- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਡੇ ਸਰਾਏ ‘ਚ ਨੌਜਵਾਨਾਂ ਲਈ ਬਣ ਰਹੇ ਸਟੇਡੀਅਮ ਦੇ ਕੰਮ

--ਐੱਨਆਰਆਈ ਪਰਿਵਾਰਾਂ ਵੱਲੋਂ 30 ਲੱਖ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਸਟੇਡੀਅਮ
--‘ਆਪ’ ਸਰਕਾਰ ਦੀ ਕਹਿਣੀ ਤੇ ਕਰਨੀ ’ਚ ਫ਼ਰਕ : ਸਰਦੂਲ ਸਿੰਘ
ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਪਿੰਡ ਜੰਡੇ ਸਰਾਏ ’ਚ ਐੱਨਆਰਆਈ ਭਰਾਵਾਂ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ’ਚ ਉਸਾਰੇ ਜਾ ਰਹੇ ਖੇਡ ਸਟੇਡੀਅਮ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਸਾਬਕਾ ਸਰਪੰਚ ਦਰਮਿਆਨ ਚੱਲ ਰਿਹਾ ਵਿਵਾਦ ਅੱਜ ਖੁੱਲ੍ਹ ਕੇ ਸਾਹਮਣੇ ਆਇਆ। ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਸਰਦੂਲ ਸਿੰਘ ਬੂਟਾ, ਪੰਚਾਇਤ ਮੈਂਬਰਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਗਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪੰਚਾਇਤੀ ਜ਼ਮੀਨ ’ਚੋਂ 13 ਕਨਾਲ ਰਕਬੇ ’ਤੇ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਸੀ ਪਰ ਬੀਡੀਓ ਭੋਗਪੁਰ ਵੱਲੋਂ ਕੰਮ ਰੁਕਵਾ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਸਰਪੰਚ ਸਰਦੂਲ ਸਿੰਘ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਰਜਿੰਦਰ ਸਿੰਘ ਹਲਕਾ ਇੰਚਾਰਜ ਕਾਂਗਰਸ ਤੇ ਕੋਆਰਡੀਨੇਟਰ ਕੁਲਦੀਪ ਸਿੰਘ ਟਾਂਡੀ ਅਨੁਸਾਰ, ਪੰਚਾਇਤ ਨੇ 18 ਸਤੰਬਰ 2026 ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਉਨ੍ਹਾਂ ਦੱਸਿਆ ਕਿ ਇਹ ਜਗ੍ਹਾ ਪਹਿਲਾਂ ਤੋਂ ਹੀ ਬੱਚਿਆਂ ਦੇ ਖੇਡਣ ਲਈ ਵਰਤੀ ਜਾਂਦੀ ਰਹੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਬੱਚੇ ਇੱਥੇ ਖੇਡਦੇ ਆ ਰਹੇ ਹਨ। ਇਸ ਜਗਾਂ ਨੂੰ ਖੇਡ ਸਟੇਡੀਅਮ ਵਜੋਂ ਵਿਕਸਤ ਕਰਨ ਲਈ 20 ਸਤੰਬਰ ਤੋਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਤੇ ਸਟੇਡੀਅਮ ਦੇ ਪ੍ਰਾਜੈਕਟ ਤਹਿਤ ਗਰਾਊਂਡ ਦੀ ਪੂਰੀ ਚਾਰਦੀਵਾਰੀ, ਜਿਮ ਲਈ ਕਮਰੇ ਦੀ ਉਸਾਰੀ ਤੇ ਗਰਾਊਂਡ ਦੇ ਆਲੇ-ਦੁਆਲੇ ਬੈਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ’ਤੇ ਤਕਰੀਬਨ 30 ਲੱਖ ਰੁਪਏ ਐੱਨਆਰਆਈ ਭਰਾਵਾਂ ਵੱਲੋਂ ਖਰਚ ਕੀਤੇ ਜਾ ਰਹੇ ਹਨ। ਇਸ ਕੰਮ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਗਰਾਂਟ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਉਨ੍ਹਾਂ ਮੁਤਾਬਕ, ਹੁਣ ਤੱਕ ਇਸ ਪ੍ਰਾਜੈਕਟ ’ਤੇ ਲਗਭਗ 14 