ਤਹਿਸੀਲ ਕੰਪਲੈਕਸ ’ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਸ਼ਾਹਕੋਟ ਦੀਆਂ ਸਮੂਹ ਮੁਲਾਜ਼ਮ, ਪੈਨਸ਼ਨਰ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਤਹਿਸੀਲ ਕੰਪਲੈਕਸ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ
Publish Date: Thu, 27 Aug 2026 10:04 PM (IST)
Updated Date: Thu, 27 Aug 2026 10:07 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਤੇ ਆਧਾਰਿਤ ਸਾਂਝੇ ਮੁਲਾਜ਼ਮ ਮੰਚ ਦੇ ਮਹਾਂ ਹੜਤਾਲ ਸੱਦੇ ਨੂੰ ਸ਼ਾਹਕੋਟ ਵਿਚ ਭਰਵਾਂ ਹੁੰਗਾਰਾ ਮਿਲਿਆ। ਅੱਜ ਤਹਿਸੀਲ ਸ਼ਾਹਕੋਟ ਦੀਆਂ ਸਮੂਹ ਮੁਲਾਜ਼ਮ, ਪੈਨਸ਼ਨਰ ਤੇ ਅਧਿਆਪਕ ਜਥੇਬੰਦੀਆਂ ਨਾਲ ਸਬੰਧਤ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਦਫ਼ਤਰੀ ਕੰਮ ਕਾਜ ਠੱਪ ਰੱਖਿਆ ਅਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਚ ਆਪਣੀਆਂ ਮੰਗਾਂ ਦੇ ਹੱਕ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਵਿਚ ਮੁਲਾਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ, ਸਗੋਂ 18 ਫ਼ੀਸਦੀ ਮਹਿੰਗਾਈ ਭੱਤਾ ਦੇਣ ਦੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਨੂੰ ਵੀ ਲਾਗੂ ਕਰਨ ਤੋਂ ਮੁਨਕਰ ਹੋਇਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਵਲੋਂ ਮੁਲਾਜ਼ਮ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ, ਪ੍ਰਿੰਸੀਪਲ ਹਰਪ੍ਰੀਤ ਸਿੰਘ ਸੌਂਧੀ, ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ, ਵਿੱਤ ਸਕੱਤਰ ਅੰਮ੍ਰਿਤਪਾਲ ਸਿੰਘ, ਜੀ.ਟੀ.ਯੂ. ਦੇ ਪ੍ਰਧਾਨ ਰਮਨ ਗੁਪਤਾ, ਸੁਰਿੰਦਰ ਵਿੱਗ, ਰਾਕੇਸ਼ ਖਹਿਰਾ, ਕੁਲਦੀਪ ਸਿੰਘ ਅਧਿਆਪਕ ਦਲ, ਅਮਨਦੀਪ ਸਿੰਘ ਬਾਗਪੁਰ ਸਿਹਤ ਵਿਭਾਗ, ਵਿਜੇ ਵਿੱਗ, ਹਰਮਨਜੋਤ ਸਿੰਘ, ਬੇਅੰਤ ਸਿੰਘ ਭੱਦਮਾਂ, ਹਰਬੰਸ ਲਾਲ ਪਰਜੀਆਂ ਸਰਪ੍ਰਸਤ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਗੁਰਮੇਜ ਲਾਲ ਹੀਰ ਸਰਪ੍ਰਸਤ, ਰਾਕੇਸ਼ ਚੰਦ, ਜਤਿੰਦਰ ਸਿੰਘ ਜੌਨੀ, ਅਮਨਦੀਪ ਸਿੰਘ, ਜਸਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਬਲਵਿੰਦਰ ਕੁਮਾਰ ਬਲਾਕ ਪ੍ਰਧਾਨ, ਜਸਵਿੰਦਰ ਕੌਰ ਸਚਦੇਵਾ, ਅਮਰਪ੍ਰੀਤ ਸਿੰਘ ਦਾਨੇਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਲਕਾਰ ਸਿੰਘ ਫਾਜ਼ਲਵਾਲ ਆਦਿ ਹਾਜ਼ਰ ਸਨ।