- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਰਤਨ ਦੂਆ ਪ੍ਰਧਾਨ ਅਤੇ ਅਮਰਿੰਦਰ ਸਿੰਘ ਥਿੰਦ ਸਕੱਤਰ ਚੁਣੇ ਗਏ

ਭੱਲਾ(03)
ਚੋਣ ਆਬਜ਼ਰਵਰ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਨਾਲ ਹਨ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਚੋਣ ਅਧਿਕਾਰੀ ਤੇਜਿੰਦਰ ਸਿੰਘ ਧਾਲੀਵਾਲ ਅਤੇ ਹੋਰ|
ਭੱਲਾ(04)
ਚੋਣ ਅਧਿਕਾਰੀ ਐਡਵੋਕੇਟ ਸੰਜੀਵ ਬਾਂਸਲ 97 ਸਾਲ ਦੇ ਵੋਟਰ ਐਡਵੋਕੇਟ ਦੇਵ ਵਰਤ ਸ਼ਰਮਾ ਨੂੰ ਬੂਥ ਤੱਕ ਲੈ ਕੇ ਜਾਂਦੇ ਹੋਏ|
ਭੱਲਾ(05)
ਚੋਣ ਅਧਿਕਾਰੀ ਐਡਵੋਕੇਟ ਸੰਜੀਵ ਬਾਂਸਲ ਚੱਲਣ ’ਚ ਅਸਮਰਥ ਐਡਵੋਕੇਟ ਗਿਰੀਸ਼ ਕੁਮਾਰ ਨੂੰ ਬੂਥ ਤੱਕ ਲੈ ਕੇ ਜਾਂਦੇ ਹੋਏ|
ਭੱਲਾ(06)
ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ ਵੋਟ ਪਾਉਂਦੇ ਹੋਏ ਨਾਲ ਹਨ ਚੋਣ ਅਧਿਕਾਰੀ ਸਤਨਾਮ ਸਿੰਘ ਹੁੰਦਲ ਅਤੇ ਹੋਰ|
ਭੱਲਾ(07)
ਭਾਜਪਾ ਦੇ ਸਾਬਕਾ ਕੈਬਿਨੇਟ ਮਨੋਰੰਜਨ ਕਾਲੀਆ ਵੋਟ ਪਾ ਕੇ ਬਾਹਰ ਆਉਂਦੇ ਹੋਏ ਨਾਲ ਹਨ ਐਡਵੋਕੇਟ ਰਾਜ ਕੁਮਾਰ ਭੱਲਾ, ਤੇਜਿੰਦਰ ਸਿੰਘ ਧਾਲੀਵਾਲ, ਕਰਨ ਕਾਲੀਆ, ਅਜੇ ਟੰਡਨ ਅਤੇ ਹੋਰ|
ਭੱਲਾ(08)
ਸਾਬਕਾ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਵੋਟ ਕਰਦੇ ਹੋਏ ਨਾਲ ਹਨ ਚੋਣ ਅਧਿਕਾਰੀ ਸਤਨਾਮ ਸਿੰਘ ਹੁੰਦਲ|
ਭੱਲਾ(09)
ਚੋਣ ਅਧਿਕਾਰੀ ਬਲਵਿੰਦਰ ਸਿੰਘ ਲੱਕੀ ਵੋਟ ਪਾਉਂਦੇ ਹੋਏ|
* 3399 ’ਚੋਂ 2120 ਵਕੀਲ ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ
ਚੰਦੀਪ ਭੱਲਾ, ਪੰਜਾਬੀ ਜਾਗਰਣ
ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 2026-27 ਦੀਆਂ ਚੋਣਾਂ ਲਈ ਅੱਜ ਵੋਟਾਂ ਪਾਉਣ ਦਾ ਕੰਮ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਸੰਪੰਨ ਹੋਇਆ ਤੇ ਦੇਰ ਸ਼ਾਮ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਗਿਆ। ਅੱਜ ਸਵੇਰੇ 8 ਵਜੇ ਤੋਂ ਹੀ ਇਨ੍ਹਾਂ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਤੇ 11.30 ਵਜੇ ਤੱਕ ਹੀ ਤਕਰੀਬਨ 700 ਤੇ ਦੁਪਹਿਰ ਡੇਢ ਵਜੇ ਤੱਕ ਤਕਰੀਬਨ 1100 ਵਕੀਲ ਮੈਂਬਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਸਨ ਤੇ ਸ਼ਾਮ 4 ਵਜੇ ਵੋਟਿੰਗ ਖ਼ਤਮ ਹੋਣ ਤੱਕ ਕੁੱਲ 3399 ਵੋਟਰਾਂ ’ਚੋਂ 2120 ਵਕੀਲ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਤੇ 1279 ਵਕੀਲਾਂ ਨੇ ਵੋਟ ਹੀ ਨਹੀਂ ਪਾਈ। ਦੇਰ ਸ਼ਾਮ ਚੋਣ ਅਧਿਕਾਰੀਆਂ ਐਡਵੋਕੇਟ ਸੰਜੀਵ ਬਾਂਸਲ, ਤੇਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਲੱਕੀ, ਸਤਨਾਮ ਸਿੰਘ ਹੁੰਦਲ ਤੇ ਹੋਰਨਾਂ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਚੋਣਾਂ ਲਈ ਪ੍ਰਧਾਨ ਅਹੁਦੇ ਲਈ ਤਿੰਨ ਉਮੀਦਵਾਰ ਐਡਵੋਕੇਟ ਰਤਨ ਦੂਆ, ਤਰਸੇਮ ਸਿੰਘ ਟਾਕ ਤੇ ਰਜਿੰਦਰ ਕੁਮਾਰ ਚੋਣ ਮੈਦਾਨ ’ਚ ਸਨ ਤੇ ਇਨ੍ਹਾਂ ਵਿਚੋਂ ਐਡਵੋਕੇਟ ਰਤਨ ਦੂਆ ਨੇ ਸਭ ਤੋਂ ਵੱਧ 1703 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਤੇ ਰਜਿੰਦਰ ਕੁਮਾਰ ਨੂੰ 124 ਤੇ ਤਰਸੇਮ ਸਿੰਘ ਟਾਕ ਨੂੰ 256 ਵੋਟਾਂ ਹੀ ਹਾਸਲ ਹੋ ਸਕੀਆਂ।
ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਤੇ ਐਡਵੋਕੇਟ ਰਾਕੇਸ਼ ਧੀਰ ਵਿਚਕਾਰ ਮੁਕਾਬਲਾ ਸੀ ਤੇ ਅਮਰਿੰਦਰ ਸਿੰਘ ਥਿੰਦ ਨੇ ਰਾਕੇਸ਼ ਧੀਰ ਨੂੰ ਪਈਆਂ 846 ਵੋਟਾਂ ਮੁਕਾਬਲੇ 1245 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਸੀਨੀਅਰ ਮੀਤ ਪ੍ਰਧਾਨ ਅਹੁਦੇ ਲਈ ਐਡਵੋਕੇਟ ਕੁਨਾਲ ਗੋਇਲ ਤੇ ਸੰਨੀ ਕੁਮਾਰ ਵਿਚਕਾਰ ਮੁਕਾਬਲਾ ਸੀ ਤੇ ਕੁਨਾਲ ਗੋਇਲ ਨੇ 1062 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ ਸੰਨੀ ਕੁਮਾਰ ਨੂੰ 998 ਵੋਟਾਂ ਹਾਸਲ ਹੋਈਆਂ। ਜੂਨੀਅਰ ਮੀਤ ਪ੍ਰਧਾਨ ਅਹੁਦੇ ਲਈ ਵੀ ਤਿੰਨ ਉਮੀਦਵਾਰਾਂ ’ਚ ਟੱਕਰ ਸੀ ਤੇ ਇਸ ਅਹੁਦੇ ਲਈ ਐਡਵੋਕੇਟ ਹਰਮਨਪ੍ਰੀਤ ਸਿੰਘ ਜੌਹਲ, ਐਡਵੋਕੇਟ ਪ੍ਰਦੀਪ ਕੁਮਾਰ ਸ਼ਰਮਾ, ਐਡਵੋਕੇਟ ਰੌਬਿਨ ਸੇਠੀ ਚੋਣ ਮੈਦਾਨ ’ਚ ਸਨ ਤੇ ਰੌਬਿਨ ਸੇਠੀ ਨੇ ਸੱਭ ਤੋਂ ਵੱਧ 876 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦਕਿ ਹਰਮਨਪ੍ਰੀਤ ਸਿੰਘ ਜੌਹਲ ਨੂੰ 597 ਤੇ ਪ੍ਰਦੀਪ ਕੁਮਾਰ ਸ਼ਰਮਾ ਨੂੰ 572 