ਏਜੀਆਈ ਇੰਫਰਾ ਦੇ ਹਾਕੀ ਲਈ ਉਪਰਾਲਿਆਂ ਦੀ ਪ੍ਰਸ਼ੰਸਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 04 Apr 2026 06:59 PM (IST)
Updated Date: Sat, 04 Apr 2026 07:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਿੱਠਾਪੁਰ ਹਾਕੀ ਸਟੇਡੀਅਮ ’ਚ ਕਰਵਾਈ ਗਈ ਹਾਕੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਹਾਕੀ ਐਸੋਸੀਏਸ਼ਨ ਦੇ ਅਧਿਕਾਰੀਆਂ, ਦਿੱਗਜਾਂ ਤੇ ਸਾਬਕਾ ਓਲੰਪੀਅਨਾਂ ਨੇ ਏਜੀਆਈ ਇੰਫਰਾ ਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਵੱਲੋਂ ਖੇਡਾਂ ਦੇ ਪ੍ਰਚਾਰ ਤੇ ਵਿਕਾਸ ਲਈ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਸੁਖਦੇਵ ਸਿੰਘ ਨੇ ਯੂਥ ਸਪੋਰਟਸ ਕਲੱਬ ਮਿੱਠਾਪੁਰ ਤੇ ਪੰਜਾਬ ਹਾਕੀ ਐਸੋਸੀਏਸ਼ਨ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਲਈ ਇਸ ਚੈਂਪੀਅਨਸ਼ਿਪ ਦਾ ਬਹੁਤ ਹੀ ਸਫਲ ਪ੍ਰਬੰਧ ਕੀਤਾ ਹੈ। ਯੂਥ ਸਪੋਰਟਸ ਕਲੱਬ ਮਿੱਠਾਪੁਰ ਪਿੰਡ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ’ਚ ਲੈ ਕੇ ਜਾ ਰਿਹਾ ਹੈ ਤੇ 100 ਤੋਂ ਵੱਧ ਖਿਡਾਰੀਆਂ ਦੀ ਹਾਕੀ ਅਕੈਡਮੀ ਚਲਾ ਰਿਹਾ ਹੈ।
ਅੰਤਰਰਾਸ਼ਟਰੀ ਖੇਡ ਪ੍ਰਬੰਧਕ ਸੁਰਿੰਦਰ ਭਾਂਬਰੀ ਜੋ ਏਜੀਆਈ ਇੰਫਰਾ ਤੇ ਸੁਖਦੇਵ ਸਿੰਘ ਵੱਲੋਂ ਸਮਾਗਮ ਵਿਚ ਸ਼ਾਮਲ ਹੋਏ, ਨੇ ਵੀ ਪੰਜਾਬ ਹਾਕੀ ਐਸੋਸੀਏਸ਼ਨ ਅਤੇ ਯੂਥ ਸਪੋਰਟਸ ਕਲੱਬ ਮਿੱਠਾਪੁਰ ਦੇ ਉਪਰਾਲਿਆਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਨੂੰ ਮਿਲ ਰਹੇ ਪੂਰੇ ਸਹਿਯੋਗ ਨੂੰ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿੰਡ ’ਚ ਕਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਓਲੰਪੀਅਨ ਤਿਆਰ ਹੋਏ ਹਨ, ਜਿਨ੍ਹਾਂ ’ਚ ਪਦਮ ਸ੍ਰੀ ਪਰਗਟ ਸਿੰਘ, ਭਾਰਤੀ ਹਾਕੀ ਦੇ ਕੈਪਟਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਸਵਰੂਪ ਸਿੰਘ ਤੇ ਕੁਲਵੰਤ ਸਿੰਘ ਸ਼ਾਮਲ ਹਨ।
ਇਸ ਮੌਕੇ ਮੁੱਖ ਮਹਿਮਾਨ ਪਰਗਟ ਸਿੰਘ ਨਾਲ ਸੁਰਿੰਦਰ ਭਾਂਬਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਭੰਬਰੀ ਨੇ ਭਰੋਸਾ ਦਿਵਾਇਆ ਕਿ ਏਜੀਆਈ ਇੰਫਰਾ, ਸੁਖਦੇਵ ਸਿੰਘ ਦੀ ਅਗਵਾਈ ’ਚ ਯੂਥ ਸਪੋਰਟਸ ਕਲੱਬ ਮਿੱਠਾਪੁਰ ਦੇ ਉਪਰਾਲਿਆਂ ਨੂੰ ਹਮੇਸ਼ਾ ਹਮਾਇਤ ਦੇਵੇਗੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੇ ਪ੍ਰਚਾਰ ਨੂੰ ਆਪਣਾ ਮਿਸ਼ਨ ਬਣਾਈ ਰੱਖਣਗੇ।
ਹਿੱਸਾ ਲੈਣ ਵਾਲੀਆਂ ਤੇ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਪਦਮਸ੍ਰੀ ਪਰਗਟ ਸਿੰਘ, ਐਸੋਸੀਏਸ਼ਨ ਦੇ ਸਕੱਤਰ ਅਮਰੀਕ ਸਿੰਘ ਤੇ ਸੁਰਿੰਦਰ ਭਾਂਬਰੀ।