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬੀਡੀਪੀਓ ਭੋਗਪੁਰ ਵੱਲੋਂ ਸਟੇਡੀਅਮ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਦਾ ਦਾਅਵਾ ਹੈ ਕਿ ਕਰਤਾਰਪੁਰ ਪੁਲਿਸ ਵੱਲੋਂ ਉਸਾਰੀ ਦੇ ਕੰਮ ’ਚ ਲੱਗੇ ਮਜ਼ਦੂਰਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ’ਚ ਪਿੰਡ ਵਾਸੀਆਂ ਦੇ ਦਬਾਅ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਪਿੰਡ ’ਚ ਸ਼ਰੇਆਮ ਚਿੱਟਾ ਵਿਕ ਰਿਹਾ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਹਲਕੇ ਦੇ ਵਿਧਾਇਕ ਦੀ ਦਖ਼ਲਅੰਦਾਜ਼ੀ ਕਾਰਨ ਕੰਮ ’ਚ ਰੁਕਾਵਟ ਪਾਈ ਜਾ ਰਹੀ ਹੈ। ਪਿੰਡ ਦੇ ਨੌਜਵਾਨਾਂ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਮੁੱਖ ਉਦੇਸ਼ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਹੈ।
ਇਸ ਮੌਕੇ ਸਰਪੰਚ ਤੇ ਪਿੰਡ ਵਾਸੀਆਂ ਨੇ ਸਵਾਲ ਉਠਾਇਆ ਕਿ ਇਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਤੇ ‘ਰੰਗਲਾ ਪੰਜਾਬ’ ਬਣਾਉਣ ਦੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਦਾਅਵੇ ਅਨੁਸਾਰ, ਜਦੋਂ ਪ੍ਰਵਾਸੀ ਭਾਰਤੀ ਆਪਣੀ ਮਿਹਨਤ ਦੀ ਕਮਾਈ ਨਾਲ ਪਿੰਡਾਂ ’ਚ ਖੇਡ ਸਹੂਲਤਾਂ ਵਿਕਸਤ ਕਰਨ ਲਈ ਅੱਗੇ ਆ ਰਹੇ ਹਨ ਤਾਂ ਅਜਿਹੇ ਕੰਮਾਂ ’ਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਟੇਡੀਅਮ ਦੀ ਉਸਾਰੀ ਰੋਕਣ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ ਜਾਵੇ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਬੱਚਿਆਂ ਤੇ ਨੌਜਵਾਨਾਂ ਦੇ ਹਿੱਤ ’ਚ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੂੰ ਮੁੜ ਚਾਲੂ ਕੀਤਾ ਜਾ ਸਕੇ।
ਇਸ ਮੌਕੇ ਸਰਪੰਚ ਸਰਦੂਲ ਸਿੰਘ ਬੂਟਾ, ਕੁਲਦੀਪ ਸਿੰਘ ਟਾਂਡੀ ਹਲਕਾ ਅਬਜ਼ਰਵਰ ਸ਼੍ਰੋਮਣੀ ਅਕਾਲੀ ਦਲ,ਰਜਿੰਦਰ ਸਿੰਘ ਹਲਕਾ ਇੰਚਾਰਜ ਕਾਂਗਰਸ ਪਾਰਟੀ, ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ,ਗੁਰਦੇਵ ਸਿੰਘ ਮਾਹਲ ,ਮੈਂਬਰ ਪੰਚਾਇਤ ਬਹਾਦਰ ਸਿੰਘ,ਅਮਰਜੀਤ ਸਿੰਘ,ਸੁਨੀਤਾ, ਜਥੇਦਾਰ ਭਗਵੰਤ ਸਿੰਘ ਅਕਾਲੀ ਦਲ ਪੁਨਰ ਸੁਰਜੀਤ, ਜਥੇਦਾਰ ਰਤਨ ਸਿੰਘ,ਪ੍ਰਗਟ ਸਿੰਘ ਪਟਵਾਰੀ,ਅਮਰਜੀਤ ਸਿੰਘ, ਪਰਮਜੀਤ ਸਿੰਘ,ਦੀਵਾਨ ਚੰਦ,ਜਸਵਿੰਦਰ ਸਿੰਘ,ਜਸਵੀਰ ਸਿੰਘ, ਕੁਲਦੀਪ ਸਿੰਘ,ਨਵਨੀਤ ਸਿੰਘ ਦਿਆਲਪੁਰ, ਅਮਨਪ੍ਰੀਤ ਸਿੰਘ ਮਾਮੂ, ਪ੍ਰਿਤਪਾਲ ਸਿੰਘ ਬੱਲ,ਕਮਲਜੀਤ ਸਿੰਘ ਸਾਬਕਾ ਸੰਮਤੀ ਮੈਂਬਰ,ਕਰਮਜੀਤ ਸਿੰਘ ਸਾਬਕਾ ਸਰਪੰਚ,ਸੁੱਚਾ ਸਿੰਘ,ਮਨਜੀਤ ਸਿੰਘ, ਸਰਬਜੀਤ ਸਿੰਘ ਬੜਾ ਪਿੰਡ ਅਤੇ ਸੈਂਕੜੇ ਪਿੰਡ ਵਾਸੀ ਹਾਜ਼ਰ ਸਨ।