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਮੀਤ ਪ੍ਰਧਾਨ ਅਹੁਦੇ ਲਈ ਇਸ ਵਾਰ ਮੁਕਾਬਲਾ ਮਹਿਲਾ ਵਕੀਲਾਂ ’ਚ ਸੀ ਤੇ ਇਸ ਅਹੁਦੇ ਲਈ ਦੋ ਮਹਿਲਾ ਵਕੀਲ ਛਾਇਆ ਖੁੱਲਰ ਤੇ ਸੁਦੇਸ਼ ਕੁਮਾਰੀ ਚੋਣ ਮੈਦਾਨ ’ਚ ਸਨ ਤੇ ਸੁਦੇਸ਼ ਕੁਮਾਰੀ ਨੇ 1319 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ ਛਾਇਆ ਖੁੱਲਰ ਨੂੰ 692 ਵੋਟਾਂ ਮਿਲੀਆਂ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸੇ ਤਰ੍ਹਾਂ ਹੀ ਸਹਾਇਕ ਸਕੱਤਰ ਦੇ ਅਹੁਦੇ ਲਈ ਵੀ ਦੋ ਮਹਿਲਾਂ ਉਮੀਦਵਾਰਾਂ ਐਡਵੋਕੇਟ ਮਧੂ ਬਾਲਾ ਸ਼ਰਮਾ ਤੇ ਐਡਵੋਕੇਟ ਰਵੀਨਾ ਸੇਠੀ ਵਿਚਕਾਰ ਮੁਕਾਬਲਾ ਸੀ ਤੇ ਰਵੀਨਾ ਸੇਠੀ ਨੇ 1125 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਤੇ ਮਧੂ ਬਾਲਾ ਸ਼ਰਮਾ ਨੂੰ 936 ਵੋਟਾਂ ਹੀ ਮਿਲ ਸਕੀਆਂ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਯੁੰਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਧੀਰਜ ਕੁਮਾਰ ਭਗਤ ਤੇ ਐਡਵੋਕੇਟ ਕ੍ਰਿਸ਼ਨ ਕੁਮਾਰ ਸ਼ਰਮਾ ਵਿਚਕਾਰ ਮੁਕਾਬਲਾ ਸੀ ਤੇ ਧੀਰਜ ਕੁਮਾਰ ਭਗਤ ਨੇ 1127 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ ਕ੍ਰਿਸ਼ਨ ਕੁਮਾਰ ਸ਼ਰਮਾ ਨੂੰ 897 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰ ਲਈ 12 ਉਮੀਦਵਾਰ ਚੋਣ ਮੈਦਾਨ ’ਚ ਸਨ ਜਿਨ੍ਹਾਂ ਵਿਚੋਂ 10 ਉਮੀਦਵਾਰ ਜੇਤੂ ਚੁਣੇ ਗਏ। ਜੇਤੂ ਉਮੀਦਵਾਰਾਂ ’ਚ ਐਡਵੋਕੇਟ ਅਨੂੰ ਸੋਢੀ (1091), ਅਪੁਰਵਾ ਬਖ਼ਸ਼ੀ (1215), ਐਰਿਕ ਕੁਮਾਰ (968 ), ਬਲਵਿੰਦਰ ਕੌਰ (959), ਮਾਨਵੀ ਉੱਪਲ (963), ਮੋਹਿਤ ਸੇਪਲਾ (908), ਨਵਨੀਤ ਕੌਰ (1044), ਰੋਹਿਤ ਮਸੀਹ (878), ਰੋਹਨ ਕਾਂਤ (1144) ਤੇ ਤੇਜਿੰਦਰ ਸਿੰਘ (98) ਹਨ ਤੇ ਅਸ਼ਵਨੀ ਦਾਦਰਾ ਤੇ ਹਿਤੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਨ੍ਹਾਂ ’ਚੋਂ ਅਸ਼ਵਨੀ ਦਾਦਰਾ ਨੂੰ (824 ) ਅਤੇ ਹਿਤੇਨ ਨੂੰ (876 ) ਵੋਟਾਂ ਹਾਸਲ ਹੋਈਆਂ।
----------------------
ਸੀਨੀਅਰ ਸਿਟੀਜ਼ਨ ਵਕੀਲ ਵੋਟਰਾਂ ਲਈ ਕੀਤੇ ਗਏ ਸਨ ਖ਼ਾਸ ਪ੍ਰਬੰਧ
ਬਜ਼ੁਰਗ ਤੇ ਚੱਲਣ ਤੋਂ ਅਸਮਰਥ ਵਕੀਲਾਂ ਨੂੰ ਵੋਟ ਪਾਉਣ ਲਈ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਚੋਣ ਅਧਿਕਾਰੀਆਂ ਵੱਲੋਂ ਹਰ ਤਰੀਕੇ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ ਤੇ ਚੋਣ ਆਬਜ਼ਰਵਰ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਤੇ ਐਡਵੋਕੇਟ ਪਰਮਿੰਦਰ ਸਿੰਘ ਢਿੱਲੋਂ ਵੀ ਪੂਰੀ ਤਰ੍ਹਾਂ ਮੁਸਤੈਦੀ ਨਾਲ ਨਜ਼ਰ ਰੱਖੀ ਬੈਠੇ ਰਹੇ। ਬਜ਼ੁਰਗ ਅਤੇ ਡਿਸਏਬਲ ਵਕੀਲਾਂ ਨੂੰ ਵੋਟਿੰਗ ਬੂਥ ਤੱਕ ਲਿਜਾਉਣ ਲਈ ਚੋਣ ਅਧਿਕਾਰੀ ਐਡਵੋਕੇਟ ਸੰਜੀਵ ਬਾਂਸਲ ਆਪ ਅੱਗੇ ਹੋ ਕੇ ਸਾਰਾ ਕੰਮ ਕਰੇ ਰਹੇ ਸਨ। ਚੋਣ ਅਧਿਕਾਰੀ ਸੰਜੀਵ ਬਾਂਸਲ 97 ਸਾਲ ਦੇ ਬਜ਼ੁਰਗ ਵਕੀਲ ਦੇਵ ਵਰਤ ਸ਼ਰਮਾ ਤੇ ਚੱਲਣ ’ਚ ਅਸਮਰਥ ਗਿਰੀਸ਼ ਕੁਮਾਰ ਨੂੰ ਆਪ ਬੂਥ ਤੱਕ ਲੈ ਕੇ ਗਏ।
ਜਿੱਤ ਤੋਂ ਬਾਅਦ ਵਕੀਲਾਂ ਨੇ ਢੋਲ ਦੀ ਥਾਪ ’ਤੇ ਪਾਏ ਭੰਗੜੇ
ਜਿਵੇਂ ਹੀ ਚੋਣ ਅਧਿਕਾਰੀਆਂ ਵੱਲੋਂ ਚੋਣ ਨਤੀਜੇ ਐਲਾਨੇ ਗਏ ਤਾਂ ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਢੋਲ ਦੀ ਥਾਪ ’ਤੇ ਖੂਬ ਭੰਗੜੇ ਪਾਏ ਤੇ ਲੱਡੂ ਵੰਡੇ ਤੇ ਨਾਲ ਹੀ ਜੇਤੂ ਉਮੀਦਵਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਭੰਗੜੇ ਪਾਉਂਦੇ ਹੋਏ ਘਰਾਂ ਤੱਕ ਛੱਡ ਕੇ ਆਏ ਤੇ ਜਿੱਤ ਦਾ ਜਸ਼ਨ ਮਨਾਇਆ।
---------------------------
ਇਨ੍ਹਾਂ ਵੀਆਈਪੀ ਵੋਟਰ ਨੇ ਪਾਈ ਵੋਟ
ਅੱਜ ਜਿੱਥੇ ਇਕ ਪਾਸੇ ਬਾਰ ਦੇ ਸਾਬਕਾ ਪ੍ਰਧਾਨਾਂ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਬਲਵਿੰਦਰ ਸਿੰਘ ਲੱਕੀ, ਗੁਰਮੇਲ ਸਿੰਘ ਲਿੱਧੜ, ਕਰਮਪਾਲ ਸਿੰਘ ਗਿੱਲ, ਸਾਬਕਾ ਸਹਾਇਕ ਸਕੱਤਰ ਤੇ ਵਡਾਲਾ ਪਿੰਡ ਦੀ ਸਰਪੰਚ ਸੰਗੀਤਾ ਰਾਣੀ ਸੋਨੀ ਨੇ ਵੋਟ ਪਾਈ ਉੱਥੇ ਨਾਲ ਹੀ ਦੂਜੇ ਪਾਸੇ ਵੀਆਈਪੀ ਵੋਟਰਾਂ ’ਚ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਕਾਂਗਰਸ ਦੇ ਸਾਬਕਾ ਸਾਂਸਦ ਮਹਿੰਦਰ ਸਿੰਘ ਕੇਪੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਪੁਲਿਸ ਅਧਿਕਾਰੀ ਉਪਿੰਦਰ ਸਿੰਘ ਘੁੰਮਣ, ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।