- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ-ਅਕਾਲੀ ਦਲ ਦਾ ਗੱਠਜੋੜ ਪੰਜਾਬ ਦੇ ਵਿਕਾਸ, ਖੁਸ਼ਹਾਲੀ ਤੇ ਨਵੀਂ ਤਰੱਕੀ ਦੇ ਰਾਹ ਖੋਲ੍ਹੇਗਾ : ਪ੍ਰਦੀਪ ਖੁੱਲਰ

-ਸੀਨੀਅਰ ਲੀਡਰਸ਼ਿਪ ਦਾ ਕੀਤਾ ਧੰਨਵਾਦ, ਸਮੂਹ ਵਰਕਰਾਂ ਨੂੰ ਦਿੱਤੀ ਵਧਾਈ ਤੇ ਸ਼ੁਭਕਾਮਨਾਵਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੋਏ ਗੱਠਜੋੜ ਦਾ ਸਵਾਗਤ ਕਰਦਿਆਂ ਭਾਜਪਾ ਮੰਡਲ ਪ੍ਰਧਾਨ ਪ੍ਰਦੀਪ ਖੁੱਲਰ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ ਸੁਨਹਿਰੀ ਭਵਿੱਖ, ਵਿਕਾਸ ਤੇ ਖੁਸ਼ਹਾਲੀ ਲਈ ਨਵੀਂ ਦਿਸ਼ਾ ਤੈਅ ਕਰੇਗਾ। ਖੁੱਲਰ ਨੇ ਭਾਜਪਾ ਦੀ ਸੂਬਾਈ ਤੇ ਕੌਮੀ ਲੀਡਰਸ਼ਿਪ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਦੇ ਹਿੱਤ ’ਚ ਇਕ ਹਾਂ-ਪੱਖੀ ਕਦਮ ਹੈ। ਇਸ ਗੱਠਜੋੜ ਨਾਲ ਪੰਜਾਬ ’ਚ ਆਪਸੀ ਭਾਈਚਾਰੇ, ਸਮਾਜਿਕ ਏਕਤਾ ਤੇ ਸਦਭਾਵਨਾ ਨੂੰ ਹੋਰ ਮਜ਼ਬੂਤੀ ਮਿਲੇਗੀ। ਅੱਜ ਪੰਜਾਬ ਨੂੰ ਅਜਿਹੀ ਮਜ਼ਬੂਤ ਲੀਡਰਸ਼ਿਪ ਤੇ ਸਕਾਰਾਤਮਕ ਸੋਚ ਦੀ ਲੋੜ ਹੈ, ਜੋ ਸੂਬੇ ਨੂੰ ਨਸ਼ਾ ਮੁਕਤ, ਬੇਰੁਜ਼ਗਾਰੀ ਮੁਕਤ ਤੇ ਗੈਂਗਸਟਰਵਾਦ ਤੋਂ ਮੁਕਤ ਬਣਾਉਣ ਲਈ ਗੰਭੀਰਤਾ ਨਾਲ ਯਤਨ ਕਰੇ। ਦੀਪ ਖੁੱਲਰ ਨੇ ਭਾਜਪਾ ਤੇ ਅਕਾਲੀ ਦਲ ਦੇ ਸਮੂਹ ਵਰਕਰਾਂ ਨੂੰ ਇਸ ਨਵੀਂ ਸਿਆਸੀ ਪਹਿਲਕਦਮੀ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਵਰਕਰ ਕਿਸੇ ਵੀ ਸੰਗਠਨ ਦੀ ਅਸਲ ਤਾਕਤ ਹੁੰਦੇ ਹਨ। ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਆਪਸੀ ਤਾਲਮੇਲ, ਇਕਜੁੱਟਤਾ ਤੇ ਸਮਰਪਣ ਦੀ ਭਾਵਨਾ ਨਾਲ ਪੰਜਾਬ ਦੀ ਤਰੱਕੀ ਤੇ ਲੋਕ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਅੰਤ ’ਚ ਉਨ੍ਹਾਂ ਕਿਹਾ ਕਿ ਸਾਡਾ ਸੰਕਲਪ ਖੁਸ਼ਹਾਲ, ਸੁਰੱਖਿਅਤ, ਨਸ਼ਾ ਮੁਕਤ, ਰੁਜ਼ਗਾਰ ਯੁਕਤ ਤੇ ਭਾਈਚਾਰਕ ਸਾਂਝ ਵਾਲਾ ਪੰਜਾਬ ਬਣਾਉਣਾ ਹੈ।