‘ਆਪ’ ਵੱਲੋਂ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ : ਪ੍ਰਿੰ. ਪ੍ਰੇਮ ਕੁਮਾਰ
ਆਮ ਆਦਮੀ ਪਾਰਟੀ ਵੱਲੋਂ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ : ਪ੍ਰਿੰਸੀਪਲ ਪ੍ਰੇਮ ਕੁਮਾਰ
Publish Date: Sun, 22 Feb 2026 07:26 PM (IST)
Updated Date: Sun, 22 Feb 2026 07:27 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਆਮ ਆਦਮੀ ਪਾਰਟੀ ਵੱਲੋਂ ਫਿਲੌਰ ਹਲਕੇ ’ਚ ਸਰਬਸੰਮਤੀ ਨਾਲ ਚੁਣੀਆਂ ਗਈਆਂ 33 ਪੰਚਾਇਤਾਂ ਨੂੰ ਪ੍ਰਤੀ ਪਿੰਡ 5 ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਇਸ ਤਹਿਤ ਫਿਲੌਰ ਹਲਕੇ ਨੂੰ ਕੁੱਲ 1.65 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਹੈ। ਫਿਲੌਰ ਹਲਕੇ ਦੇ ਇੰਚਾਰਜ ਤੇ ਪੰਜਾਬ ਰਾਜ ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਹਰ ਮੋਰਚੇ ’ਤੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਤੇ ਪੰਚਾਇਤਾਂ ਦੀਆਂ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਚੈੱਕਾਂ ਦੇ ਜ਼ਰੀਏ ਵਾਅਦਿਆਂ ਨੂੰ ਸਮੇਂ ਸਿਰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ’ਚ ਕੀਤੇ ਲਗਾਤਾਰ ਸੁਧਾਰਾਂ ਕਾਰਨ ਸੂਬੇ ਦੇ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀ ਆਪਣੀ ਪਹਿਲੀ ਕੋਸ਼ਿਸ਼ ’ਚ ਜੇਈਈ ਮੇਨਜ਼ 2026 ਪਾਸ ਕਰਨ ’ਚ ਸਫਲ ਹੋਏ, ਜੋ ਕਿ ਪਿਛਲੇ ਸਾਲ ਦੇ 187 ਸਫਲ ਉਮੀਦਵਾਰਾਂ ਨਾਲੋਂ 63 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ। ਸਿਹਤ ਖੇਤਰ ’ਚ ਵੀ ਸਰਕਾਰ ਨੇ ਕਦਮ ਚੁੱਕੇ ਹਨ। ਪਿੰਡਾਂ ਤੇ ਸ਼ਹਿਰਾਂ ’ਚ ਸਿਹਤ ਕਾਰਡ ਬਣਾਉਣ ਲਈ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਲੋਕ ਮੁਫ਼ਤ ਕਾਰਡ ਪ੍ਰਾਪਤ ਕਰ ਸਕਦੇ ਹਨ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤਕ ਦਾ ਲਾਭ ਲੈ ਸਕਦੇ ਹਨ।