
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਡਵੋਕੇਟ ਫ਼ਾਰ ਫਾਰਮਰਜ਼ ਐਂਡ ਲੇਬਰਰਜ਼ ਪੰਜਾਬ ਬੰਦ ਦਾ ਸਮਰਥਨ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਐਡਵੋਕੇਟ ਫ਼ਾਰ ਫਾਰਮਰਜ਼ ਐਂਡ ਲੇਬਰਰਜ਼ ਦੇ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਤੇ ਜਨਰਲ ਸਕੱਤਰ ਐਡਵੋਕੇਟ ਰਾਜੂ ਅੰਬੇਡਕਰ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦਾ ਸੰਪੂਰਨ ਸਮਰਥਨ ਕਰਦਿਆਂ ਕੇਂਦਰ ਤੇ ਸਬੰਧਤ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਲੰਮੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਹੋਰ ਪੈਂਡਿੰਗ ਕਾਨੂੰਨੀ ਮਾਮਲਿਆਂ ਦਾ ਬਿਨਾਂ ਹੋਰ ਦੇਰੀ ਨਿਪਟਾਰਾ ਕੀਤਾ ਜਾਵੇ। ਜਨਰਲ ਸਕੱਤਰ ਐਡਵੋਕੇਟ ਰਾਜੂ ਅੰਬੇਡਕਰ ਨੇ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਬਜਾਏ ਗੱਲਬਾਤ ਤੇ ਸੰਵਿਧਾਨਕ ਰਾਹ ਅਪਣਾ ਕੇ ਇਸ ਲੰਬੇ ਸਮੇਂ ਤੋਂ ਲਟਕਦੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਜਥੇਬੰਦੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 21 ਅਗਸਤ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ, ਲੋਕਤੰਤਰਿਕ ਤੇ ਕਾਨੂੰਨ ਦੇ ਦਾਇਰੇ ’ਚ ਰੱਖਿਆ ਜਾਵੇ ਤੇ ਐਂਬੂਲੈਂਸਾਂ, ਮਰੀਜ਼ਾਂ, ਦਵਾਈਆਂ ਤੇ ਹੋਰ ਐਮਰਜੈਂਸੀ ਸੇਵਾਵਾਂ ’ਚ ਕਿਸੇ ਕਿਸਮ ਦੀ ਰੁਕਾਵਟ ਨਾ ਪਾਈ ਜਾਵੇ। ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ, “ਕਾਨੂੰਨ ਦੀ ਤੱਕੜੀ ਧਰਮ, ਖੇਤਰ ਜਾਂ ਪਛਾਣ ਦੇਖ ਕੇ ਵੱਖਰੀ ਨਹੀਂ ਹੋ ਸਕਦੀ। ਜੇ ਕਾਨੂੰਨ ਤੇ ਸਰਕਾਰੀ ਨੀਤੀ ਅਨੁਸਾਰ ਕੋਈ ਬੰਦੀ ਸਿੰਘ ਰਿਹਾਈ ਲਈ ਯੋਗ ਹੈ ਤਾਂ ਉਸ ਦੇ ਮਾਮਲੇ ਦਾ ਬਿਨਾਂ ਭੇਦਭਾਵ ਅਤੇ ਬਿਨਾਂ ਬੇਲੋੜੀ ਦੇਰੀ ਦੇ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ।