- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੱਲ ਦੇ ਬੀਜੇਪੀ ’ਚ ਜਾਣ ਮਗਰੋਂ ਬਾਵਾ ਨੇ ਕੱਸਿਆ ਤੰਜ ‘ਹੁਣ ਕਿਹੜੀ ਪਾਰਟੀ ਬਾਕੀ ਰਹਿ ਗਈ?’

ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਜਲੰਧਰ ਨਾਰਥ ਦੀ ਸਿਆਸਤ ’ਚ ਉਸ ਵੇਲੇ ਵੱਡਾ ਸਿਆਸੀ ਧਮਾਕਾ ਹੋਇਆ ਜਦੋਂ ਸਾਬਕਾ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਦਾਮਨ ਫੜ ਲਿਆ। ਢੱਲ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਹੁਣ ਕਾਂਗਰਸ ਦੇ ਜਲੰਧਰ ਨਾਰਥ ਤੋਂ ਵਿਧਾਇਕ ਬਾਵਾ ਹੈਨਰੀ ਨੇ ਉਨ੍ਹਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਬਾਵਾ ਹੈਨਰੀ ਨੇ ਭਾਜਪਾ ’ਤੇ ਤੰਜ ਕੱਸਦਿਆਂ ਕਿਹਾ ਕਿ “ਜਿਸ ਨੂੰ ਕੋਈ ਨਹੀਂ ਸੰਭਾਲਦਾ, ਉਸ ਨੂੰ ਭਾਜਪਾ ਸੰਭਾਲ ਲੈਂਦੀ ਹੈ।” ਉਨ੍ਹਾਂ ਦਿਨੇਸ਼ ਢੱਲ ਦੇ ਸਿਆਸੀ ਸਫ਼ਰ ’ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ’ਚ ਸ਼ਾਇਦ ਹੀ ਕੋਈ ਅਜਿਹੀ ਪਾਰਟੀ ਛੱਡੀ ਹੋਵੇ, ਜਿਸ ’ਚ ਉਹ ਸ਼ਾਮਲ ਨਾ ਹੋਏ ਹੋਣ। ਬਾਵਾ ਨੇ ਕਿਹਾ ਕਿ ਕਰੀਬ ਪੰਜ ਹਫ਼ਤੇ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਵੱਲੋਂ ਦਿਨੇਸ਼ ਢੱਲ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਬਾਵਾ ਨੇ ਵਿਅੰਗ ਕਰਦਿਆਂ ਕਿਹਾ ਕਿ “ਹੁਣ ਸਾਰੀਆਂ ਵੱਡੀਆਂ ਪਾਰਟੀਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸ਼ਾਇਦ ਅਗਲਾ ਪੜਾਅ ਸਮਾਜਵਾਦੀ ਪਾਰਟੀ ਜਾਂ ਤਾਮਿਲਨਾਡੂ ਦੀ ਕਿਸੇ ਪਾਰਟੀ ਵੱਲ ਹੋਵੇ।” ਉਨ੍ਹਾਂ ਦਾ ਇਹ ਤੰਜ ਸਿੱਧੇ ਤੌਰ ‘ਤੇ ਦਿਨੇਸ਼ ਢੱਲ ਦੀ ਲਗਾਤਾਰ ਪਾਰਟੀ ਬਦਲਣ ਵਾਲੀ ਸਿਆਸਤ ਵੱਲ ਇਸ਼ਾਰਾ ਕਰਦਾ ਨਜ਼ਰ ਆਇਆ।