2 ਸਾਲ ਦੇ ਰੇਟ ਕਾਂਟਰੈਕਟ ਤੇ ਕੰਪਨੀਆਂ ਤਾਇਨਾਤ ਹਨ, ਤਾਂ ਸਤੰਬਰ 2026 ਵਿੱਚ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਅਤੇ ਮੋਹਾਲੀ ਵੱਲੋਂ ਮੁੜ ਨਵੇਂ ਟੈਂਡਰ ਕਿਉਂ ਮੰਗੇ ਜਾ ਰਹੇ ਹਨ? ਕਾਂਗਰਸੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਨਤਾ ਦੇ ਟੈਕਸਾਂ ਦੇ ਪੈਸੇ ਦੀ ਇਸ ਲੁੱਟ ਦੀ ਉੱਚ ਪੱਧਰੀ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਸ ਭ੍ਰਿਸ਼ਟਾਚਾਰ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਅਤੇ ਦੋਸ਼ੀ ਅਧਿਕਾਰੀਆਂ ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਕਾਂਗਰਸ ਪਾਰਟੀ ਪਹਿਲਾੰ ਵਿਜੀਲੈੰਸ ਤੇ ਫਿਰ ਅਦਾਲਤ ਦਾ ਰੁਖ਼ ਕਰੇਗੀ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢੇਗੀ। ਕਾਂਗਰਸ ਨੇ ਕੀਤਾ ਸ਼ਹਿਰ ਦਾ ਬੇੜਾ ਗਰਕ, ਹੁਣ ਸੁਧਾਰ ਦੇਖ ਕੇ ਹੋ ਰਹੀ ਹੈ ਬੌਖਲਾਹਟ : ਮੇਅਰ ਨਗਰ ਨਿਗਮ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੇਅਰ ਵਨੀਤ ਧੀਰ ਨੇ ਸਖ਼ਤ ਪਲਟਵਾਰ ਕੀਤਾ ਹੈ। ਕਾਂਗਰਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜੋ ਨੇਤਾ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਹਨ, ਉਨ੍ਹਾਂ ਦੇ ਆਪਣੇ ਸ਼ਾਸਨਕਾਲ ਦੌਰਾਨ ਹੀ ਸ਼ਹਿਰ ਦੇ ਹਾਲਾਤ ਦਾ ਬੇੜਾ ਗਰਕ ਹੋਇਆ ਸੀ। ਹੁਣ ਜਦੋਂ ਸ਼ਹਿਰ ਦੀ ਨੁਹਾਰ ਬਦਲ ਰਹੀ ਹੈ, ਤਾਂ ਕਾਂਗਰਸੀ ਨੇਤਾਵਾਂ ਕੋਲੋਂ ਇਹ ਸੁਧਾਰ ਬਰਦਾਸ਼ਤ ਨਹੀਂ ਹੋ ਰਿਹਾ। ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਸਿਰਫ਼ ਜਾਲ੍ਹੀ ਬਿੱਲ ਬਣਾ ਕੇ ਕੰਮਾਂ ਦੇ ਨਾਂ ਤੇ ਖਾਨਾਪੂਰਤੀ ਕੀਤੀ ਜਾਂਦੀ ਸੀ। ਇਸ ਦੇ ਉਲਟ, ਮੌਜੂਦਾ ਵਿਵਸਥਾ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਗਈ ਹੈ। ਅੱਜ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਤੱਕ ਸੁਪਰ ਸੱਕਸ਼ਨ ਮਸ਼ੀਨਾਂ ਪਹੁੰਚ ਰਹੀਆਂ ਹਨ ਤਾਂ ਜੋ ਸਫ਼ਾਈ ਵਿਵਸਥਾ ਨੂੰ ਪੁਖ਼ਤਾ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਹਰ ਗੱਡੀ ਅਤੇ ਕੰਮ ਦੀ ਜੀ.ਪੀ.ਐੱਸ. ਰਾਹੀਂ ਸਖ਼ਤ ਟ੍ਰੈਕਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਭ੍ਰਿਸ਼ਟਾਚਾਰ ਤੇ ਠੱਲ੍ਹ ਪਈ ਹੈ। ਸ਼ਹਿਰ ਵਿੱਚ ਹੋ ਰਹੇ ਸੁਧਾਰਾਂ ਨੂੰ ਦੇਖ ਕੇ ਕਾਂਗਰਸ ਨੂੰ ਆਪਣੀ ਰਾਜਨੀਤਿਕ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ, ਇਸ ਲਈ ਕੋਝੀਆੰ ਹਰਕਤਾਂ ਤੇ ਉਤਰ ਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੀ ਜਨਤਾ ਬਹੁਤ ਸਮਝਦਾਰ ਹੈ ਅਤੇ ਉਹ ਕਾਂਗਰਸ ਦੇ ਇਸ ਝੂਠੇ ਪ੍ਰਚਾਰ ਦੇ ਝਾਂਸੇ ਵਿੱਚ ਬਿਲਕੁਲ ਨਹੀਂ ਆਵੇਗੀ।