ਮੰਦਰ ਵਾਲਾ ਪਿੱਪਲ ਵੱਢਣ ਦੇ ਮਾਮਲੇ ’ਚ ਘਿਰੇ ਅਖਾੜਾ ਪ੍ਰਬੰਧਕ ਮੰਦਰ ਵਾਲੇ ਪਿੱਪਲ ‘ਕਤਲ’ ਕਾਂਡ ’ਚ ਘਿਰੇ ਅਖਾੜਾ ਪ੍ਰਬੰਧਕ
Publish Date: Thu, 26 Nov 2026 08:40 PM (IST)
Updated Date: Thu, 26 Nov 2026 08:43 PM (IST)
-ਇਸੇ ਅਖਾੜੇ ਦਾ ਪਹਿਲਾਂ ਵੀ ਪਿੱਪਲ ਵੱਢਣ ਦਾ ਮਾਮਲਾ ਪੁੱਜ ਚੁੱਕਾ ਹੈ ਅਦਾਲਤ, ਪੁਰਾਣਾ ਸਾਮਾਨ ਵੇਚਣ ਦਾ ਮਾਮਲਾ ਵੀ ਚਰਚਾ ’ਚ ਰਿਹਾ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਕੱਤਕ ਦੀ ਪੁੰਨਿਆ ਵਾਲੇ ਦਿਨ ਸ਼ਹਿਰ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਦੀ ਹਦੂਦ ਅੰਦਰ ਪ੍ਰਾਚੀਨ ਅਖਾੜੇ ਨੇੜੇ ਪਿੱਪਲ ਦਾ ਦਰੱਖਤ ਵੱਢੇ ਜਾਣ ਦਾ ਮਾਮਲਾ ਹੁਣ ਹੋਰ ਭਖਦਾ ਨਜ਼ਰ ਆ ਰਿਹਾ ਹੈ। ਪਹਿਲਾਂ ਛਾਂਗਣ ਦੇ ਨਿਰਦੇਸ਼ਾਂ ਦੇ ਬਾਵਜੂਦ ਪੂਰਾ ਪਿੱਪਲ ਵੱਢੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਭੰਡਾਰੀ ਦਾ ਕਹਿਣਾ ਹੈ ਕਿ ਪਿੱਪਲ ਵੱਢਿਆ ਨਹੀਂ ਗਿਆ, ਸਗੋਂ ਉਸ ਨੂੰ ਛਾਂਗਿਆ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇੱਕ ਪਾਸੇ ਛਾਂਗਣ ਦੀ ਗੱਲ ਅਤੇ ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਨਾ ਹੋਣ ਦਾ ਬਿਆਨ ਹੁਣ ਨਵੇਂ ਸਵਾਲ ਖੜ੍ਹੇ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਇਹ ਕਾਰਵਾਈ ਕੀਤੀ ਗਈ, ਉਸ ਦਿਨ ਕੱਤਕ ਦੀ ਪੁੰਨਿਆ ਦਾ ਵਿਸ਼ੇਸ਼ ਧਾਰਮਿਕ ਮਹੱਤਵ ਸੀ। --- ਜਾਂਚ ਕਰਨ ਤੋਂ ਬਾਅਦ ਕੀਤੀ ਜਾਵੇਗੀ ਪੁੱਛਗਿੱਛ : ਭੰਡਾਰੀ ਇਸ ਮਾਮਲੇ ਸਬੰਧੀ ਜਦੋਂ ਸਾਬਕਾ ਵਿਧਾਇਕ ਕੇਡੀ ਭੰਡਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਪਲ ਵੱਢਿਆ ਨਹੀਂ ਗਿਆ, ਸਗੋਂ ਛਾਂਗਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੈਸੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਭੰਡਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਦੇ ਇਸ ਬਿਆਨ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਉਹ ਪਿੱਪਲ ਛਾਂਗਣ ਦੀ ਗੱਲ ਕਰ ਰਹੇ ਹਨ, ਜਦਕਿ ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਵੀ ਆਖ ਰਹੇ ਹਨ। ਸੂਤਰਾਂ ਅਨੁਸਾਰ ਭੰਡਾਰੀ ਰੋਜ਼ਾਨਾ ਇਸੇ ਅਖਾੜੇ ਵਿਚ ਕਸਰਤ ਕਰਨ ਲਈ ਜਾਂਦੇ ਹਨ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਅਖਾੜੇ ਵਿੱਚ ਹੋਈ ਇਸ ਕਾਰਵਾਈ ਬਾਰੇ ਉਨ੍ਹਾਂ ਨੂੰ ਜਾਣਕਾਰੀ ਕਿਉਂ ਨਹੀਂ ਸੀ। ਹੁਣ ਦੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਉਹ ਇਸ ਮਾਮਲੇ ਵਿੱਚ ਕੀ ਕਦਮ ਚੁੱਕਦੇ ਹਨ। --- ਛਾਂਗਣ ਦੀ ਥਾਂ ਪੂਰਾ ਪਿੱਪਲ ਹੀ ਵੱਢ ਦਿੱਤਾ ਪਹਿਲਾਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਅਖਾੜਾ ਪ੍ਰਬੰਧਕਾਂ ਵੱਲੋਂ ਦਰੱਖਤ ਦੀਆਂ ਟਾਹਣੀਆਂ ਛਾਂਗਣ ਲਈ ਕਿਹਾ ਗਿਆ ਸੀ। ਇਸ ਦਾ ਮਕਸਦ ਵਾਧੂ ਟਾਹਣੀਆਂ ਨੂੰ ਕੱਟਣਾ ਸੀ ਪਰ ਦੋਸ਼ ਹੈ ਕਿ ਛੰਗਾਈ ਦੀ ਬਜਾਏ ਪੂਰੇ ਪਿੱਪਲ ਨੂੰ ਹੀ ਵੱਢ ਦਿੱਤਾ ਗਿਆ। ਇਸ ਮਾਮਲੇ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਦਰੱਖਤ ਨੂੰ ਵੱਢਣ ਤੋਂ ਬਾਅਦ ਉਸ ਦੇ ਟੁੱਕੜਿਆਂ ਨੂੰ ਇੱਕ ਵੱਡੀ ਗੱਡੀ ਵਿੱਚ ਲੱਦ ਕੇ ਉੱਥੋਂ ਲਿਜਾਇਆ ਗਿਆ। ਹੁਣ ਸਵਾਲ ਇਹ ਹੈ ਕਿ ਜੇ ਸਿਰਫ਼ ਛਾਂਗਣ ਦੀ ਮਨਜ਼ੂਰੀ ਸੀ ਤਾਂ ਪੂਰਾ ਦਰੱਖਤ ਵੱਢਣ ਦਾ ਫੈਸਲਾ ਕਿਸ ਨੇ ਲਿਆ? ਦਰੱਖਤ ਨੂੰ ਗੱਡੀ ਵਿੱਚ ਲੱਦ ਕੇ ਲਿਜਾਣ ਦੀ ਕਾਰਵਾਈ ਕਿਸ ਦੀ ਨਿਗਰਾਨੀ ਹੇਠ ਹੋਈ ਅਤੇ ਇਸ ਦੀ ਮਨਜ਼ੂਰੀ ਕਿਸ ਨੇ ਦਿੱਤੀ। --- ਮੰਦਰ ਪ੍ਰਧਾਨ ਮਿੰਟਾ ਨੇ ਝਾੜਿਆ ਪੱਲਾ ਇਸ ਮਾਮਲੇ ਵਿੱਚ ਕਾਲੀ ਮਾਤਾ ਮੰਦਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਿੰਟਾ ਦਾ ਰਵੱਈਆ ਵੀ ਚਰਚਾ ਵਿੱਚ ਹੈ। ਉਨ੍ਹਾਂ ਨੇ ਪਿੱਪਲ ਵੱਢੇ ਜਾਣ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਸਾਰਾ ਮਾਮਲਾ ਅਖਾੜੇ ਦੇ ਉਸਤਾਦ ਦਰਸ਼ੀ ਨਾਲ ਗੱਲ ਕਰਨ ਲਈ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਧਾਰਮਿਕ ਆਸਥਾ ਨਾਲ ਜੁੜੇ ਪਿੱਪਲ ਨੂੰ ਵੱਢੇ ਜਾਣ ਦੇ ਮਾਮਲੇ ਵਿੱਚ ਉਹ ਕੀ ਕਾਰਵਾਈ ਕਰਨਗੇ ਤਾਂ ਉਨ੍ਹਾਂ ਵੱਲੋਂ ਕੋਈ ਸਪੱਸ਼ਟ ਭਰੋਸਾ ਨਹੀਂ ਦਿੱਤਾ ਗਿਆ। ਹੁਣ ਸਵਾਲ ਇਹ ਹੈ ਕਿ ਮੰਦਰ ਦੀ ਹਦੂਦ ਅੰਦਰ ਹੋਈ ਇਸ ਕਾਰਵਾਈ ਦੀ ਜਵਾਬਦੇਹੀ ਆਖ਼ਰ ਕਿਸ ਦੀ ਹੈ? ਕੀ ਮੰਦਰ ਪ੍ਰਬੰਧਨ ਦੀ ਇਸ ਮਾਮਲੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਬਣਦੀ। --- ਪਹਿਲਾਂ ਵੀ ਅਜਿਹਾ ਮਾਮਲਾ ਪਹੁੰਚ ਚੁੱਕਾ ਅਦਾਲਤ ਸੂਤਰਾਂ ਅਨੁਸਾਰ ਇਸੇ ਅਖਾੜੇ ਵਿੱਚ ਪਿੱਪਲ ਵੱਢੇ ਜਾਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੁਰਾਣੇ ਸਮੇਂ ਦੌਰਾਨ ਇੱਕ ਪਿੱਪਲ ਵੱਢੇ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਸੀ। ਅਜਿਹੇ ਵਿੱਚ ਸਵਾਲ ਇਹ ਹੈ ਕਿ ਪੁਰਾਣੇ ਵਿਵਾਦ ਤੋਂ ਸਬਕ ਕਿਉਂ ਨਹੀਂ ਲਿਆ ਗਿਆ? ਕੀ ਪ੍ਰਬੰਧਕਾਂ ਨੇ ਪਹਿਲਾਂ ਹੋਏ ਵਿਵਾਦ ਤੋਂ ਬਾਅਦ ਕੋਈ ਨਿਯਮ ਜਾਂ ਪ੍ਰਬੰਧਕੀ ਵਿਵਸਥਾ ਤੈਅ ਕੀਤੀ ਸੀ? --- 50 ਹਜ਼ਾਰ ਵਾਲਾ ਮਾਮਲੇ ਦੀ ਵੀ ਚਰਚਾ ਇਸ ਅਖਾੜੇ ਨਾਲ ਜੁੜਿਆ ਇੱਕ ਹੋਰ ਪੁਰਾਣਾ ਮਾਮਲਾ ਵੀ ਸੂਤਰਾਂ ਦੇ ਹਵਾਲੇ ਨਾਲ ਚਰਚਾ ਵਿੱਚ ਆ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਅਖਾੜੇ ਵਿੱਚੋਂ ਪੁਰਾਣਾ ਸਾਮਾਨ ਵੇਚ ਕੇ 50 ਹਜ਼ਾਰ ਰੁਪਏ ਹਾਸਲ ਕੀਤੇ ਗਏ ਸਨ। ਉਸ ਸਮੇਂ ਵੀ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਹਾਲਾਂਕਿ ਇਸ ਮਾਮਲੇ ਦੇ ਪੂਰੇ ਤੱਥ ਅਤੇ ਪੈਸਿਆਂ ਦੀ ਵਰਤੋਂ ਸਬੰਧੀ ਸਪੱਸ਼ਟ ਜਾਣਕਾਰੀ ਸਾਹਮਣੇ ਆਉਣੀ ਅਜੇ ਬਾਕੀ ਹੈ। ਹੁਣ ਪਿੱਪਲ ਵੱਢੇ ਜਾਣ ਦੀ ਘਟਨਾ ਤੋਂ ਬਾਅਦ ਅਖਾੜੇ ਦੇ ਪ੍ਰਬੰਧਕੀ ਕੰਮਕਾਜ ਨੂੰ ਲੈ ਕੇ ਪੁਰਾਣੇ ਸਵਾਲ ਵੀ ਮੁੜ ਉੱਠਣ ਲੱਗੇ ਹਨ।