- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੈਕ ਮੁਲਾਜ਼ਮਾਂ 'ਤੇ ਲੰਮੇ ਸਮੇਂ ਤੋਂ ਡੀਐੱਲ ਨਾ ਬਣਾਏ ਜਾਣ ਦੇ ਲੱਗੇ ਦੋਸ਼

ਟੈਸਟ ਪਾਸ ਤੇ ਫੀਸਾਂ ਜਮ੍ਹਾਂ ਕਰਵਾਉਣ ਦੇ ਬਾਵਜੂਦ ਨਹੀਂ ਬਣਿਆ ਲਾਇਸੈਂਸ : ਰੋਹਿਤ
-ਆਰਟੀਓ ਗੁਲਾਟੀ ਦੀਆਂ ਦੋ ਵਾਰ ਟਰੈਕ ’ਤੇ ਚੈਕਿੰਗਾਂ ਵੀ ਸਵਾਲਾਂ ਦੇ ਘੇਰੇ ’ਚ
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਆਰਟੀਓ ਦਫ਼ਤਰ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ‘ਤੇ ਲਾਇਸੈਂਸ ਬਣਵਾਉਣ ਲਈ ਆਮ ਲੋਕਾਂ ਦੀ ਖੱਜਲ-ਖੁਆਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਹਾਲਾਤ ਇਹ ਹਨ ਕਿ ਬਿਨੈਕਾਰ ਡੇਢ-ਦੋ ਸਾਲਾਂ ਤੋਂ ਲਾਇਸੈਂਸ ਲਈ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਆਬਾਦਪੁਰਾ ਦੇ ਰਹਿਣ ਵਾਲੇ ਨੌਜਵਾਨ ਰੋਹਿਤ ਨੇ ਆਰਟੀਓ ਦਫ਼ਤਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਸਟਾਫ਼ ਵੱਲੋਂ ਨਾ ਤਾਂ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਹੁਣ ਜਦੋਂ ਉਸ ਨੇ ਆਪਣੇ ਕੰਮ ਬਾਰੇ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਵੱਲੋਂ ਅਪਲਾਈ ਕੀਤੇ ਗਏ ਲਾਇਸੈਂਸ ਦੀ ਮਿਆਦ ਪੁੱਗਣ ਕਾਰਨ ਖ਼ਤਮ ਹੋ ਗਿਆ ਹੈ। ਦੂਜੇ ਪਾਸੇ, ਨਵੀਂ ਆਰਟੀਓ ਤੁਸ਼ਿਤਾ ਗੁਲਾਟੀ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਦੋ ਵਾਰ ਜਾਂਚ ਕੀਤੇ ਜਾਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਲਾਂ ਹੱਲ ਨਾ ਹੋਣ ਕਾਰਨ ਇਨ੍ਹਾਂ ਜਾਂਚਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ।
ਰੋਹਿਤ ਨੇ ਦੱਸਿਆ ਕਿ ਉਹ ਪਿਛਲੇ ਡੇਢ-ਦੋ ਸਾਲਾਂ ਤੋਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟਰੈਕ ’ਤੇ ਭਟਕ ਰਿਹਾ ਹੈ। ਲਾਇਸੈਂਸ ਲਈ ਲੋੜੀਂਦੇ ਸਾਰੇ ਟੈਸਟ ਅਤੇ ਟਰਾਈਆਂ ਪਾਸ ਕਰਨ ਦੇ ਬਾਵਜੂਦ ਉਸ ਦਾ ਕੰਮ ਅਧੂਰਾ ਪਿਆ ਹੈ। ਉਸ ਦਾ ਦੋਸ਼ ਹੈ ਕਿ ਦਫ਼ਤਰ ਦੇ ਸਟਾਫ਼ ਵੱਲੋਂ ਉਸ ਨੂੰ ਅਗਲੀ ਪ੍ਰਕਿਰਿਆ ਬਾਰੇ ਸਹੀ ਢੰਗ ਨਾਲ ਜਾਣਕਾਰੀ ਨਹੀਂ ਦਿੱਤੀ ਗਈ। ਇਹ ਖਬਰ ਵਾਇਰਲ ਹੋ ਰਹੀ ਵੀਡੀਓ ਤੋਂ ਬਣਾਈ ਗਈ ਹੈ। ਉਧਰ ਦੂਜੇ ਪਾਸੇ, ਇਸ ਮਾਮਲੇ ਸਬੰਧੀ ਏਆਰਟੀਓ ਸੰਦੀਪ ਭਾਰਤੀ ਦਾ ਪੱਖ ਜਾਨਣ ਲਈ ਉਨ੍ਹਾਂ ਦੇ ਮੋਬਾਈਲ ਨੰਬਰ 96463-00733 ‘ਤੇ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫੋਨ ਨਹੀਂ ਚੁਕਿਆ।